ਨਵੀਂ ਦਿੱਲੀ – ਤੀਸਰੀ ਲਹਿਰ ਦੇ ਖ਼ਦਸ਼ੇ ਵਿਚਾਲੇ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸਰਗਰਮ ਮਾਮਲੇ ਲਗਾਤਾਰ ਘੱਟ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਜ਼ਿਆਦਾ ਦੀ ਗਿਰਾਵਟ ਹੋਈ ਹੈ ਤੇ ਇਹ 151 ਦਿਨਾਂ ਬਾਅਦ ਸਭ ਤੋਂ ਘੱਟ ਪੱਧਰ 3.61 ਲੱਖ ’ਤੇ ਪਹੁੰਚ ਗਏ ਹਨ ਜੋ ਕੁੱਲ ਮਾਮਲਿਆਂ ਦਾ 1.12 ਫ਼ੀਸਦੀ ਹੈ। ਕੁੱਲ ਮਾਮਲਿਆਂ ਦੇ ਮੁਕਾਬਲੇ ਸਰਗਰਮ ਮਾਮਲਿਆਂ ਦਾ ਅਨੁਪਾਤ ਪਿਛਲੇ ਸਾਲ ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ 34 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ ਤੇ 375 ਹੋਰ ਲੋਕਾਂ ਦੀ ਜਾਨ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਸੁਧਾਰ ਹੋ ਰਿਹਾ ਹੈ ਤੇ ਮੌਤ ਦਰ ਸਥਿਰ ਬਣੀ ਹੋਈ ਹੈ। ਰੋਜ਼ਾਨਾ ਤੇ ਹਫ਼ਤਾਵਾਰੀ ਦਰ ਦੇ ਹਿਸਾਬ ਨਾਲ ਇਨਫੈਕਸ਼ਨ ਦਰ ਵੀ ਤਿੰਨ ਫ਼ੀਸਦੀ ਤੋਂ ਘੱਟ ਗਈ ਹੈ।
ਪੂਰੇ ਦੇਸ਼ ’ਚ ਕੋਰੋਨਾ ਦੀ ਸਥਿਤੀ ਕੰਟਰੋਲ ’ਚ ਹੈ ਪਰ ਕੇਰਲ ’ਚ ਹਾਲਾਤ ਨਹੀਂ ਸੁਧਰ ਰਹੇ। ਇਸ ਦੱਖਣੀ ਸੂਬੇ ’ਚ ਹੁਣ ਵੀ ਰੋਜ਼ਾਨਾ 20 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਵੀ ਇੱਥੇ 20224 ਮਾਮਲੇ ਸਾਹਮਣੇ ਆਏ ਹਨ ਤੇ 99 ਲੋਕਾਂ ਦੀ ਜਾਨ ਗਈ ਹੈ। ਇਨਫੈਕਸ਼ਨ ਨੂੰ ਕਾਬੂ ’ਚ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਹੁਣ ਤਕ ਦੀਆਂ ਕੋਸ਼ਿਸ਼ਾਂ ਦਾ ਕੋਈ ਖ਼ਾਸ ਅਸਰ ਨਜ਼ਰ ਨਹੀਂ ਆ ਰਿਹਾ।