ਲਾਤੇਹਾਰ – ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ ਅੱਜ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਬਾਲੂਮਾਥ ਥਾਣਾ ਖੇਤਰ ਅੰਤਰਗਤ ਬੁਕਰੂ ਦੇ ਮੰਡੀਹ ਟੋਲੇ ’ਚ ਸ਼ਨੀਵਾਰ ਨੂੰ ਕਰਮ ਡਾਲੀ ਦੇ ਵਿਜਰਸਨ ਦੌਰਾਨ ਤਾਲਾਬ ਦੇ ਡੂੰਘੇ ਪਾਣੀ ’ਚ ਡੁੱਬਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਵੱਡੀ ਗਿਣਤੀ ’ਚ ਗ੍ਰਾਮੀਣ ਅਤੇ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਹਨ। ਮਾਮਲੇ ਜੀ ਜਾਣਕਾਰੀ ਮਿਲਣ ’ਤੇ ਪੂਰੇ ਜ਼ਿਲ੍ਹੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਲੈ ਕੇ 20 ਸਾਲ ਵਿਚਕਾਰ ਹੈ। ਬਾਲੂਮਾਥ ਥਾਣਾ ਪੁਲਿਸ ਸਾਰੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਬਾਲੂਮਾਥ ਲੈ ਆਈ ਹੈ। ਸੱਤ ਮਿ੍ਰਤਕਾਂ ’ਚ ਤਿੰਨ ਮਿ੍ਰਤਕਾ ਸਕੀਆਂ ਭੈਣਾਂ ਹਨ।
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਲਾਤੇਹਾਰ ਜ਼ਿਲ੍ਹੇ ਦੇ ਸ਼ੇਰੇਗਾੜਾ ਪਿੰਡ ’ਚ ਕਰਮ ਡਾਲੀ ਵਿਸਰਜਨ ਦੌਰਾਨ 7 ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਮਰਹੂਮ ਬੱਚਿਆਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਹੈ ਤੇ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ ਹੈ।