ਲਖਨਊ – ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਹੁਣ ਜ਼ਬਰਦਸਤ ਸਿਆਸਤ ਵੀ ਹੋ ਰਹੀ ਹੈ। ਇਸ ਮਾਮਲੇ ਦਾ ਸਿਆਸੀ ਫਾਇਦਾ ਲੈਣ ਲਈ ਫਿਲਹਾਲ ਸਾਰੇ ਸਿਆਸੀ ਆਗੂ ਲਖੀਮਪੁਰ ਖੀਰੀ ਪਹੁੰਚ ਰਹੇ ਹਨ। ਹੁਣ ਤੋਂ ਕੁਝ ਦੇਰ ਪਹਿਲਾਂ ਸੀਤਾਪੁਰ ‘ਚ ਬੀਤੇ 36 ਘੰਟਿਆਂ ਤੋਂ ਨਜ਼ਰਬੰਦ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੀਤਾਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਿਅੰਕਾ ਵਾਡਰਾ ‘ਤੇ ਧਾਰਾ 144 ਦੀ ਉਲੰਘਣਾ ਅਤੇ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ ਲਗਾਈਆਂ ਹਨ। ਪ੍ਰਿਅੰਕਾ ਵਾਡਰਾ ਨੂੰ ਕੁਝ ਦੇਰ ਬਾਅਦ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।ਹੁਣ ਤੋਂ ਕੁਝ ਦੇਰ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਹ ਲਖਨਊ ਲਈ ਨਿਕਲ ਚੁੱਕੇ ਹਨ ਤੇ ਕਿਸਾਨਾਂ ਨਾਲ ਨਿਆਂ ਹੋ ਕੇ ਰਹੇਗਾ। ਉੱਥੇ ਹੀ ਥੋੜ੍ਹੀ ਦੇਰ ਬਾਅਦ ਉਨ੍ਹਾਂ ਟਵੀਟ ਕੀਤਾ ਕਿ ਬਗ਼ੈਰ ਕਿਸੇ ਹੁਕਮ ਦੇ ਲਖਨਊ ਏਅਰਪੋਰਟ ‘ਤੇ ਰੋਕ ਦਿੱਤਾ ਗਿਆ ਹੈ। ਇਸ ਦੇ ਵਿਰੋਧ ‘ਚ ਮੁੱਖ ਮੰਤਰੀ ਭੂਪੇਸ਼ ਬਘੇਲ ਲਖਨਊ ਏਅਰਪੋਰਟ ‘ਤੇ ਹੀ ਜ਼ਮੀਨ ‘ਤੇ ਧਰਨੇ ‘ਤੇ ਬੈਠ ਗਏ। ਉਨ੍ਹਾਂ ਲਖਨਊ ਏਅਰਪੋਰਟ ਕੰਪਲੈਕਸ ‘ਚ ਜ਼ਮੀਨ ‘ਤੇ ਬੈਠਿਆਂ ਦੀ ਆਪਣੀ ਤਸਵੀਰ ਵੀ ਟਵਿੱਟਰ ‘ਤੇ ਸ਼ੇਅਰ ਕੀਤੀ ਹੈ।