ਅੰਮ੍ਰਿਤਸਰ – ਭਾਰਤ ਪਾਕਿਸਤਾਨ ਦੇਸ਼ਾ ਦਰਮਿਆਨ ਆਮ ਲੋਕਾਂ ਲਈ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਹੋਈ ਅਟਾਰੀ ਵਾਹਗਾ ਸਰਹੱਦ ਦੋਵਾਂ ਦੇਸ਼ਾਂ ਦੀ ਅਵਾਮ ਲਈ ਖੋਲ੍ਹ ਦਿੱਤੀ ਹੈ। ਕੋਰੋਨਾ ਮਹਾਮਾਰੀ ਕਾਰਨ ਦੋਵਾਂ ਦੇਸ਼ਾਂ ਵਲੋਂ ਇਹ ਸਰਹੱਦ ਸੀਲ ਕਰ ਦਿੱਤੀ ਗਈ ਸੀ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੈਂਕੜੇ ਯਾਤਰੂ ਇਕ ਦੂਸਰੇ ਦੇਸ਼ ਵਿਚ ਹੀ ਆਪਣੇ ਰਿਸ਼ਤੇਦਾਰਾਂ ਕੋਲ ਫਸ ਗਏ ਸਨ। ਇਹਨਾਂ ਵਿਚੋਂ ਕਈ ਯਾਤਰੂ ਜੋ ਧਾਰਮਿਕ ਸਥਾਨਾਂ ਦੀ ਯਾਤਰਾ ਦੌਰਾਨ ਪਾਕਿਸਤਾਨ ਤੋਂ ਭਾਰਤ ਆਏ ਇੱਧਰ ਫ਼ਸ ਗਏ ਸਨ ਜੋ ਲਗਾਤਾਰ ਹੁਣ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। ਦੋਵੇਂ ਦੇਸ਼ਾਂ ਵਲੋਂ ਖੋਲ੍ਹੀ ਗਈ ਅਟਾਰੀ ਵਾਹਗਾ ਸਰਹੱਦ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾ ਦੇ ਮੱਦੇਨਜ਼ਰ ਜ਼ਰੂਰੀ ਹਦਾਇਤ ਅਨੁਸਾਰ ਹੀ ਇਕ ਦੂਸਰੇ ਦੇਸ਼ ਦੇ ਨਾਗਰਿਕ ਨੂੰ ਲੈਣ ਦੇਣ ਦੀ ਹਾਮੀ ਭਾਰਤੀ ਇਮੀਗ੍ਰੇਸ਼ਨ ਅਤੇ ਪਾਕਿਸਤਾਨ ਇਮੀਗ੍ਰੇਸ਼ਨ ਵਲੋਂ ਸਹਿਮਤੀ ਪ੍ਰਗਟਾਈ ਗਈ ਹੈ ਜਿਸ ਕਰਕੇ ਹੁਣ ਭਾਰਤ ਪਾਕਿਸਤਾਨ ਦੇਸ਼ਾਂ ਵਲੋਂ ਇੱਕ ਦੂਸਰੇ ਦੇਸ਼ ਦੇ ਨਾਗਰਿਕਾਂ ਨੂੰ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਸਥਿੱਤ ਪਾਕਿਸਤਾਨ ਦੂਤਘਰ ਦਿੱਲੀ ਵਲੋਂ ਕਈ ਭਾਰਤੀ ਕਾਰੀਗਰ ਜੋ ਪਾਕਿਸਤਾਨ ਦੇ ਗੁਰਧਾਮਾਂ ਵਿਚ ਕਾਰ ਸੇਵਾ ਕਰਵਾ ਰਹੇ ਹਨ ਬਾਬਾ ਮਹਿਲ ਸਿੰਘ ਗੁਰੂ ਕੇ ਬਾਗ ਵਾਲਿਆਂ ਨੂੰ ਵੀਜ਼ੇ ਦੇ ਦਿੱਤੇ ਹਨ ਜੋ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿਚ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲਿਆਂ ਦੇ ਮਿਸਤਰੀ ਸਿੰਘ ਸੇਵਾਦਾਰ ਜਾ ਰਹੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਲੋਂ ਵੀਜ਼ੇ ਦੇ ਦਿੱਤੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਪਿਛਲੇ ਕਈ ਸਾਲਾਂ ਬਾਅਦ ਭਾਰਤੀ ਹਾਈ ਕਮਿਸ਼ਨ ਪਾਕਿਸਤਾਨੀ ਵਲੋਂ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ ਜੋ ਭਾਰਤ ਲਈ ਆਉਣੇ ਸ਼ੁਰੂ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਕੋਰੋਨਾ ਮਹਾਮਾਰੀ ਦੌਰਾਨ ਪਾਕਿਸਤਾਨ ਦੇਸ਼ ਵਿਚ ਫਸੇ ਭਾਰਤੀ ਆਉਣ ਵਾਲੇ ਦਿਨਾਂ ਵਿੱਚ ਆਪਣੇ ਵਤਨ ਪਰਤ ਰਹੇ ਹਨ। ਇਹਨਾਂ ਲੋਕਾਂ ਨੂੰ ਵੀ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਵਲੋਂ ਵੀਜ਼ੇ ਜਾਰੀ ਕਰ ਦਿੱਤੇ ਹਨ।ਅੱਜ ਭਾਰਤ ਸਰਕਾਰ ਵੱਲੋਂ ਵੀ ਭਾਰਤ ਵਿਖੇ ਰਹਿੰਦੇ ਕਰੀਬ 78 ਪਾਕਿਸਤਾਨੀ ਹਿੰਦੂ ਧਰਮ ਦੇ ਪਰਿਵਾਰਾਂ ਜੋ ਆਪਣੇ ਹਿੰਦੂ ਤੀਰਥ ਅਸਥਾਨ ਜੋਧਪੁਰ ਰਾਜਸਥਾਨ ਵਿਖੇ ਰੁਕੇ ਸਨ, ਦੇ ਕੋਰੋਨਾ ਟੈਸਟ ਕਰਵਾਉਣ ਉਪਰੰਤ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਾਕਿਸਤਾਨ ਭੇਜ ਦਿੱਤਾ ਗਿਆ ਹੈ।ਇੱਥੇ ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਇਕ ਲਿਖਤੀ ਪੱਤਰ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ 15 ਦਿਨ ਪਹਿਲਾਂ ਵਾਹਗਾ ਸਰਹੱਦ ਖੋਲ੍ਹ ਦਿੱਤੀ ਸੀ ਜੋ ਹੁਣ ਭਾਰਤ ਵਲੋਂ ਆਪਣੇ ਦੇਸ਼ ਦੀ ਅਟਾਰੀ ਸਰਹੱਦ ਨੂੰ ਦੋਵੇ ਦੇਸ਼ਾਂ ਦਰਮਿਆਨ ਵੀਜ਼ਾ ਲੈ ਆਉਣ ਜਾਣ ਵਾਲੇ ਯਾਤਰੂਆਂ ਲਈ ਖੋਲ੍ਹ ਦਿੱਤਾ ਗਿਆ ਹੈ।