ਜਗਰਾਉਂ – ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪ੍ਰਵਾਨ ਨਾ ਹੋਣ ‘ਤੇ ਰੋਸ ਵਜੋਂ ਅੱਜ ਨੌਜਵਾਨਾਂ ਨੇ ਏਅਰਪੋਰਟ ਦੇ ਦਿਸ਼ਾ-ਸੂਚਕ ਬੋਰਡ ‘ਤੇ ਕਾਲਖ ਮਲ ਕੇ ਰੋਸ ਦਾ ਇਜ਼ਹਾਰ ਕੀਤਾ। ਸੁੱਖ ਜਗਰਾਓ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਹਲਵਾਰਾ ਪਹੁੰਚ ਕੇ ਰਾਏਕੋਟ ਲੁਧਿਆਣਾ ਮੁੱਖ ਮਾਰਗ ‘ਤੇ ਲੱਗੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਦਿਸ਼ਾ-ਸੂਚਕ ਬੋਰਡ ‘ਤੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਮੰਗ ਨੂੰ ਲੈ ਕੇ ਬੈਨਰ ਲਟਕਾਇਆ, ਉਥੇ ਅੰਤਰਰਾਸ਼ਟਰੀ ਹਵਾਈ ਅੱਡੇ ਵਾਲੇ ਦਿਸ਼ਾ ਸੂਚਕ ਲਿਖੇ ਅੱਖਰਾਂ ‘ਤੇ ਕਾਲਖ ਮਲ ਦਿੱਤੀ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਲੰਮੇ ਸਮੇਂ ਤੋਂ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਲਈ ਤਰਲੇ ਮਿੰਨਤਾਂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰਾਂ ਜੋ ਪੂਰੀ ਤਰ੍ਹਾਂ ਸ਼ਹੀਦਾਂ ਨੂੰ ਵਿਸਾਰ ਚੁੱਕੀਆਂ ਹਨ, ਉਨਾਂ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਇਸੇ ਰੋਸ ਵਜੋਂ ਅੱਜ ਉਨ੍ਹਾਂ ਨੇ ਇਹ ਕਦਮ ਚੁੱਕਿਆ।