ਕੋਪੱਲ – ਦੋ ਸਾਲਾ ਬੱਚਾ ਇਕ ਹਨੂਮਾਨ ਮੰਦਰ ’ਚ ਭਗਵਾਨ ਦਾ ਅਸ਼ੀਰਵਾਦ ਮੰਗਣ ਲਈ ਅੰਦਰ ਕੀ ਵੜ ਗਿਆ, ਉਸ ਦੇ ਪਰਿਵਾਰ ਸਾਹਮਣੇ ਮੁਸੀਬਤ ਪੈਦਾ ਹੋ ਗਈ। ਉਸ ਦੇ ਮਾਤਾ-ਪਿਤਾ ’ਤੇ ਇਸਦੇ ਲਈ 35 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਇਹ ਮਾਮਲਾ ਕਰਨਾਟਕ ਦੇ ਕੋਪੱਲ ਜ਼ਿਲ੍ਹੇ ’ਚ ਹਨੂਮਾਨ ਸਾਗਰ ਦੇ ਨਜ਼ਦੀਕ ਮਿਆਂਪੁਰ ਪਿੰਡ ਦਾ ਹੈ। ਬੱਚੇ ਨੂੰ ਉਸ ਦੇ ਪਿਤਾ ਉਸ ਦੇ ਜਨਮ ਦਿਨ ਮੌਕੇ ਹਨੂਮਾਨ ਮੰਦਰ ਲੈ ਕੇ ਗਏ ਸਨ। ਕਿਉਂਕਿ ਦਲਿਤਾਂ ਨੂੰ ਇੱਥੇ ਮੰਦਰ ’ਚ ਵੜਨ ਦੀ ਇਜਾਜ਼ਤ ਨਹੀਂ ਹੈ, ਇਸ ਲਈ ਉਹ ਹਮੇਸ਼ਾ ਮੰਦਰ ਦੇ ਬਾਹਰ ਖੜ੍ਹੇ ਹੋ ਕੇ ਪ੍ਰਾਰਥਨਾ ਕਰਦੇ ਹਨ। ਪਿਤਾ ਆਪਣੇ ਬੇਟੇ ਨਾਲ ਮੰਦਰ ਦੇ ਬਾਹਰੋਂ ਹੀ ਭਗਵਾਨ ਨੂੰ ਪ੍ਰਾਰਥਨਾ ਕਰਨਾ ਚਾਹੁੰਦਾ ਸੀ। ਉਤਸ਼ਾਹ ’ਚ ਬੱਚਾ ਮੰਦਰ ’ਚ ਵੜ ਗਿਆ ਤੇ ਭਗਵਾਨ ਨੂੰ ਪ੍ਰਣਾਮ ਕਰ ਕੇ ਵਾਪਸ ਆ ਗਿਆ। ਇਹ ਘਟਨਾ ਚਾਰ ਸਤੰਬਰ ਨੂੰ ਹੋਈ ਸੀ। ਪਿੰਡ ’ਚ ਉੱਚੀ ਜਾਤ ਦੇ ਲੋਕਾਂ ਵਿਚ ਇਹ ਵੱਡਾ ਮੁੱਦਾ ਬਣ ਗਿਆ। ਉਨ੍ਹਾਂ ਲੋਕਾਂ ਨੇ ਸੋਚਿਆ ਕਿ ਦਲਿਤ ਬੱਚੇ ਦੇ ਪ੍ਰਵੇਸ਼ ਨਾਲ ਮੰਦਰ ਅਪਵਿੱਤਰ ਹੋ ਗਿਆ ਹੈ। ਉਨ੍ਹਾਂ ਨੇ 11 ਸਤੰਬਰ ਨੂੰ ਬੈਠਕ ਕੀਤੀ ਤੇ ਬੱਚੇ ਦੇ ਮਾਤਾ ਪਿਤਾ ਨੂੰ ਜੁਰਮਾਨੇ ਦੇ ਤੌਰ ’ਤੇ 35 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ। ਰਾਸ਼ੀ ਦਾ ਇਸਤੇਮਾਲ ਮੰਦਰ ਨੂੰ ਪਵਿੱਤਰ ਕਰਨ ਲਈ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾਚੱਕਰ ਦੀ ਜਾਣਕਾਰੀ ਮਿਲਣ ’ਤੇ ਪੁਲਿਸ, ਮਾਲੀਆ ਤੇ ਸਮਾਜ ਕਲਿਆਣ ਅਧਿਕਾਰੀਆਂ ਨੂੰ ਪਿੰਡ ’ਚ ਭੇਜਿਆ। ਅਧਿਕਾਰੀਆਂ ਨੇ ਸਾਰੇ ਪਿੰਡ ਵਾਲਿਆਂ ਦਰਮਿਆਨ ਛੂਤਛਾਤ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਚਲਾਇਆ। ਅਧਿਕਾਰੀਆਂ ਨੇ ਦਲਿਤ ਬੱਚੇ ਦੇ ਮਾਤਾ-ਪਿਤਾ ’ਤੇ ਜੁਰਮਾਨਾ ਲਾਉਣ ਵਾਲੇ ਉੱਚੀ ਜਾਤ ਦੇ ਲੋਕਾਂ ਨੂੰ ਬੁਲਾਇਆ ਤੇ ਦੁਬਾਰਾ ਅਜਿਹਾ ਕਰਨ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ। ਉਨ੍ਹਾਂ ਲੋਕਾਂ ਨੇ ਬੱਚੇ ਦੇ ਮਾਤਾ ਪਿਤਾ ਤੋਂ ਮਾਫ਼ੀ ਮੰਗੀ। ਪੁਲਿਸ ਨੇ ਬੱਚੇ ਦੇ ਮਾਤਾ ਪਿਤਾ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ, ਪਰ ਪਿੰਡ ਦੇ ਬਜ਼ੁਰਗਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ, ਕਿਉਂਕਿ ਇਸ ਨਾਲ ਦੁਸ਼ਮਣੀ ਵਧ ਸਕਦੀ ਹੈ।