ਜੰਮੂ – ਆਪਣਾ ਹਿੰਦੂਵਾਦੀ ਅਕਸ ਘੜ੍ਹਨ ’ਚ ਲੱਗੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀਆਂ ਪਵਿੱਤਰ ਪਿੰਡੀਆਂ ਨੂੰ ‘ਸਿੰਬਲ’ ਦਾ ਨਾਂ ਦੇ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ’ਚ ਆਗੂੁਆਂ ਤੇ ਵਰਕਰਾਂ ਵੱਲੋਂ ਕਾਂਗਰਸ ਦੇ ਝੰਡੇ ਲੈ ਕੇ ਚੱਲਣ ’ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ। ਵੱਖ-ਵੱਖ ਹਿੰਦੂ ਸੰਗਠਨਾਂ ਨੇ ਕਿਹਾ ਕਿ ਰਾਹੁਲ ਨੇ ਕਰੋੜਾਂ ਲੋਕਾਂ ਧਾਰਮਿਕ ਸ਼ਰਧਾ ਤੇ ਆਸਥਾ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਰਾਹੁਲ ਤੇ ਉਨ੍ਹਾਂ ਦੇ ਨੇਤਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਸ਼ਰਧਾ ਭਾਵ ਨਾਲ ਨਹੀਂ ਬਲਕਿ ਆਪਣੇ ਸਿਆਸੀ ਸੁਆਰਥ ਲਈ ਕਰਨ ਪੁੱਜੇ ਸਨ।
ਜੰਮੂ ’ਚ ਸ਼ੁੱਕਰਵਾਰ ਨੂੰ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਆਪਣੀ ਹਾਜ਼ਰੀ ਦਾ ਜ਼ਿਕਰ ਕਰਦਿਆਂ ਪਵਿੱਤਰ ਪਿੰਡੀਆਂ ਨੂੰ ‘ਸਿੰਬਲ’ ਕਿਹਾ। ਹਾਲਾਂਕਿ ਰੈਲੀ ’ਚ ਮੌਜੂਦ ਕਾਂਗਰਸੀਆਂ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ, ਪਰ ਆਮ ਲੋਕਾਂ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਡਾ. ਮੋਨਿਕ ਲੰਗੇਹ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਸਲਾਹਕਾਰਾਂ ਤੋਂ ਇਸ ਤੋਂ ਬਿਹਤਰ ਉਮੀਦ ਨਹੀਂ ਕਰ ਸਕਦੀ। ਉਹ ਤੀਰਥਯਾਤਰਾ ’ਤੇ ਆਏ, ਪਰ ਤੁਹਾਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਪਿੱਛੇ-ਪਿੱਛੇ ਕਾਂਗਰਸ ਵਰਕਰ ਕਾਂਗਰਸ ਦੇ ਝੰਡੇ ਲੈ ਕੇ ਚੱਲ ਰਹੇ ਸਨ। ਅਜਿਹਾ ਲੱਗ ਰਿਹਾ ਸੀ ਕਿ ਮਾਤਾ ਦੇ ਦਰਬਾਰ ’ਚ ਕੋਈ ਸਿਆਸੀ ਰੈਲੀ ਹੋਣ ਜਾ ਰਹੀ ਹੈ। ਜੇਕਰ ਉਹ ਆਸਥਾ ਨਾਲ ਆਏ ਹੁੰਦੇ ਤਾਂ ਆਪਣੀ ਤੀਰਥ ਯਾਤਰਾ ਦਾ ਸਿਆਸੀ ਇਸਤੇਮਾਲ ਨਹੀਂ ਕਰਦੇ।