Articles

ਬੇਈਮਾਨੀ ਦੀਆਂ ਮੜ੍ਹੀਆਂ . . . !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸ਼ੂਗਰ ਦੇ ਇਲਾਜ ਵਲੋਂ ਸਮਝ ਲਉ ਜਾਂ ਫਿਰ ਕੈਲੇਫੋਰਨੀਆਂ ਦੇ  ਕਾਇਦੇ ਕਾਨੂੰਨ ਸਦਕਾ ‘ਪੈਨਸ਼ਨੀਆਂ’ ਬਣ ਜਾਣ ਕਾਰਨ  ਖੁੱਲ੍ਹੇ ਸਮੇਂ ਦੀ ਸੁਵਰਤੋਂ ਕਹਿ ਲਉ, ਮੈਂ ਸੁਭਾ ਸਵੇਰੇ ਬਿਨਾਂ ਨਾਗਾ ਲੰਬੀ ਸੈਰ ਲਈ ਜਾਂਦਾ ਹਾਂ।ਦੋ ਕੁ ਇਕਾਂਤ ਵਾਲ਼ੀਆਂ ਸੈਰਗਾਹਾਂ ਵੀ ਮੈਂ ਚੁਣੀਆਂ ਹੋਈਆਂ ਹਨ । ਜਿੱਧਰ ਨੂੰ ਦਿਲ ਕਰੇ ਓਧਰ ਨੂੰ ਪੈਦਲ ਨਿਕਲ ਤੁਰਦਾ ਹਾਂ। ਫੋਨ-ਟੂਟੀ ਕੰਨਾਂ ਵਿਚ ਲਾ ਕੇ ਕਦੇ ਸ਼ਬਦ ਕੀਰਤਨ ਸੁਣ ਲੈਂਦਾ ਹਾਂ ਤੇ ਕਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਦੋਸਤਾਂ ਨਾਲ ਖੁੱਲ੍ਹੀਆਂ ਗੱਲਾਂ ਮਾਰ ਲਈ ਦੀਆਂ।

ਮੇਰੇ ਰਾਹ ਵਿਚ ਇਕ ਲਾਈਟ ਰੇਲ ਸਟੇਸ਼ਨ ਪੈਂਦਾ ਹੈ ਜਿਸ ਦੇ ਨਾਲ ਹੀ ਲੋਕਲ ਬੱਸ ਸਟੈਂਡ ਵੀ ਹੈ। ਲੰਬੇ ਅਰਸੇ ਤੋਂ ਰੋਜ ਹੀ ਇੱਧਰ ਘੁੰਮਣ ਫਿਰਨ ਕਾਰਨ ਕਈ ਬੱਸ ਡ੍ਰਾਈਵਰਾਂ ਨਾਲ ਥੋੜ੍ਹੀ ਬਹੁਤ ਜਾਣ-ਪਛਾਣ ਵੀ ਹੋ ਗਈ ਹੈ। ਇਕ ਸਵੇਰ ਮੈਂ ਹੈੱਡ-ਫੋਨ ਟੂਟੀ ਕੰਨਾਂ ’ਚ ਫਸਾ ਕੇ ਪੰਜਾਬ ਰਹਿੰਦੇ ਇਕ ਦੋਸਤ ਨਾਲ ਗੱਲਾਂ ਕਰਦਾ ਤੁਰਿਆ ਜਾ ਰਿਹਾ ਸਾਂ ਕਿ ਅੱਗਿਉਂ ਮੈਨੂੰ ਇਕ ਗੋਰਾ ਡਰਾਈਵਰ ਮਿਲ਼ ਪਿਆ ਜੋ ਮੇਰੇ ਵਾਂਗ ਹੀ ਸੈਰ ਕਰਦਾ ਤੁਰਿਆ ਆ ਰਿਹਾ ਸੀ। ਫੋਨ ’ਤੇ ਪੰਜਾਬ ਵਾਲ਼ੇ ਮਿੱਤਰ ਨੂੰ ‘ਇਕ ਮਿੰਟ ਠਹਿਰੀਂ’ ਕਹਿ ਕੇ ਮੈਂ ਗੋਰੇ ਡਰਾਈਵਰ ਨੂੰ ‘ਹਾਏ ਹੈਲੋ’ ਕਰਕੇ ਹਾਲ-ਚਾਲ ਪੁੱਛਿਆ। ਉਸਨੇ ਬੜੀ ਮਸਤੀ ਨਾਲ ਹੁੱਬ ਕੇ ਮੈਨੂੰ ਦੱਸਿਆ ਕਿ ਮਿਸਟਰ ਸਿੰਘ ਅੱਜ ਮੇਰੀ ਡਿਊਟੀ ‘ਸਟੈਂਡ ਬਾਈ’ ਬੱਸ ’ਤੇ ਲੱਗੀ ਹੋਈ ਹੈ, ਅੱਜ ਮੇਰੇ ਮਜ਼ੇ ਨੇ। ਮੈਂ ਵੀ ਉਸ ਨੂੰ ‘ਥੱਮਜ਼ ਅੱਪ’ ਵਾਂਗ ਅੰਗੂਠਾ ਖੜ੍ਹਾ ਕਰਦਿਆਂ ‘ਗੁੱਡ ਗੁੱਡ’ ਆਖਿਆ!

ਇਸ ਡਰਾਈਵਰ ਨਾਲ ਗੱਲ ਮੁੱਕਦਿਆਂ ਹੀ ਜਦ ਮੈਂ ਫੋਨ ’ਤੇ ਪੰਜਾਬ ਵਾਲੇ ਮਿੱਤਰ ਨਾਲ ਟੁੱਟੀ ਲੜੀ ਮੁੜ ਜੋੜਨ ਲਈ ‘ਹਾਂ ਬਈ’ ਕਿਹਾ ਤਾਂ ਉਸਨੇ ਮੈਨੂੰ ਪੁੱਛਿਆ ਕਿ ਇਹ ਕੌਣ ਸੀ ? ਗੋਰੇ ਡਰਾਈਵਰ ਦੀ ਸਟੈਂਡ ਬਾਈ ਬੱਸ ਵਾਲ਼ੀ ਡਿਊਟੀ ਬਾਰੇ ਸਮਝਾਉਣ ਲਈ ਮੈਂ ਸੋਚਿਆ ਕਿ ਇਸਨੂੰ ਇਹਦੇ ਇਲਾਕੇ ਦੀ ਹੀ ਮਿਸਾਲ ਦੇ ਕੇ ਸਮਝਾਉਂਦਾ ਹਾਂ। ਮੈਂ ਕਿਹਾ ਕਿ ਏਦਾਂ ਸਮਝ ਲੈ ਕਿ ਨਵੇਂ ਸ਼ਹਿਰੋਂ ਤੁਹਾਡੇ ਜਾਂ ਹੋਰ ਲਾਗੇ ਚਾਗੇ ਦੇ ਪਿੰਡਾਂ ਵੱਲ੍ਹ ਨੂੰ ਆਉਣ-ਜਾਣ ਵਾਲ਼ੀਆਂ ਬੱਸਾਂ ਤਾਂ ਰੁਟੀਨ ਮੁਤਾਬਿਕ ਆਈ ਜਾਈ ਜਾਣ ਪਰ ਰੋਡਵੇਜ਼ ਵਾਲ਼ੇ ਇਕ ਫਾਲਤੂ ਬੱਸ ਤੁਹਾਡੇ ਇਲਾਕੇ ਦੇ ਫਲਾਣੇ ਪਿੰਡ ਕੋਲ ਭੇਜ ਦੇਣ ਤੇ ਡਰਾਈਵਰ ਨੂੰ ਤਾਕੀਦ ਹੋਵੇ ਕਿ ਭਾਈ ਜੇ ਤੈਨੂੰ ਐਧਰੋਂ ਓਧਰੋਂ ਕਿਸੇ ਬੱਸ ਦੇ ਖਰਾਬ ਹੋ ਜਾਣ ਦੀ ਸੂਚਨਾਂ ਮਿਲ਼ੇ ਤਾਂ ਤੂੰ ਫੌਰਨ ਬੱਸ ਲੈ ਕੇ ਓਥੇ ਪਹੁੰਚ ਜਾਣਾ ਹੈ। ਤਾਂ ਕਿ ਸਵਾਰੀਆਂ ਖੱਜਲ਼ ਖੁਆਰ ਨਾ ਹੁੰਦੀਆਂ ਫਿਰਨ। ਇੰਜ ਮਹਿਕਮੇਂ ਵਲੋਂ ਭੇਜੀ ਹੋਈ ਅਜਿਹੀ ਬੱਸ ਨੂੰ ਸਟੈਂਡ ਬਾਈ ਡਿਊਟੀ ਵਾਲ਼ੀ ਬੱਸ ਕਹਿੰਦੇ ਹਨ। ਅਜਿਹੀ ਬੱਸ ਨੂੰ ਕਦੇ ਕਦਾਈਂ ਹੀ ਕਿਤੇ ਜਾਣਾ ਪੈਂਦਾ ਹੈ, ਨਹੀਂ ਤਾਂ ਸੱਤ-ਅੱਠ ਘੰਟੇ ਵਿਹਲੇ ਰਹਿ ਕੇ ਡਰਾਈਵਰ ਸ਼ਾਮ ਨੂੰ ਯਾਰਡ ਵਿਚ ਜਾ ਵੜਦੇ ਨੇ। ਇੰਜ ਇਸ ਬੱਸ ਦੇ ਡ੍ਰਾਈਵਰ ਅਕਸਰ ਲਾਗੇ ਚਾਗੇ ਸੈਰ ਕਰਕੇ ਜਾਂ ਫੋਨ ’ਤੇ ਟਾਈਮ ਪਾਸ ਕਰਕੇ ਆਪਣੀ ਡਿਊਟੀ ਪੂਰੀ ਕਰ ਜਾਂਦੇ ਹਨ।

‘ਹੈਂ…ਅ…ਅ, ਅੱ..ਛਾ, ਹਲਾ ?’ ਦੇ ਹੁੰਘਾਰੇ ਭਰ ਕੇ ਬੜੀ ਦਿਲਚਸਪੀ ਨਾਲ਼ ਮੇਰੀ ਇਹ ਗੱਲ ਸੁਣ ਰਹੇ ਪੰਜਾਬ ਵਾਲ਼ੇ ਮਿੱਤਰ ਤੋਂ ਮੈਂ ਤਵੱਕੋ ਕਰ ਰਿਹਾ ਸਾਂ ਕਿ ਉਹ ਸਾਰੀ ਜਾਣਕਾਰੀ ਸੁਣ ਕੇ ਬਾਹਰਲੇ ਮੁਲਕਾਂ ਦੀ ਸਿਫਤ ਕਰਦਿਆਂ ਇੱਥੋਂ ਦੇ ਲੋਕ-ਸੇਵਕ ਸਿਸਟਮ ਦੀ ਭਰਪੂਰ ਵਡਿਆਈ ਕਰੇਗਾ ਅਤੇ ਮੈਨੂੰ ਕਹੇਗਾ ਕਿ ਯਾਰ ਤੁਸੀਂ ਕਿਸਮਤ ਵਾਲ਼ੇ ਹੋ! ਪਰ ਮੇਰੀ ਆਸ ਦੇ ਉਲਟ ਮੇਰੀ ਗੱਲ ਮੁੱਕਦਿਆਂ ਹੀ ਉਹ ਬੋਲਿਆ-

‘ਏਦਾਂ ਫਿਰ ਬੱਲੇ-ਰੱਤੇ ਬੱਸ ਲੈ ਕੇ ਵਿਹਲਾ ਖੜ੍ਹਾ ਡਰਾਈਵਰ, ਬੱਸ ਦਾ ਤੇਲ ਵੇਚ ਕੇ ‘ਡਬਲ ਕਮਾਈ’ ਤਾਂ ਕਰ ਲੈਂਦਾ ਹੋਣਾ ਐਂ ਯਾਰਾ ?’

ਕੈਲੇਫੋਰਨੀਂਆਂ ਸਟੇਟ ਦੇ ਇਕ ਸ਼ਹਿਰ ਵਿਚ ਘੁੰਮਦਿਆਂ ਦੇਸੀ ਮਿੱਤਰ ਦਾ ਇਹ ਅਨੋਖਾ ਸਵਾਲ ਸੁਣ ਕੇ ਮੈਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਪੰਜਾਬ ਵਿਚ ਕੁੱਝ ਜਥੇਬੰਦੀਆਂ ਨੇ ਖੇਤਾਂ ਵਿਚ ਬਣੀਆਂ ਹੋਈਆਂ ਮੜ੍ਹੀਆਂ ਮਸਾਣਾ ਜਬਰਦਸਤੀ ਢਾਹੁਣ ਦਾ ਮਿਸ਼ਨ ਅਰੰਭਿਆ ਸੀ। ਤਦ ਇਕ ਦਾਨਿਸ਼ਵਰ ਪੰਜਾਬੀ ਨੇ ਸਲਾਹ ਦਿੱਤੀ ਸੀ ਕਿ ਜਦ ਤੱਕ ਸਾਡੇ ਮਨਾਂ ਵਿਚ ਬਣੀਆਂ ਹੋਈਆਂ ਮੜ੍ਹੀਆਂ ਨੇਸਤੋ ਨਬੂਦ ਨਹੀਂ ਹੁੰਦੀਆਂ ਉਦੋਂ ਤੱਕ ਬਾਹਰਲੀਆਂ ਮੜ੍ਹੀਆਂ ਢਾਹੁਣ ਦਾ ਕੋਈ ਫਾਇਦਾ ਨਹੀਂ ਹੋਣਾ!

Related posts

ਬਾਲ ਮਜ਼ਦੂਰੀ ਦੇ ਜਾਲ ਵਿੱਚ ਫਸਿਆ ਬਚਪਨ !

admin

ਠੱਗਾਂ ਤੋਂ ਬਚੋ : ਖ੍ਰੀਦਦਾਰੀ ਕਰਨ ਵੇਲੇ ਆਸਟ੍ਰੇਲੀਅਨ ਸੁਚੇਤ ਰਹਿਣ !

admin

The New Zealand Housing Survey Finds Kiwis Want More Housing Options and Housing Mobility !

admin