ਕੈਨਬਰਾ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਆਸਟ੍ਰੇਲੀਆ ਦੇ ਅਮਰੀਕਾ ਨਾਲ ਨਵੇਂ ਪਰਮਾਣੂ ਪਣਡੁੱਬੀ ਗੱਠਜੋੜ ਦੀ ਚੀਨੀ ਆਲੋਚਨਾ ਨੂੰ ਰੱਦ ਕਰ ਦਿੱਤਾ। ਮੌਰਿਸਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਸ਼ਾਇਦ ਉਹਨਾਂ ਦਾ ਨਾਂ ਭੁੱਲ ਗਏ ਹਨ। ਆਸਟ੍ਰੇਲੀਆ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਵਧਾਉਣਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਮੌਰਿਸਨ, ਅਮਰੀਕਨ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵਲੋਂ ਵਰਚੁਅਲ ਤਰੀਕੇ ਦੇ ਜ਼ਰੀਏ ਇੱਕ ਤਿਕੋਣੇ ਰੱਖਿਆ ਗੱਠਜੋੜ ਔਕਸ ਦਾ ਐਲਾਨ ਕੀਤਾ ਹੈ ਜੋ ਆਸਟ੍ਰੇਲੀਆ ਨੂੰ ਘੱਟੋ-ਘੱਟ ਅੱਠ ਪਰਮਾਣੂ ਪਣਡੁੱਬੀਆਂ ਦਾ ਬੇੜਾ ਮੁਹੱਈਆ ਕਰਵਾਏਗਾ। ਫਰ ਚੀਨ ਵਲੋਂ ਇਸਦੀ ਸਖਤ ਅਲੋਚਨਾ ਕੀਤੀ ਜਾ ਰਹੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਇਹ ਅਮਰੀਕਾ ਅਤੇ ਬ੍ਰਿਟੇਨ ਲਈ ਪ੍ਰਮਾਣੂ ਤਕਨਾਲੋਜੀ ਨੂੰ ਨਿਰਯਾਤ ਕਰਨ ਦਾ ‘ਬਹੁਤ ਗੈਰ ਜ਼ਿੰਮੇਵਾਰਾਨਾ’ ਢੰਗ ਹੈ।
ਸਕੌਟ ਮੌਰਿਸਨ ਨੇ ਕਿਹਾ ਹੈ,’ਅਸੀਂ ਸੰਯੁਕਤ ਰਾਜ ਅਮਰੀਕਾ ਨਾਲ ਜੋ ਵੀ ਕੀਤਾ ਹੈ ਉਹ ਉਹਨਾਂ ਸਾਂਝੇਦਾਰੀਆਂ, ਸੰਬੰਧਾਂ ਅਤੇ ਗੱਠਜੋੜ ਦੇ ਅਨੁਕੂਲ ਹੈ ਜੋ ਅਸੀਂ ਪਹਿਲਾਂ ਹੀ ਸੰਯੁਕਤ ਰਾਜ ਨਾਲ ਕਰ ਚੁੱਕੇ ਹਾਂ।’ ਗਠਜੋੜ ਦੀਆਂ ਖ਼ਬਰਾਂ ਨੂੰ ਸਿੰਗਾਪੁਰ ਵਿੱਚ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ,”ਟਾਪੂ-ਰਾਜ ਦੇ ਪ੍ਰਧਾਨ ਮੰਤਰੀ ਲੀ ਹਿਸੇਨ ਲੂੰਗ ਨੇ ਇੱਕ ਫੋਨ ਕਾਲ ਵਿੱਚ ਮੌਰਿਸਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਰਮਾਣੂ ਸਮਝੌਤਾ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਵਿੱਚ ਰਚਨਾਤਮਕ ਯੋਗਦਾਨ ਪਾਏਗਾ ਅਤੇ ਖੇਤਰੀ ਢਾਂਚੇ ਦਾ ਪੂਰਕ ਹੋਵੇਗਾ’। ਫਰਾਂਸ ਦੇ ਨੇਤਾ ਇਸ ਸਮਝੌਤੇ ਦੀ ਨਿਖੇਧੀ ਕਰ ਰਹੇ ਹਨ ਕਿ ਆਸਟ੍ਰੇਲੀਆ ਲਈ 12 ਰਵਾਇਤੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਬਣਾਉਣ ਲਈ ਫਰਾਂਸ ਨਾਲ ਹੋਏ ਇਕਰਾਰਨਾਮੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਜੋਅ ਬਾਈਡੇਨ ਔਸਕ ਸੁਰੱਖਿਆ ਸਮਝੌਤੇ ਦੀ ਨਿਊਜ਼ ਕਾਨਫਰੰਸ ਦੌਰਾਨ ਆਸਟ੍ਰੇਲੀਆ ਦੇ ਮੌਰਿਸਨ ਦਾ ਨਾਮ ਭੁੱਲ ਗਏ ਜਿਕਸਦੀ ਮੀਡੀਆ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ। ਇਸ ਕਾਨਫਰੰਸ ਨੂੰ ਤਿੰਨ ਦੇਸ਼ਾਂ ਦੇ ਮੀਡੀਆ ਦੇ ਵਲੋਂ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਬਾਈਡੇਨ ਨੇ ਸਕੌਟ ਮੌਰਿਸਨ ਨੂੰ “ਪਾਲ” ਅਤੇ “ਸਾਥੀ ਡਾਊਨ ਅੰਡਰ” ਦੇ ਰੂਪ ਵਿਚ ਦੱਸਿਆ। ਬਾਈਡੇਨ ਨੇ ਮੌਰਿਸਨ ਦੇ ਨਾਮ ਦੀ ਵਰਤੋਂ ਨਹੀਂ ਕੀਤੀ, ਜਦਕਿ ਉਸਨੇ ਜੌਨਸਨ ਨੂੰ “ਬੋਰਿਸ” ਕਿਹਾ। ਇਸ ਨੇ ਆਸਟ੍ਰੇਲੀਅਨ ਲੋਕਾਂ ਨੂੰ ਯਾਦ ਦਿਵਾਇਆ ਕਿ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੁਲਾਰੇ ਸੀਨ ਸਪਾਈਸਰ ਨੇ 2017 ਵਿੱਚ ਮੌਰਿਸਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ ਵਾਰ-ਵਾਰ “ਮਿਸਟਰ ਟ੍ਰੰਬਲ” ਕਿਹਾ ਸੀ।
ਇਥੇ ਇਹ ਵੀ ਵਰਨਣਯੋਗ ਹੈ ਕਿ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਮੌਰਿਸਨ ਅਗਲੇ ਹਫ਼ਤੇ ਸੰਯੁਕਤ ਰਾਜ ਦਾ ਦੌਰਾ ਕਰਨਗੇ। ਕਵਾਡ ਸੁਰੱਖਿਆ ਵਾਰਤਾ ਦੀ ਬੈਠਕ ਵਿਚ ਇਸ ਜੋੜੀ ਨਾਲ ਭਾਰਤ ਅਤੇ ਜਾਪਾਨ ਦੇ ਨੇਤਾ ਵੀ ਸ਼ਾਮਲ ਹੋਣਗੇ।