ਨਵੀਂ ਦਿੱਲੀ – ਭਾਰਤ ਵਿੱਚ ਦਵਾਈਆਂ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੀ ਸੰਸਥਾ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਸਤੰਬਰ 2026 ਦੀ ਰਿਪੋਰਟ ਅਨੁਸਾਰ, ਕੁੱਲ 330 ਦਵਾਈਆਂ ਦੇ ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਨ੍ਹਾਂ ਵਿੱਚੋਂ ਇੱਕ ਦਵਾਈ ਦਾ ਨਮੂਨਾ ਦਿੱਲੀ ਵਿੱਚ ਨਕਲੀ ਪਾਇਆ ਗਿਆ।
ਰਿਪੋਰਟ ਮੁਤਾਬਕ, ਕੇਂਦਰੀ ਦਵਾਈ ਜਾਂਚ ਲੈਬਾਰਟਰੀਆਂ ਵਿੱਚ 42 ਨਮੂਨੇ, ਜਦਕਿ ਸੂਬਾਈ ਦਵਾਈ ਜਾਂਚ ਲੈਬਾਰਟਰੀਆਂ ਵਿੱਚ 288 ਨਮੂਨੇ ਗੁਣਵੱਤਾ ਦੀ ਜਾਂਚ ਵਿੱਚ ਅਸਫਲ ਰਹੇ। ਇਨ੍ਹਾਂ ਨਮੂਨਿਆਂ ਨੂੰ ਨੌਟ ਆਫ ਸਟੈਂਡਰਡ ਕੁਆਲਿਟੀ (NSQ) ਯਾਨੀ ਨਿਰਧਾਰਤ ਗੁਣਵੱਤਾ ਮਾਪਦੰਡਾਂ ਤੋਂ ਘੱਟ ਦਰਜੇ ਦਾ ਐਲਾਨਿਆ ਗਿਆ। ਇਸ ਦਾ ਮਤਲਬ ਹੈ ਕਿ ਜਾਂਚ ਦੌਰਾਨ ਇਹ ਦਵਾਈਆਂ ਇੱਕ ਜਾਂ ਵੱਧ ਗੁਣਵੱਤਾ ਮਾਪਦੰਡਾਂ ’ਤੇ ਖਰੀਆਂ ਨਹੀਂ ਉਤਰੀਆਂ। CDSCO ਨੇ ਸਪੱਸ਼ਟ ਕੀਤਾ ਕਿ ਜਾਂਚ ਦੇ ਨਤੀਜੇ ਸਬੰਧਤ ਬੈਚ ਦੇ ਨਮੂਨਿਆਂ ’ਤੇ ਆਧਾਰਿਤ ਹਨ। ਇਸ ਲਈ ਇਹ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਉਸੇ ਦਵਾਈ ਦੇ ਬਾਜ਼ਾਰ ਵਿੱਚ ਮੌਜੂਦ ਸਾਰੇ ਬੈਚ ਘਟੀਆ ਗੁਣਵੱਤਾ ਦੇ ਹਨ।
ਦਿੱਲੀ ਵਿੱਚ ਦਵਾਈ ਦਾ ਨਮੂਨਾ ਨਕਲੀ ਮਿਲਿਆ
ਰਿਪੋਰਟ ਵਿੱਚ ਦਿੱਲੀ ਵਿੱਚ ਇੱਕ ਦਵਾਈ ਦਾ ਨਮੂਨਾ ਨਕਲੀ ਪਾਏ ਜਾਣ ਦਾ ਵੀ ਜ਼ਿਕਰ ਹੈ। ਜਾਂਚ ਮੁਤਾਬਕ, ਇਹ ਦਵਾਈ ਇੱਕ ਅਣਅਧਿਕਾਰਤ ਨਿਰਮਾਤਾ ਵੱਲੋਂ ਬਣਾਈ ਗਈ ਸੀ, ਜਿਸ ਨੇ ਕਿਸੇ ਹੋਰ ਕੰਪਨੀ ਦੇ ਮਲਕੀਅਤ ਵਾਲੇ ਬ੍ਰਾਂਡ ਨਾਮ ਦੀ ਵਰਤੋਂ ਕੀਤੀ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੰਧਤ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। CDSCO ਸੂਬਾਈ ਦਵਾਈ ਰੈਗੂਲੇਟਰਾਂ ਨਾਲ ਮਿਲ ਕੇ ਬਾਜ਼ਾਰ ਵਿੱਚ ਵਿਕਣ ਵਾਲੀਆਂ ਦਵਾਈਆਂ ਦੀ ਨਿਯਮਿਤ ਜਾਂਚ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਘਟੀਆ ਗੁਣਵੱਤਾ ਅਤੇ ਨਕਲੀ ਦਵਾਈਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚੋਂ ਹਟਾਉਣ ਲਈ ਲੋੜੀਂਦੇ ਕਦਮ ਚੁੱਕਣਾ ਹੈ। ਮਰੀਜ਼ਾਂ ਨੂੰ ਆਪਣੀ ਦਵਾਈ ਬਾਰੇ ਸ਼ੱਕ ਹੋਣ ’ਤੇ ਡਾਕਟਰ ਜਾਂ ਫਾਰਮਾਸਿਸਟ ਨਾਲ ਸਲਾਹ ਕਰਨੀ ਚਾਹੀਦੀ ਹੈ।
