ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦੇ ਪੈਦਲ ਮਾਰਚ ਦੌਰਾਨ ਜੰਮ ਕੇ ਹੰਗਾਮਾ ਹੋਇਆ। ਪੇਪਰ ਲੀਕ, ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਪ੍ਰਦਰਸ਼ਨ, ਬੇਰੁਜ਼ਗਾਰੀ, ਮਹਿੰਗਾਈ ਅਤੇ ਅਪਰਾਧ ਦੇ ਮੁੱਦਿਆਂ ਨੂੰ ਲੈ ਕੇ ਹਾਈ ਕੋਰਟ ਚੌਕ ਤੋਂ ਰੋਸ ਮਾਰਚ ਕਰ ਰਹੇ ਵਿਧਾਇਕਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਬੈਰੀਕੇਡ ਲਾ ਕੇ ਰੋਕ ਲਿਆ।
ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਹੋਰ ਕਾਂਗਰਸ ਦੇ ਵਿਧਾਇਕਾਂ ਦੇ ਨਾਲ ਧੱਕਾ-ਮੁੱਕੀ ਵੀ ਹੋਈ। ਸਦਨ ’ਚ ਮਾਮਲਾ ਉੱਠਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਜਾਂਚ ਕਰਵਾਉਣ ਦਾ ਆਦੇਸ਼ ਦਿੰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਆਖੀ।
ਮੌਨਸੂਨ ਸੈਸ਼ਲ ਤੋਂ ਠੀਕ ਪਹਿਲਾਂ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ’ਚ ਪੈਦਲ ਹੀ ਵਿਧਾਨ ਸਭਾ ਲਈ ਕੂਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਘੁਟਾਲਿਆਂ ਦੀ ਭਰਮਾਰ ਹੈ, ਗਠਬੰਧਨ ਸਰਕਾਰ ਹੈ’, ‘ਪੇਪਰ ਲੀਕ ਦੀ ਗੋਡਲ ਮੈਡਲਿਸਟ ਸਰਕਾਰ’, ‘ਕਿਸਾਨਾਂ ’ਤੇ ਦਰਜ ਕੇਸ ਵਾਪਸ ਲਓ’ ਵਰਗੇ ਨਾਅਰੇ ਲਿਖੀਆਂ ਤਖ਼ਤੀਆਂ ਅਤੇ ਗੁਬਾਰੇ ਹੱਥਾਂ ’ਚ ਫੜੇ ਹੋਏ ਸਨ। ਵਿਧਾਇਕ ਥੋੜ੍ਹਾ ਦੂਰ ਹੀ ਚੱਲੇ ਸਨ ਕਿ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ। ਇਸ ਦੌਰਾਨ ਦੋਵੇਂ ਪਾਸਿਓਂ ਖੂਬ ਗਰਮਾਗਰਮੀ ਹੋਈ ਜਿਸ ਨਾਲ ਭੜਕੇ ਕਾਂਗਰਸੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਬਾਅਦ ’ਚ ਸੈਸ਼ਨ ’ਚ ਸਿਫ਼ਰ ਕਾਲ ’ਚ ਇਹ ਮੁੱਦਾ ਉਠਾਉਂਦੇ ਹੋਏ ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਵਿਧਾਇਕ ਗੀਤਾ ਭੁੱਕਲ ਨੇ ਕਿਹਾ ਕਿ ਹੁੱਡਾ ਸਨਮਾਨਤ ਨੇਤਾ ਹਨ ਅਤੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਲ-ਨਾਲ ਦੋ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਦੁਰਵਿਹਾਰ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕਾਂਗਰਸ ਦੇ ਦੂਜੇ ਵਿਧਾਇਕਾਂ ਨੇ ਵੀ ਭੁੱਕਲ ਦੀ ਗੱਲ ਦੀ ਹਮਾਇਤ ਕੀਤੀ। ਇਸ ਦੌਰਾਨ ਹੁੱਡਾ ਵੀ ਆਪਣੀ ਸੀਟ ’ਤੇ ਖੜ੍ਹੇ ਹੋ ਗਏ ਅਤੇ ਪੂਰੇ ਮਾਮਲੇ ਤੋਂ ਸਪੀਕਰ ਨੂੰ ਜਾਣੂੰ ਕਰਵਾਇਆ। ਇਸ ’ਤੇ ਸਪੀਕਰ ਨੇ ਕਿਹਾ ਕਿ ਉਹ ਜਿਸ ਨੂੰ ਕਹਿਣ, ਉਸ ਤੋਂ ਜਾਂਚ ਕਰਵਾ ਦੇਣਗੇ।
ਹੁੱਡਾ ਨੇ ਮਾਮਲੇ ਦੀ ਜਾਂਚ ਵਿਸ਼ੇਸ਼ ਅਧਿਕਾਰ ਘਾਣ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ’ਚ ਜੇਕਰ ਕੋਈ ਦੋਸ਼ੀ ਮਿਲਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕਿੰਨਾ ਵੱਡਾ ਅਧਿਕਾਰੀ ਕਿਉਂ ਨਾ ਹੋਵੇ।
ਸਿਫ਼ਰ ਕਾਲ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜ਼ਿੰਦਗੀ ’ਚ ਮੇਰੇ ਨਾਲਕਦੇ ਅਜਿਹਾ ਨਹੀਂ ਹੋਇਆ। ਮੈਂ ਖ਼ੁਦ ਮੌਕੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਿਆ ਸੀ ਕਿ ਮੈਨੂੰ ਪਛਾਣਦੇ ਹੋ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਮੈਨੂੰ ਪਛਾਣਦੇ ਹਨ ਤਾਂ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਹਰੇਕ ਵਿਧਾਇਕ ਦੀ ਪਛਾਣ ਦੱਸਾਂਗਾ। ਉਨ੍ਹਾਂ ਨੂੰ ਜਾਣ ਦਿਓ। ਪਰ ਸੁਰੱਖਿਆ ਮੁਲਾਜ਼ਮ ਨਹੀਂ ਮੰਨੇ ਅਤੇ ਬਦਸਲੂਕੀ ਤੇ ਹੱਥੋਪਾਈ ’ਤੇ ਉੱਤਰ ਆਏ। ਉਨ੍ਹਾਂ ਸਵਾਲ ਉਠਾਇਆ ਕਿ ਵਿਧਾਇਕਾਂ ਨੂੰ ਕਿਵੇਂ ਸਦਨ ’ਚ ਆਉਣ ਤੋਂ ਰੋਕਿਆ ਜਾ ਸਕਦਾ ਹੈ।