Breaking News International Latest News News

ਇਸਲਾਮਿਕ ਸਟੇਟ ਨੇ ਮੁੜ ਲਈ ਜ਼ਿੰਮੇਵਾਰੀ

ਕਾਬੁਲ – ਅਫ਼ਗਾਨਿਸਤਾਨ ’ਚ ਕੁਝ ਦਿਨਾਂ ਤੋਂ ਅਮਰੀਕੀ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਵਾਰ ਪਲਟਵਾਰ ਦੀ ਖੇਡ ਤੇਜ਼ ਹੋ ਗਈ ਹੈ। ਰਾਜਧਾਨੀ ਕਾਬੁਲ ਵੀ ਇਸ ਜੰਗ ’ਚ ਝੁਲਸਦੀ ਨਜ਼ਰ ਆ ਰਹੀ ਹੈ। ਅੱਤਵਾਦੀਆਂ ਨੇ ਸੋਮਵਾਰ ਨੂੰ ਸਵੇਰੇ ਹੀ ਕਾਬੁਲ ਹਵਾਈ ਅੱਡੇ ’ਤੇ ਇਕ ਤੋਂ ਬਾਅਦ ਇਕ ਕਈ ਰਾਕੇਟ ਦਾਗੇ। ਹਾਲਾਂਕਿ, ਅਮਰੀਕਾ ਨੇ ਪੰਜ ਰਾਕੇਟ ਹਮਲਿਆਂ ਨੂੰ ਅਸਫਲ ਕਰ ਦਿੱਤਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਅਨੁਸਾਰ, ਹਵਾਈ ਅੱਡੇ ਵੱਲ ਆਉਂਦੇ ਇਨ੍ਹਾਂ ਰਾਕੇਟਾਂ ਨੂੰ ਅਮਰੀਕੀ ਡਿਫੈਂਸ ਮਿਜ਼ਾਈਲ ਸਿਸਟਮ ਨੇ ਰਸਤੇ ’ਚ ਹੀ ਖ਼ਤਮ ਕਰ ਦਿੱਤਾ। ਹੁਣ ਇਸਲਾਮਿਕ ਸਟੇਟ ਨੇ ਇਕ ਵਾਰ ਮੁੜ ਇਨ੍ਹਾਂ ਤਾਜ਼ਾ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।   ਇਸਲਾਮਿਕ ਸਟੇਟ ਦੇ ਨਸ਼ੇਰ ਨਿਊਜ਼ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ ਹਮਲਾ ਅਸੀਂ ਕੀਤਾ ਹੈ। ਅੱਲ੍ਹਾ ਦੀ ਮਰਜ਼ੀ ਨਾਲ ਖਲੀਫ਼ਾ ਦੇ ਫ਼ੌਜੀਆਂ ਨੇ ਕਾਬੁਲ ਕੌਮਾਂਤਰੀ ਹਵਾਈ ਅੱੜੇ ਨੂੰ ਛੇ ਰਾਕੇਟਾਂ ਨਾਲ ਨਿਸ਼ਾਨਾ ਬਣਾਇਆ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ, ਉਨ੍ਹਾਂ ਦੀ ਫ਼ੌਜ ਨੇ ਪੰਜ ਰਾਕੇਟਾਂ ਨੂੰ ਮਿਜ਼ਾਈ ਡਿਫੈਂਸ ਸਿਸਟਮ ਦੀ ਮਦਦ ਨਾਲ ਖਤਮ ਕਰ ਦਿੱਤਾ। ਹਾਲਾਂਕਿ, ਕੁਝ ਰਾਕੇਟ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਡਿੱਗੇ। ਯਾਦ ਰਹੇ ਕਿ ਹਾਲ ਦੇ ਦਿਨਾਂ ’ਚ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਇਸਲਾਮਿਕ ਸਟੇਟ ਨੇ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ। ਯਾਦ ਰਹੇ ਕਿ ਬੀਤੇ ਵੀਰਵਾਰ ਨੂੰ ਕਾਬੁਲ ਏਅਰਪੋਰਟ ਦੇ ਬਾਹਰ ਦੋ ਆਤਮਘਾਤੀ ਬੰਬ ਧਮਾਕੇ ਹੋਏ ਸਨ ਜਿਨ੍ਹਾਂ ’ਚ 13 ਅਮਰੀਕੀ ਫ਼ੌਜੀਆਂ ਸਮੇਤ ਕੁੱਲ 192 ਲੋਕ ਮਾਰੇ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸ-ਕੇ) ਨੇ ਲਈ ਸੀ। ਇਸ ਤੋਂ ਬਾਅਦ ਅਮਰੀਕੀ ਰਾਸਟਰਪਤੀ ਜੋਅ ਬਾਇਡਨ ਨੇ ਬਦਲਾ ਲੈਣ ਲਈ ਸੰਕਲਪ ਲਿਆ ਸੀ। ਬਾਇਡਨ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ’ਚ ਕਾਬੁਲ ਹਮਲੇ ਦੇ ਸਾਜ਼ਿਸ਼ਕਰਤਾਵਾਂ ਨੂੰ ਲੱਭ ਕੇ ਮਾਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਸੀ ਕਿ ਇਸ ਹਮਲੇ ਨੂੰ ਅਮਰੀਕਾ ਭੁੱਲੇਗਾ ਨਹੀਂ ਅਤੇ ਦੋਸ਼ੀਆਂ ਨੂੰ ਲੱਭ ਕੇ ਮਾਰਿਆ ਜਾਵੇਗਾ।

ਇਸ ਦੇ ਅਗਲੇ ਦਿਨ ਭਾਵ ਸ਼ੁੱਕਰਵਾਰ ਦੀ ਰਾਤ ਨੂੰ ਹੀ ਅਮਰੀਕੀ ਫ਼ੌਜ ਨੇ ਪਾਕਿਸਤਾਨ ਦੀ ਹੱਦ ਨਾਲ ਲੱਗਦੇ ਨਾਂਗਰਹਾਰ ਸੂਬੇ ’ਚ ਦੋ ਆਈਐੱਸ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਹਮਲੇ ’ਚ ਇਕ ਅੱਤਵਾਦੀ ਜ਼ਖ਼ਮੀ ਵੀ ਹੋਇਆ ਸੀ। ਮਾਰੇ ਗਏ ਅੱਤਵਾਦੀਆਂ ’ਤੇ ਕਾਬੁਲ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਵੱਲੋਂ ਲੋਕਾਂ ਨੂੰ ਕੱਢਣ ਦੇ ਆਖ਼ਰੀ ਦਿਨ ਤੋਂ ਠੀਕ ਪਹਿਲਾਂ ਰਾਜਧਾਨੀ ਕਾਬੁਲ ਦੇ ਏਅਰਪੋਰਟ ’ਤੇ ਫਿਰ ਹਮਲਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਏਅਰਪੋਰਟ ’ਤੇ ਤਾਇਨਾ ਅਮਰੀਕੀ ਫ਼ੌਜੀਆਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ।

ਇਸ ਦੌਰਾਨ ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਹੁਣ ਤਕ ਇਕ ਲੱਖ 14 ਹਜ਼ਾਰ 400 ਲੋਕਾਂ ਨੂੰ ਕੱਢਿਆ ਹੈ। ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ’ਚ ਅਮਰੀਕੀ ਸਮੇਤ ਵਿਦੇਸ਼ੀ ਅਤੇ ਅਫ਼ਗਾਨ ਨਾਗਰਿਕ ਸ਼ਾਮਲ ਹਨ। ਬੀਤੀ 15 ਅਗਸਤ ਨੂੰ ਤਾਲਿਬਾਨ ਦਾ ਅਫ਼ਗਾਨਿਸਤਾਨ ’ਤੇ ਕਬਜ਼ਾ ਤੋਂ ਬਾਅਦ ਕਾਬੁਲ ਏਅਰਪੋਰਟ ਤੋਂ ਵੱਡੇ ਪੱਧਰ ’ਤੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਆਪਣੇ ਸਭ ਤੋਂ ਲੰਬੇ ਯੁੱਧ ਨੂੰ ਖ਼ਤਮ ਕਰ ਕੇ 31 ਅਗਸਤ ਤਕ ਅਫ਼ਗਾਨਿਸਤਾਨ ਨੂੰ ਛੱਡ ਦੇਵੇਗਾ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor