ਚੰਡੀਗੜ੍ਹ – ਸ਼ਹਿਰ ਵਿਚ 18 ਸਾਲ ਤੋਂ ਘੱਟ ਉਮਰ ਦੇ 80.2 ਫੀਸਦੀ ਬੱਚਿਆਂ ਵਿਚ ਐਂਟੀਬਾਡੀ ਪਾਈ ਗਈ ਹੈ। ਇਹ ਤੱਥ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪੀਟਲ (ਜੀਐੱਮਸੀਐੱਚ-32) ਦੇ ਸੀਰੋ ਸਰਵੇ ਰਿਪੋਰਟ ਸਾਹਮਣੇ ਆਏ ਹਨ। ਜੀਐੱਮਸੀਐੱਚ-32 ਨੇ ਜੁਲਾਈ 2021 ਵਿਚ ਸ਼ਹਿਰ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਐਂਟੀਬਾਡੀ ਦੀ ਜਾਂਚ ਲਈ ਸੀਰੋ ਸਰਵੇ ਸ਼ੁਰੂ ਕੀਤਾ ਸੀ। ਸੀਰੋ ਸਰਵੇ ਪੂਰਾ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਜੀਐੱਮਸੀਐੱਚ-32 ਹਸਪਤਾਲ ਪ੍ਰਸ਼ਾਸਨ ਵੱਲੋਂ ਇਸਦੀ ਰਿਪੋਰਟ ਜਾਰੀ ਕੀਤੀ ਗਈ। ਜੀਐੱਮਸੀਐੱਚ-32 ਹਸਪਤਾਲ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਕੀਤੇ ਗਏ ਸੀਰੋ ਸਰਵੇ ਵਿਚ 1200 ਬੱਚਿਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 80.2 ਫੀਸਦੀ ਸੈਂਪਲ ਵਿਚ ਐਂਟੀਬਾਡੀ ਪਾਈ ਗਈ ਮਤਲਬ ਇਹ ਬੱਚੇ ਕਦੀ ਕੋਰੋਨਾ ਇਨਫੈਕਸ਼ਨ ਦੀ ਲਪੇਟ ਵਿਚ ਆਏ ਸਨ ਤੇ ਇਨਫੈਕਸ਼ਨ ਤੋਂ ਰਿਕਵਰ ਕਰਨ ਤੋਂ ਬਾਅਦ ਇਨ੍ਹਾਂ ਦੇ ਸਰੀਰ ਵਿਚ ਕੁਝ ਹਫਤਿਆਂ ਬਾਅਦ ਐਂਟੀਬਾਡੀ ਬਣਨੀ ਸ਼ੁਰੂ ਹੋ ਗਈ ਸੀ। ਸ਼ਹਿਰ ਵਿਚ 30 ਵੱਖ-ਵੱਖ ਥਾਵਾਂ ਤੋਂ ਇਹ ਸੈਂਪਲ ਲਏ ਗਏ ਸਨ।