ਤਰਨਤਾਰਨ – ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੁਫਤ ਬਿਜਲੀ ਸਬੰਧੀ ਰਜਿਸਟ੍ਰੇਸ਼ਨ ਕਰਨ ਵਾਸਤੇ ਲਗਾਏ ਕੈਂਪ ਦੌਰਾਨ ਹੋਏ ਝਗੜੇ, ਜਿਸ ਦੌਰਾਨ ਕਾਂਗਰਸੀ ਆਗੂ ਤਰਸੇਮ ਸਿੰਘ ਗਿੱਲ ਦੇ ਲੜਕੇ ਹਿਮਾਸ਼ੂ ਦੀ ਲੱਤ ਵਿਚ ਗੋਲੀ ਲੱਗ ਗਈ ਸੀ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਆਪ ਆਗੂ ਗੁਰਦੇਵ ਸਿੰਘ ਸੰਧੂ ਸਮੇਤ ਪੰਜ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਬਾਅਦ ਆਪ ਆਗੂਆਂ ਨੇ ਪੁਲਿਸ ’ਤੇ ਪੱਖਪਾਤ ਦਾ ਦੋਸ਼ ਲਗਾਉਦਿਆਂ ਥਾਣਾ ਸਿਟੀ ਅੱਗੇ ਧਰਨਾ ਲਗਾ ਦਿੱਤਾ। ਜਿਸ ਵਿਚ ਚਾਰੇ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਆਪ ਸਮਰਥਕ ਸ਼ਾਮਲ ਹੋ ਗਏ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂੂ ਮੁਰਾਦਪੁਰ ਵਿਚ ਦੰਗਾ ਫਸਾਦ ਕਰ ਰਹੇ ਸਨ ਜਿਸਦੇ ਚਲਦਿਆਂ ਇਨ੍ਹਾਂ ਵਿਰੁੱਧ ਮੁਕੱਦਮਾਂ ਦਰਜ ਕੀਤਾ ਗਿਆ ਹੈ।
ਪਰਚੇ ਦੇ ਵਿਰੋਧ ਵਿਚ ਥਾਣਾ ਸਿਟੀ ਅੱਗੇ ਲਗਾਏ ਗਏ ਧਰਨੇ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਿਜਲੀ ਦਾ ਜੋ ਪ੍ਰੋਗਰਾਮ ਦਿੱਤਾ ਹੈ ਉਸ ਦਾ ਵਾਅਦਾ ਨਹੀਂ ਉਸ ਤੇ ਲਿਖਤੀ ਗਰੰਟੀ ਕਾਰਡ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਜਦੋਂ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨੇ ਇਕ ਮੁਹੱਲੇ ਵਿਚ ਕਨੋਪੀ ਲਗਾਈ ਤਾਂ ਕਾਂਗਰਸ ਦੇ ਕੁਝ ਲੋਕਾਂ ਵੱਲੋਂ ਮਹਿਲਾ ਆਗੂ ਨਾਲ ਤੂੰ ਤੂੰ ਮੈਂ ਮੈਂ ਕਰਨੀ ਸ਼ੁਰੂ ਕਰ ਦਿੱਤੀ ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਸੰਧੂ ਤੇ ਹੋਰ ਸਾਥੀ ਉੱਥੇ ਪਹੁੰਚ ਗਏ ਪਰ ਕਾਂਗਰਸੀਆਂ ਦੀ ਗੁੰਡਾਗਰਦੀ ਨਹੀਂ ਰੁਕੀ। ਜਦੋਂ ਕਾਂਗਰਸੀ ਵਰਕਰਾਂ ਨੇ ਇੱਟਾਂ ਰੋੜੇ ਅਤੇ ਹਥਿਆਰਾਂ ਨਾਲ ਆਮ ਆਦਮੀ ਪਾਰਟੀ ਦੇ ਸਾਥੀਆਂ ਤੇ ਹਮਲਾ ਕਰ ਦਿੱਤਾ ਤਾਂ ਇਸ ਦੌਰਾਨ ਸਾਡੇ ਇਕ ਸਾਥੀ ਦੇ ਗੋਲੀ ਵੀ ਲੱਗੀ ਜੋ ਇਲਾਜ ਲਈ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਸਰਕਾਰ ਦੀ ਸ਼ਹਿ ’ਤੇ ਆਮ ਲੋਕਾਂ ਤੇ ਪਰਚੇ ਕਰ ਰਹੀ ਹੈ। ਜਦੋਂਕਿ ਗੋਲੀ ਸਾਡੇ ਵਲੰਟੀਅਰ ਦੇ ਵੱਜੀ ਹੈ ਤੇ ਪਰਚੇ ਵੀ ਸਾਡੇ ਤੇ ਕੀਤੇ ਜਾ ਰਹੇ ਹਨ। ਜਿਸ ਤੋਂ ਪੁਲਿਸ ਦਾ ਪੱਖਪਾਤੀ ਰਵੱਈਆ ਸਾਹਮਣੇ ਆਉਂਦਾ ਹੈ।
ਰੋੜੀ ਨੇ ਆਪਣੇ ਵਲੰਟਰੀਆਂ ਨੇ ਗੱਲ ਕਰਦੇ ਕਿਹਾ ਕਿ ਜੇ ਕਾਂਗਰਸੀਆਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਵਲੰਟੀਅਰ ਨਾਲ ਜੇ ਧੱਕਾ ਹੋਵੇਗਾ ਤਾਂ ਪਾਰਟੀ ਉਨ੍ਹਾਂ ਨਾਲ ਚਟਾਨ ਵਾਂਗੂ ਖੜੇਗੀ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਬਲਜੀਤ ਸਿੰਘ ਖਹਿਰਾ, ਲਾਲਜੀਤ ਸਿੰਘ ਭੁੱਲਰ, ਸਰਵਨ ਸਿੰਘ ਧੁੰਨ, ਗੁਰਦੇਵ ਸਿੰਘ ਲਾਖਣਾ, ਕਸ਼ਮੀਰ ਸਿੰਘ ਸੋਹਲ, ਗੁਰਸੇਵਕ ਸਿੰਘ ਔਲਖ, ਮਨਜਿੰਦਰ ਸਿੰਘ ਸਿੱਧੂ, ਸ਼ੇਰ ਸਿੰਘ ਗਿੱਲ, ਮੇਜਰ ਸਿੰਘ ਗਿੱਲ, ਦਰਬਾਰਾ ਸਿੰਘ ਕਾਲਾ, ਹਰੀ ਸਿੰਘ ਵਾਂ, ਹਰਪ੍ਰੀਤ ਸਿੰਘ ਧੁੰਨਾ, ਲਖਵਿੰਦਰ ਸਿੰਘ ਫੌਜੀ, ਰਜਿੰਦਰ ਸਿੰਘ ਉਸਮਾਂ ਤੇ ਹੋਰ ਆਗੂ ਵੀ ਹਾਜਰ ਸਨ।