Culture Articles

ਅਲੋਪ ਹੋ ਗਏ ਟਿੰਡਾਂ ਵਾਲੇ ਖੂਹ

ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ,ਸਿੰਚਾਈ ਦੇ ਕੋਈ ਜ਼ਿਆਦਾ ਸਾਧਨ ਨਹੀ ਸਨ।ਨਹਿਰੀ ਪਾਣੀ ਰਾਹੀਂ ਫਸਲਾ ਦੀ ਸਿੰਚਾਈ ਕੀਤੀ ਜਾਂਦੀ ਸੀ,ਜੋ ਹਫ਼ਤੇ ਬਾਅਦ ਪੰਜ ਛੇ ਘੰਟੇ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਆਉਦੀਂ ਸੀ,ਜਿਸ ਨਾਲ ਪੂਰੀਆਂ ਫਸਲਾ ਦੀ ਸਿੰਚਾਈ ਨਹੀਂ ਕੀਤੀ ਜਾ ਸਕਦੀ ਸੀ।ਜ਼ਿਆਦਾ ਤਰ ਇੰਦਰ ਦੇਵਤਾ ਤੇ ਨਿਰਭਰ ਰਹਿਣਾ ਪੈਂਦਾ ਸੀ।ਸਾਡੇ ਦੇਖਦੇ ਦੇਖਦੇ ਪਹਿਲਾ ਟਿੰਡਾਂ ਵਾਲੇ ਖੂਹ ਤੇ ਫਿਰ ਬੋਕੀ ਵਾਲੇ ਖੂਹ ਆਏ।ਬਲਦਾਂ ਦੀ ਜੋੜੀ ਨੂੰ ਰੱਸਿਆਂ ਰਾਹੀਂ ਪੰਜਾਲ਼ੀ ਨਾਲ ਜੋ ਕੇ ਪਿੱਛੇ ਗਾੜੀ ਨਾਲ ਬੰਨ ਕੇ ਖੂਹ ਵਿੱਚੋਂ ਟਿੰਡਾਂ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਸੀ।ਜਦੋਂ ਖੂਹ ਵੱਗਦਾ ਤਾਂ ਬਲਦ ਹਿੱਕਨ ਵਾਲਾ ਬੰਦਾਂ ਗਾੜੀ ਦੇ ਉੱਪਰ ਬੈਠ ਜਾਂਦਾ ਸੀ।ਕਈ ਵਾਰੀ ਖੂਹ ਵੱਗਦਾ ਹੋਣਾਂ ਤਾਂ ਬਲਦ ਹਿੱਕਨ ਵਾਲਾ ਬੰਦਾ ਨੀਦਰੇ ਨਾਲ ਸੌ ਜਾਂਦਾ ਸੀ।ਬਲਦ ਆਪਣੇ ਆਪ ਤੁਰੇ ਰਹਿੰਦੇ ਸਨ।ਇਸ ਤਰਾਂ ਕਈ ਵਾਰੀ ਚੋਰ ਸੁੱਤੇ ਹੋਏ ਬੰਦੇ ਨੂੰ ਗਾੜੀ ਨਾਲ ਬੰਨ ਕੇ ਬਲਦ ਚੋਰੀ ਕਰ ਕੇ ਖੋਲ ਕੇ ਲੈ ਜਾਂਦੇ ਸਨ। ਪਿੰਡਾਂ ਦੇ ਵਿੱਚ ਨਹਾਉਣ ਵਾਸਤੇ ਹਲ਼ਟੀ ਵਾਲੀ ਖੂਹੀ ਮਹੱਲੇ ਵਾਈਜ ਹੁੰਦੀ ਸੀ।ਜਿਸ ਵਿੱਚੋਂ ਪਾਣੀ ਕੱਢ ਕੇ ਸੀਮਿੰਟ ਦੀ ਬਣੀ ਛੋਟੀ ਹੋਂਦੀ ਵਿੱਚ ਇਕੱਠਾ ਕੀਤਾ ਜਾਂਦਾ ਸੀ।ਜਿਸ ਦੇ ਥੱਲੇ ਮੋਰੀ ਕੱਢ ਕੇ ਲੱਕੜ ਦੀ ਗੁੱਲੀ ਫਿੱਟ ਕਰ ਕੇ ਟੂਟੀ ਦਾ ਕੰਮ ਲੈ ਉਸ ਦੇ ਥੱਲੇ ਨਹਾਇਆ ਜਾਂਦਾ ਸੀ।ਜਿੰਨਾ ਖੂਹੀਆਂ ਨਾਲ ਹਲ਼ਟੀ ਨਹੀਂ ਹੁੰਦੀ ਸੀ।ਉਸ ਖੂਹੀ ਵਿੱਚੋਂ ਸੁਆਣੀਆਂ ਲੱਜ ਰਾਹੀਂ ਪਾਣੀ ਬਾਹਰ ਕੱਢਦੀਆਂ,ਸਾਰੀਆਂ ਇਕੱਠੀਆਂ ਹੋਕੇ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਫੋਲ ਕੇ ਮੰਨ ਹਲਕਾ ਕਰ ਲੈਂਦੀਆਂ ਸਨ।ਖੂਹ ਦੇ ਨਾਲ ਹੋਰ ਵੀ ਕਈ ਤਰਾਂ ਦੇ ਕਿੱਸੇ ਕਹਾਣੀਆਂ ਆਦਿ ਵੀ ਪ੍ਰਚਲਿੱਤ ਹਨ।ਜਿਵੇਂ ਕੇ ਦੱਸਦੇ ਹਨ ਧੰਨਾਂ ਭਗਤ ਨੇ ਜਦੋਂ ਰੱਬ ਦੀ ਪ੍ਰਾਪਤੀ ਕੀਤੀ ਸੀ ਤਾਂ ਰੱਬ ਧੰਨੇ ਦੇ ਖੇਤਾਂ ਵਿੱਚ ਉਸ ਨਾਲ ਸਾਰਾ ਕੰਮ ਕਰਾਉਂਦਾ ਹੁੰਦਾਂ ਸੀ।ਜਿਵੇਂ ਕੇ ਨੱਕੇ ਮੋੜਨਾ,ਖੂਹ ਹਿੱਕਨਾ ਆਦਿ ਮੁੱਖ ਸਨ।ਪੰਜਾਬੀ ਦੇ ਮਸ਼ਹੂਰ ਲੇਖਿਕ ਸੋਹਣ ਸਿੰਘ ਸੀਤਲ ਦਾ ਨਾਵਲ ਤੂੰਤਾ ਵਾਲਾ ਖੂਹ ਵੀ ਬਹੁਤ ਮਸ਼ਹੂਰ ਹੋਇਆ ਸੀ।ਜਿਸ ਦੀ ਕਹਾਣੀ ਸ਼ੁਰੂ ਤੋ ਲੈ ਕੇ ਅੰਤ ਤੱਕ ਖੂਹ ਦੁਆਲੇ ਹੀ ਘੁੰਮਦੀ ਹੈ।ਪਿੰਡਾਂ ਵਿੱਚ ਖੂਹਾਂ ਦੇ ਨਾਂ ਪਾਏ ਹੁੰਦੇ ਸੀ।ਸਾਡੇ ਪਿੰਡ ਵਿੱਚ ਅੰਬ ਹੋਣ ਕਾਰਨ ਖੂਹ ਦਾ ਨਾਂ ਅੰਬਾ ਵਾਲਾ ਖੂਹ,ਜਾਮਨੂੰਆ ਵਾਲਾ ਖੂਹ ਜਾਮਨੂੰਆ ਕਰ ਕੇ ਮਸ਼ਹੂਰ ਸੀ।ਇਸ ਤੋ ਇਲਾਵਾ ਮੋਹਣ ਵਾਲਾ ਖੂਹ,ਐਤਲ ਵਾਲਾ ਖੂਹ,ਨਵੇਂ ਵਾਲਾ,ਚੂੜਵਾਲਾ,ਹਰਦਾਸ ਵਾਲਾ,ਰੌਲ਼ ਵਾਲਾ ਸਨ,ਜੋ ਹੁਣ ਅਲੋਪ ਹੋ ਗਏ ਹਨ।ਬੇਸ਼ੱਕ ਖੂਹ ਸਾਡੇ ਖ਼ਾਸ ਕਰ ਜ਼ਿਮੀਂਦਾਰ ਭਾਈਚਾਰੇ ਦਾ ਇੱਕ ਅਟੁੱਟ ਅੰਗ ਹੁੰਦਾ ਸੀ,ਪਰ ਸਮੇ ਦੇ ਨਾਲ ਇਹ ਸਾਡੇ ਤੋ ਬਹੁਤ ਹੀ ਦੂਰ ਜਾ ਚੁੱਕਾ ਹੈ।ਹੁਣ ਤਾਂ ਬੱਸ ਕਿਤਾਬਾਂ ਜਾਂ ਅਜਾਇਬ ਘਰਾਂ ਦਾ ਇੱਕ ਸ਼ੋਅ ਪੀਸ ਬਣ ਕੇ ਰਹਿ ਗਿਆ ਹੈ।ਪਰ ਜੇ ਕਿਸੇ ਬਜ਼ੁਰਗ ਕੋਲੋਂ ਉਸ ਦੇ ਸਮੇ ਵਿੱਚ ਖੂਹ ਬਾਰੇ ਪੁਛੀਏ ਤਾਂ ਬਜ਼ੁਰਗ ਆਮ ਹੀ ਮੋਟਰਾਂ ਵੱਲ ਦੇਖ ਕੇ ਅਤੇ ਖੂਹ ਨੂੰ ਯਾਦ ਕਰ ਕੇ ਇੱਕ ਅਨੂਠੀ ਅਤੇ ਨਾਂ ਭੁੱਲਣ ਯੋਗ ਚੀਜ਼ ਖੂਹ ਬਾਰੇ ਕਈ ਗੱਲਾਂ ਦੱਸਦੇ ਹੋਏ ਕਈ ਹੌਂਕੇ ਵੀ ਭਰ ਲੈਂਦੇ ਹਨ,ਕਿਉਂਕਿ ਖੂਹ ਦਾ ਪਾਣੀ ਅੱਜ ਦੇ ਸ਼ਰਬਤ ਨਾਲ਼ੋਂ ਕਿੱਤੇ ਮਿੱਠਾ ਤੇ ਸ਼ੁਆਦਲਾ ਹੁੰਦਾ ਸੀ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸ਼ਨ

Related posts

ਭਾਰਤ ਸਰਕਾਰ ਨੇ ਛੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦਾ ਕਈ ਖੇਤਰਾਂ ‘ਚ ਸੁਧਾਰ ਕੀਤਾ !

admin

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

admin

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin