ਮੁੰਬਈ – ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਵਿੱਚੋਂ ਇੱਕ, ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਸਰਗੁਣ ਨੇ ਆਉਣ ਵਾਲੀ ਬਾਲੀਵੁੱਡ ਫਿਲਮ ‘ਪ੍ਰੋਡਕਸ਼ਨ ਨੰਬਰ 41’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ।
ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਮ ਦੀ ਪੂਰੀ ਟੀਮ ਨਾਲ ਸ਼ੂਟਿੰਗ ਦੇ ਮੌਕੇ ਤੋਂ ਤਸਵੀਰ ਵੀ ਸਾਹਮਣੇ ਆਈ ਹੈ। ਇਸ ਫਿਲਮ ਦੇ ਨਾਲ ਸਰਗੁਣ ਮਹਿਤਾ ਆਪਣਾ ਬੌਲੀਵੁੱਡ ਡੈਬਿਊ ਕਰ ਰਹੀ ਹੈ। ‘ਪ੍ਰੋਡਕਸ਼ਨ ਨੰਬਰ 41’ ਸਰਗੁਣ ਮਹਿਤਾ ਦੀ ਪਹਿਲੀ ਬੌਲੀਵੁੱਡ ਫਿਲਮ ਹੈ। ਸਰਗੁਣ ਦੇ ਬੌਲੀਵੁੱਡ ‘ਚ ਡੈਬਿਊ ਨਾਲ ਉਨ੍ਹਾਂ ਦੇ ਫੈਨਜ਼ ‘ਚ ਵੀ ਕਾਫੀ ਐਕਸਾਈਟਮੈਂਟ ਹੈ। ਪੂਜਾ ਭਗਨਾਨੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਵਿੱਚੋਂ ਇੱਕ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕਰੇਗੀ, ਜਿਸਨੇ ਪਿਛਲੇ ਸਮੇਂ ਵਿੱਚ ਕਈ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ।
ਇਸ ਫਿਲਮ ਨੂੰ ਡਾਇਰੈਕਟ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਣਜੀਤ ਐਮ ਤਿਵਾੜੀ ਕਰਨਗੇ। ਜਿਨ੍ਹਾਂ ਨੇ ਅਕਸ਼ੇ ਕੁਮਾਰ ਦੀ ਹਾਲ ਹੀ ਦੇ ਵਿਚ ਆਈ ਫਿਲਮ ‘ਬੈਲ ਬੌਟਮ’ ਨੂੰ ਡਾਇਰੈਕਟ ਕੀਤਾ ਸੀ, ਇਹ ਫਿਲਮ ਵੀ ‘ਪੂਜਾ ਇੰਟਰਟੇਨਮੈਂਟ’ ਦੇ ਬੈਨਰ ਹੇਠ ਹੀ ਰਿਲੀਜ਼ ਹੋਈ ਸੀ।’ਪ੍ਰੋਡਕਸ਼ਨ ਨੰਬਰ 41′ ਦੀ ਲਗਭਗ ਸਾਰੀ ਟੀਮ ਫਿਲਮ ‘ਬੈਲ ਬੌਟਮ’ ਵਾਲੀ ਹੀ ਹੈ। ਸਰਗੁਣ ਮਹਿਤਾ ਦਾ ਨਾਮ ਸਟਾਰ ਕਾਸਟ ਵਿੱਚ ਇੱਕ ਵਾਧਾ ਹੈ। ਪ੍ਰੋਡਕਸ਼ਨ ਟੀਮ ਵਿੱਚ ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਅਤੇ ਦੀਪਸ਼ਿਖਾ ਦੇਸ਼ਮੁਖ ਵੀ ਸ਼ਾਮਲ ਹਨ।