Breaking News Latest News News Punjab

ਅਤਿ-ਆਧੁਨਿਕ ਕੈਂਸਰ ਕੇਅਰ ਸੇਵਾਵਾਂ ਨਵੰਬਰ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ: ਮੁੱਖ ਸਕੱਤਰ

ਐੱਸਏਐੱਸ ਨਗਰ – ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ‘ਚ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਭਰੋਸਾ ਦਵਾਇਆ ਕਿ ਇਸ ਅਤਿ-ਆਧੁਨਿਕ ਕੈਂਸਰ ਟਰਸਰੀ ਕੇਅਰ ਸਹੂਲਤਾਂ ਨੂੰ ਇਸ ਸਾਲ ਨਵੰਬਰ ਤੋਂ ਕਾਰਜਸ਼ੀਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਇਸ ਵੱਕਾਰੀ ਪੋ੍ਜੈਕਟ ਦੇ ਜਲਦ ਉਦਘਾਟਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਨਿਰਮਾਣ ਸਥਾਨ ‘ਤੇ ਦੌਰੇ ਦੌਰਾਨ ਮਹਾਜਨ ਨੂੰ ਦੱਸਿਆ ਗਿਆ ਕਿ ਚਿਰਕੋਣੀ ਉਡੀਕ ਵਾਲਾ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਮੁਕੰਮਲ ਹੋਣ ਕੰਢੇ ਹੈ।
ਇਸ ਮਹੱਤਵਪੂਰਨ ਸਿਹਤ ਸੰਭਾਲ ਪ੍ਰਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ 300 ਬੈੱਡਾਂ ਵਾਲਾ ਇਹ ਅਤਿ-ਆਧੁਨਿਕ ਹਸਪਤਾਲ ਸਮੁੱਚੇ ਉੱਤਰੀ ਖੇਤਰ, ਜਿਸ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ ਸ਼ਾਮਲ ਹਨ, ਲਈ ਤੀਜੇ ਦਰਜੇ ਦੀਆਂ ਸੇਵਾਵਾਂ ਲਈ ਸੈਂਟਰ ਵਜੋਂ ਕੰਮ ਕਰੇਗਾ।
ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਰੇਡੀਓਥੈਰੇਪੀ, ਰੇਡੀਓਲੌਜੀ, ਸੀਟੀ ਸਕੈਨ, ਐੱਮਆਰਆਈ, ਅਲਟਰਾਸਾਊਂਡ, ਐਕਸ-ਰੇ, ਮੈਮੋਗ੍ਰਾਫ਼ੀ, ਮੈਡੀਕਲ ਓਨਕੋਲੋਜੀ, ਕੀਮੋਥੈਰੇਪੀ, ਡੇ-ਕੇਅਰ ਵਾਰਡ, ਪੈਥੋਲੋਜੀ ਅਤੇ ਲੈਬ ਸਹੂਲਤਾਂ, ਮਾਈਨਰ ਓਟੀ, ਓਪੀਡੀ ਸੇਵਾਵਾਂ ਸ਼ੁਰੂ ਕਰਨ ਤੋਂ ਇਲਾਵਾ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪੈਲੀਏਟਿਵ ਕੇਅਰ ਪ੍ਰਰੀਵੇਂਟਿਵ ਓਨਕੋਲੋਜੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਹੂਲਤਾਂ ਇਸੇ ਸਾਲ ਨਵੰਬਰ ਤੋਂ ਮਰੀਜ਼ਾਂ ਲਈ ਉਪਲਬਧ ਹੋਣਗੀਆਂ।ਹਸਪਤਾਲ ਦੇ ਨਿਰਮਾਣ ਸਥਾਨ ‘ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁੱਖ ਮੰਤਰੀ ਇਸ ਕੇਂਦਰ ਨੂੰ ਲੋਕਾਂ ਲਈ ਜਲਦ ਤੋਂ ਜਲਦ ਉਪਲਬਧ ਕਰਾਉਣ ਦੀ ਇੱਛਾ ਰੱਖਦੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਪ੍ਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਇਕ ਇਕਾਈ 663.74 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਨਾਲ 40,545 ਵਰਗ ਮੀਟਰ ਖੇਤਰ ‘ਚ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਲਈ 50 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਹੈ।ਮਹਾਜਨ ਨੇ ਕਿਹਾ ਕਿ ਕੈਂਸਰ ਕੇਅਰ ਸੈਂਟਰ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ‘ਚ ਟੂ ਲੀਨੀਅਰ ਐਕਸੀਲੇਟਰ, ਬ੍ਰੈਕੀਥੈਰੇਪੀ, ਪੀਈਸੀਟੀ ਸੀਟੀ, ਬੋਨ ਮੈਰੋ ਟ੍ਾਂਸਪਲਾਂਟ (ਬੀਐੱਮਟੀ), ਸੀਟੀ ਸਿਮੂਲੇਟਰ, ਐੱਮਆਰ ਸਿਮੂਲੇਟਰ, ਇੰਟਰਵੈਂਸਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਦੇ ਨਾਲ ਨਲ ਡੇ-ਕੇਅਰ ਸੈਂਟਰ, ਆਈਸੀਯੂ ਅਤੇ ਰਿਕਵਰੀ ਯੂਨਿਟਸ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਮੈਡੀਕਲ ਰਿਕਾਰਡਾਂ ਦੀ ਸਹੂਲਤ ਵਾਲਾ ਇਹ ਹਸਪਤਾਲ ਪੂਰੀ ਤਰਾਂ੍ਹ ਆਈਟੀ ਅਧਾਰਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੇਸ਼ ਭਰ ‘ਚ ਸਥਿਤ ਸਾਰੇ ਟਾਟਾ ਮੈਮੋਰੀਅਲ ਸੈਂਟਰਾਂ ਨਾਲ ਵੀ ਜੁੜਿਆ ਹੋਵੇਗਾ। ਇਹ ਇਸ ਖੇਤਰ ਦੇ ਮਰੀਜ਼ਾਂ ਨੂੰ ਡਿਸੀਜ਼ ਮੈਨੇਜਮੈਂਟ ਗੁਰੱਪਸ (ਡੀਐੱਮਜੀ) ਅਧੀਨ ਵੱਖ-ਵੱਖ ਕਿਸਮਾਂ ਦੀਆਂ ਕੈਂਸਰ ਬਿਮਾਰੀਆਂ ਦੇ ਪ੍ਰਬੰਧਨ ਲਈ ਆਨਲਾਈਨ ਸੁਪਰ- ਸਪੈਸ਼ਲਿਟੀ ਕੰਸਲਟੇਸ਼ਨ ਲੈਣ ‘ਚ ਸਹਾਇਤਾ ਕਰੇਗਾ। ਮਹਾਜਨ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਲਈ ਰਿਹਾਇਸ਼ੀ ਹੋਸਟਲ ਤੇ ਫੈਕਲਟੀ ਲਈ ਰਿਹਾਇਸ਼ ਦੀ ਸਹੂਲਤ ਤੋਂ ਇਲਾਵਾ, ਹਸਪਤਾਲ ‘ਚ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਧਰਮਸ਼ਾਲਾ ‘ਚ ਕੈਂਸਰ ਦੇ ਮਰੀਜ਼ਾਂ ਲਈ ਠਹਿਰਨ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਦੇ ਮਾਲਵਾ ਖੇਤਰ ‘ਚ ਸੰਗਰੂਰ ਅਤੇ ਬਠਿੰਡਾ ‘ਚ ਦੋ ਅਤਿ ਆਧੁਨਿਕ ਕੈਂਸਰ ਹਸਪਤਾਲ ਪਹਿਲਾਂ ਹੀ ਕਾਰਜਸ਼ੀਲ ਹਨ। ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ‘ਚ ਹੁਣ ਤਕ 23,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦਕਿ ਬਠਿੰਡਾ ਦੇ ਐਡਵਾਂਸ ਕੈਂਸਰ ਡਾਇਗਨੋਸਿਸ, ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ‘ਚ ਹੁਣ ਤੱਕ 2500 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਮੁੱਖ ਸਕੱਤਰ ਨਾਲ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਡਾ. ਆਰਏ ਬਡਵੇ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ, ਡਾਇਰੈਕਟਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਡਾ. ਰਾਕੇਸ਼ ਕਪੂਰ, ਅਫ਼ਸਰ ਇੰਚਾਰਜ ਐੱਚਬੀਸੀਐੱਚ ਐਂਡ ਆਰਸੀ, ਨਿਊ ਚੰਡੀਗੜ੍ਹ ਡਾ. ਆਸ਼ੀਸ ਗੁਲੀਆ ਮੌਜੂਦ ਸਨ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor