ਨਵੀਂ ਦਿੱਲੀ – ਕੋਰੋਨਾ ਸੰਕਟਕਾਲ ‘ਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਐੱਮਫਿਲ ਤੇ ਪੀਐੱਚਡੀ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਥੀਸਸ ਜਮ੍ਹਾਂ ਕਰਨ ਦੀ ਮਿਆਦ ਵਧਾ ਦਿੱਤੀ ਹੈ। ਵਿਦਿਆਰਥੀ ਹੁਣ 31 ਦਸੰਬਰ, 2021 ਤਕ ਆਪਣੀ ਥੀਸਸ ਜਮ੍ਹਾਂ ਕਰ ਸਕਣਗੇ। ਕੋਰੋਨਾ ਸੰਕਟ ਕਾਲ ‘ਚ ਵਿਦਿਅਕ ਅਦਾਰਿਆਂ ਦੇ ਬੰਦ ਹੋਣ ਨਾਲ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦਾ ਥੀਸਸ ਦਾ ਕੰਮ ਸਮੇਂ ‘ਤੇ ਨਹੀਂ ਹੋ ਸਕਿਆ। ਵਿਦਿਆਰਥੀਆਂ ਨੇ ਇਸ ਸਬੰਧੀ ਯੂਨੀਵਰਸਿਟੀਆਂ ਤੇ ਯੂਜੀਸੀ ਨੂੰ ਥੀਸਸ ਜਮ੍ਹਾਂ ਕਰਵਾਉਣ ਲਈ ਹੋਰ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਯੂਜੀਸੀ ਨੇ ਹੋਰ ਸਮਾਂ ਦੇਣ ਦੀ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਇਹ ਸਾਫ਼ ਕੀਤਾ ਹੈ ਕਿ ਥੀਸਸ ਜਮ੍ਹਾਂ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਹੈ ਪਰ ਫੈਲੋਸ਼ਿਪ ਦੀ ਮਿਆਦ ਸਿਰਫ਼ ਪੰਜ ਸਾਲ ਹੀ ਹੋਵੇਗੀ। ਇਸ ਦੇ ਨਾਲ ਹੀ ਇਸ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਦੇ ਥੀਸਸ ਜਮ੍ਹਾਂ ਕਰਨ ਦਾ ਸਮਾਂ 31 ਦਸੰਬਰ ਤਕ ਜਾਂ ਉਸ ਤੋਂ ਪਹਿਲਾਂ ਦਾ ਸੀ, ਉਨ੍ਹਾਂ ਨੂੰ ਵੀ ਇਸੇ ਤਰੀਕ ਤਕ ਥੀਸਸ ਦਾ ਕੰਮ ਪੂਰਾ ਕਰ ਕੇ ਜਮ੍ਹਾਂ ਕਰਨ ਲਈ ਕਿਹਾ ਗਿਆ ਹੈ। ਯੂਜੀਸੀ ਨੇ ਸਾਫ਼ ਕਿਹਾ ਹੈ ਕਿ ਥੀਸਸ ਜਮ੍ਹਾਂ ਕਰਨ ਦੀ ਤਰੀਕ ‘ਚ ਹੁਣ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਹਾਲਤ ‘ਚ ਵਿਦਿਆਰਥੀ ਤੈਅ ਸਮੇਂ ‘ਤੇ ਆਪਣਾ ਥੀਸਸ ਜਮ੍ਹਾਂ ਕਰਨ ਦਾ ਕੰਮ ਪੂਰਾ ਕਰ ਲੈਣ।