ਤਰਨਤਾਰਨ – ਚੋਣਾਂ ਤੋਂ ਪਹਿਲਾਂ ਤਰਨਤਾਰਨ ਦਾ ਮੁਹੱਲਾ ਮੁਰਾਦਪੁਰਾ ਹਾਟ ਸਪਾਟ ਬਣਦਾ ਦਿਖਾਈ ਦੇਣ ਲੱਗਾ ਹੈ। ਕੁਝ ਦਿਨ ਪਹਿਲਾਂ ਇਥੇ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਵਰਕਰਾਂ ਦਰਮਿਆਨ ਹੋਏ ਟਕਰਾਅ ਦੌਰਾਨ ਚੱਲੀ ਗੋਲ਼ੀ ਕਰਕੇ ਜਿਥੇ ਦੋਵਾਂ ਧਿਰਾਂ ਦਾ ਇਕ ਇਕ ਵਿਅਕਤੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਉੱਥੇ ਆਪ ਆਗੂਆਂ ’ਤੇ ਕੇਸ ਦਰਜ ਹੋਣ ਤੋਂ ਬਾਅਦ ਆਪ ਦੇ ਵਿਧਾਇਕਾਂ ਵੱਲੋਂ ਥਾਣੇ ਦਾ ਘਿਰਾਓ ਵੀ ਕੀਤਾ ਜਾ ਚੁੱਕਾ ਹੈ। ਹੁਣ ਤਾਜੀ ਘਟਨਾ ਕ੍ਰਾਂਤੀ ਸੈਨਾ ਪ੍ਰਧਾਨ ਦੇ ਦਫਤਰ ਅੱਗੇ ਵਾਪਰੀ ਹੈ। ਜਿਥੇ ਵੋਟਾਂ ਸਬੰਧੀ ਹੋ ਰਹੀ ਮੀਟਿੰਗ ਦੌਰਾਨ ਗੋਲ਼ੀਆਂ ਚਲਾਉਣ ਦਾ ਦੋਸ਼ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਮੀਤ ਪ੍ਰਧਾਨ ’ਤੇ ਲੱਗਾ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਪੰਜ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਾਮ ਸਿੰਘ ਪ੍ਰਧਾਨ ਕ੍ਰਾਂਤੀ ਸੈਨਾ ਵਾਸੀ ਮੁਹੱਲਾ ਮੁਰਾਦਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦਫ਼ਤਰ ਰਾਮਦੇਵ ਕਾਲੋਨੀ ਵਿਚ ਬੈਠ ਕੇ ਵੋਟਾਂ ਸਬੰਧੀ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਇੰਨੇ ਨੂੰ ਬਲਦੇਵ ਸਿੰਘ ਬਿੱਲਾ, ਜੱਜ ਜਿੰਮ ਵਾਲਾ, ਸੁਖਵਿੰਦਰ ਸਿੰਘ ਕਾਕਾ, ਸੋਹਨ ਸਿੰਘ ਅਤੇ ਬਲਜੀਤ ਸਿੰਘ ਉਰਫ ਬੁੱਟਰ ਉਨ੍ਹਾਂ ਦੇ ਦਫ਼ਤਰ ਬਾਹਰ ਆਏ ਅਤੇ ਹਵਾ ਵਿਚ ਗੋਲੀਆਂ ਚਲਾਉਣ ਲੱਗੇ। ਉਕਤ ਲੋਕ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਉਕਤ ਪੰਜਾਂ ਲੋਕਾਂ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਅਗਲੀ ਜਾਂਚ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੂੰ ਸੌਂਪੀ ਹੈ। ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਬਲਦੇਵ ਸਿੰਘ ਬਿੱਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਗਰ ਕੌਂਸਲ ਤਰਨਤਾਰਨ ਦਾ ਮੀਤ ਪ੍ਰਧਾਨ ਵੀ ਰਹਿ ਚੁੱਕਾ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਬਲਦੇਵ ਸਿੰਘ ਬਿੱਲਾ ਵੀ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋਇਆ ਹੈ ਅਤੇ ਕਿਸੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਹਾਲਾਂਕਿ ਇਸਦੀ ਖ਼ਬਰ ਪੁਲਿਸ ਨੂੰ ਨਹੀਂ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਮੁਰਾਦਪੁਰ ਵਿਚ ਹੀ ਕੈਂਪ ਲਗਾ ਕੇ ਮੁਫਤ ਬਿਜਲੀ ਦੇਣ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਕਰ ਰਹੇ ਆਪ ਆਗੂਆਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਟਕਰਾਅ ਹੋ ਗਿਆ ਸੀ। ਜਿਸ ਦੌਰਾਨ ਕਾਂਗਰਸੀ ਆਗੂ ਤਰਸੇਮ ਸਿੰਘ ਦੇ ਲੜਕੇ ਹਿਮਾਸ਼ੂ ਦੀ ਲੱਤ ਵਿਚ ਗੋਲ਼ੀ ਲੱਗੀ, ਜਿਸ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਆਪ ਆਗੂਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਸੀ। ਜਦੋਂਕਿ ਦੂਜੇ ਪਾਸੇ ਆਪ ਆਗੂ ਗੁਰਦੇਵ ਸਿੰਘ ਸੰਧੂ ਨੇ ਵੀ ਆਪਣੇ ਭਰਾ ਸੁਖਦੇਵ ਸਿੰਘ ਸੰਧੂ ਦੇ ਗੋਲ਼ੀ ਲੱਗਣ ਦੀ ਗੱਲ ਕਹੀ ਸੀ, ਜੋ ਨਿੱਜੀ ਹਸਪਤਾਲ ਵਿਚ ਦਾਖਲ ਹੈ।