India

184 ਸਾਲ ਪੁਰਾਣਾ ਬ੍ਰਿਟਿਸ਼ ਕਾਲ ਦਾ ਮਸੂਰੀ ਲੰਢੌਰ ਡਾਕਘਰ ਬੰਦ

ਦੇਹਰਾਦੂਨ – ਬ੍ਰਿਟਿਸ਼ ਸ਼ਾਸਨਕਾਲ ’ਚ ‘ਪਹਾਡ਼ਾਂ ਦੀ ਰਾਣੀ’ ਮਸੂਰੀ ’ਚ ਸਾਲ 1837 ’ਚ ਸਥਾਪਤ ਲੰਢੌਰ ਡਾਕਘਰ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ਤੋਂ ਡਾਕ ਵਿਭਾਗ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਸੂਰੀ ’ਚ ਮਨੀ ਆਰਡਰ ਹਾਸਲ ਕਰਨ ਦੇ ਭੇਜਣ ਦਾ ਇਹ ਇਕੋ ਇਕ ਜ਼ਰੀਆ ਰਿਹਾ। ਸਥਾਨਕ ਵਾਸੀ ਇਸ ਸਮੇਂ ਤਕ ਪਾਰਸਲ, ਰਜਿਸਟਰੀ, ਸਪੀਡ ਪੋਸਟ ਤੇ ਬੈਂਕਿੰਗ ਦੀ ਸਹੂਲਤ ਲਈ ਇਸ ਡਾਕਘਰ ਦੀ ਵਰਤੋਂ ਕਰ ਰਹੇ ਸਨ। ਸੋਮਵਾਰ ਨੂੰ 184 ਸਾਲ ਪੁਰਾਣੇ ਡਾਕਘਰ ’ਚ ਕੰਮਕਾਜ ਬੰਦ ਕਰ ਕੇ ਸਾਮਾਨ ਦੀ ਸ਼ਿਫਟਿੰਗ ਸ਼ੁਰੂ ਕਰ ਦਿੱਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਡਾਕਘਰ ਨੂੰ ਬੰਦ ਕਰਨਾ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗਾ ਹੈ। ਲੰਢੌਰ ’ਚ ਡਾਕਘਰ ਦੀ ਸਥਾਪਨਾ ਮਸੂਰੀ ਦੀ ਸੰਸਥਾਪਕ ਕੈਪਟਨ ਫ੍ਰੈਡਰਿਕ ਯੰਗ ਨੇ ਕੀਤੀ ਸੀ। ਸਿੱਖਿਆ ਮਾਹਿਰ ਤੇ ਲੇਖਕ ਗਣੇਸ਼ ਸ਼ੈਲੀ ਦੱਸਦੇ ਹਨ ਕਿ ਮਸੂਰੀ ਦੇ ਸਭ ਤੋਂ ਪੁਰਾਣੇ ਲੰਢੌਰ ਬਾਜ਼ਾਰ ਦੇ ਮੱਧ ਬਾਊਲੀ ਦੇ ਨਜ਼ਦੀਕ ਡਾਕਘਰ ਦੀ ਸਥਾਪਨਾ ਸਾਲ 1837 ’ਚ ਹੋਈ ਸੀ। ਅੰਗਰੇਜ਼ਾਂ ਨੇ ਲੰਢੌਰ ਨੂੰ ਫ਼ੌਜੀ ਛਾਊਣੀ ਵਜੋਂ ਸਥਾਪਤ ਕੀਤਾ ਸੀ। ਇੱਥੇ ਬ੍ਰਿਟਿਸ਼ ਆਰਮੀ ਦੇ ਅਧਿਕਾਰੀ ਰਹਿੰਦੇ ਸਨ, ਲਿਹਾਜ਼ਾ ਉਨ੍ਹਾਂ ਦੀ ਸਹੂਲਤ ਲਈ ਹੀ ਇੱਥੇ ਡਾਕਘਰ ਖੋਲ੍ਹਿਆ ਗਿਆ। ਲੰਢੌਰ ਡਾਕਘਰ ਨੇ ਬਤੌਰ ਮੁੱਖ ਡਾਕਘਰ ਸਾਲ 1909 ਤਕ ਸੇਵਾ ਦਿੱਤੀ। ਇਸਦੇ ਬਾਅਦ ਡਾਕ ਵਿਭਾਗ ਨੇ ਮੱਧ ਕੁਲਡ਼ੀ ’ਚ ਨਵਾਂ ਮੁੱਖ ਡਾਕਘਰ ਬਣਾ ਦਿੱਤਾ। ਗਣੇਸ਼ ਸ਼ੈਲੀ ਦੱਸਦੇ ਹਨ ਕਿ ਮਸ਼ਹੂਰ ਸ਼ਿਕਾਰੀ ਜਿਮ ਕਾਰਬੈਟ ਦੇ ਪਿਤਾ ਕ੍ਰਿਸਟੋਫਰ ਵਿਲੀਅਮ ਕਾਰਬੈਟ ਨੇ ਡਾਕਘਰ ’ਚ ਬਤੌਰ ਪੋਸਟਮਾਸਟਰ 1850 ਤੋਂ 1863 ਤਕ ਸੇਵਾ ਦਿੱਤੀ ਸੀ। ਮਸੂਰੀ ਟ੍ਰੇਡਰਜ਼ ਐਂਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਅਗਰਵਾਲ ਦੇ ਮੁਤਾਬਕ, ਜਿਸ ਮਕਾਨ ’ਚ ਡਾਕਘਰ ਚਲਾਇਆ ਜਾ ਰਿਹਾ ਸੀ, ਉਸਦੇ ਮਾਲਿਕ ਦੀ ਡਾਕ ਵਿਭਾਗ ਦੇ ਨਾਲ ਮੁਕੱਦਮੇਬਾਜ਼ੀ ਚੱਲ ਰਹੀ ਸੀ। ਮਕਾਨ ਮਾਲਿਕ ਆਪਣੀ ਜ਼ਮੀਨ ਖ਼ਾਲੀ ਕਰਾਉਣ ਲਈ ਡਾਕ ਵਿਭਾਗ ਦੇ ਖਿਲਾਫ਼ ਕੋਰਟ ’ਚ ਗਿਆ ਸੀ। ਡਾਕ ਵਿਭਾਗ ਇਹ ਮੁਕੱਦਮਾ ਹਾਰ ਗਿਆ ਹੈ। ਇਸ ਸਮੇਂ ਡਾਕਘਰ ’ਚ ਲਗਪਗ ਨੌ ਹਜ਼ਾਰ ਖਾਤਾਧਾਰਕ ਹਨ ਜਿਨ੍ਹਾਂ ਨੂੰ ਕੁਲਡ਼ੀ ਡਾਕਘਰ ਟਰਾਂਸਫਰ ਕੀਤਾ ਜਾਵੇਗਾ। ਲੰਢੌਰ ਬਾਜ਼ਾਰ ’ਚ ਸਥਾਪਤ ਪੋਸਟ ਆਇਫਸ ਨੂੰ ਹਟਾਏ ਜਾਮ ਦੇ ਵਿਰੋਧ ’ਚ ਸੋਮਵਾਰ ਨੂੰ ਮਸੂਰੀ ਟ੍ਰੇਡਰਜ਼ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਅਗਰਵਾਲ ਦੀ ਅਗਵਾਈ ’ਚ ਨਵਪਾਰੀ ਤੇ ਖੇਤਰ ਵਾਸੀ ਪੋਸਟ ਆਫਿਸ ਦੇ ਸਾਹਮਣੇ ਸਡ਼ਕ ’ਤੇ ਧਰਨੇ ’ਤੇ ਬੈਠ ਗਏ। ਇੱਥੇ ਕਰੀਬ ਇਕ ਘੰਟਾ ਧਰਨਾ-ਪ੍ਰਦਰਸ਼ਨ ਚੱਲਦਾ ਰਿਹਾ। ਇਸ ਨਾਲ ਸਡ਼ਕ ’ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ।

Related posts

ਭਾਰਤ ਸਰਕਾਰ ਨੇ ਛੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦਾ ਕਈ ਖੇਤਰਾਂ ‘ਚ ਸੁਧਾਰ ਕੀਤਾ !

admin

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin

ਭਾਰਤ ਦਾ ਪਹਿਲਾ ਵੱਡਾ ਘਰੇਲੂ ਆਮਦਨ ਸਰਵੇਖਣ 2026 ਵਿੱਚ ਹੋਵੇਗਾ !

admin