ਉਦੈਪੁਰ – ਰਾਜਸਥਾਨ ’ਚ ਹੁਣ ਸਿੰਗਲ ਮਦਰ ਦੇ ਬੱਚਿਆਂ ਦੇ ਜਾਤੀ ਸਰਟੀਫਿਕੇਟ ਆਸਾਨੀ ਨਾਲ ਬਣ ਸਕਣਗੇ। ਅਸਲ ’ਚ ਇਸਦੇ ਲਈ ਪਿਤਾ ਦੇ ਨਾਂ ਤੇ ਜਾਤੀ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਇਸ ਸਬੰਧ ’ਚ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਜਿਹੀ ਸਹੂਲਤ ਦੇਣ ਵਾਲਾ ਰਾਜਸਥਾਨ ਦੇਸ਼ ਦਾ ਪਹਿਲਾ ਸੂਬਾ ਹੈ।
ਜਾਣਕਾਰੀ ਮੁਤਾਬਕ ਰਾਜਸਥਾਨ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਸਕੱਤਰ ਡਾ. ਸਮਿਤ ਸ਼ਰਮਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਮੁਤਾਬਕ ਐੱਸਸੀ, ਐੱਸਟੀ ਤੇ ਓਬੀਸੀ ਦੀਆਂ ਸਿੰਗਲ ਮਦਰ ਦੇ ਬੱਚਿਆਂ ਦੇ ਜਾਤੀ ਸਰਟੀਫਿਕੇਟ ਹੁਣ ਮਾਤਾ ਦੇ ਨਾਂ ਤੋਂ ਜਾਰੀ ਹੋ ਸਕਣਗੇ। ਇਸ ਦੇ ਨਾਲ ਹੀ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਯਾਨੀ ਈਡਬਲਯੂਐੱਸ ਦੀਆਂ ਸਿੰਗਲ ਮਦਰਜ਼ ਦੇ ਬੱਚਿਆਂ ਨੂੰ ਆਮਦਨ ਤੇ ਜਾਇਦਾਦ ਸਰਟੀਫਿਕੇਟ ਜਾਰੀ ਕੀਤੇ ਜਾ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ’ਚ ਬਿਨਾਂ ਪਿਤਾ ਦੇ ਨਾਂ ਤੇ ਜਾਤੀ ਦੱਸਣ ਦੇ ਜਾਤੀ ਸਰਟੀਫਿਕੇਟ ਜਾਰੀ ਨਹੀਂ ਹੁੰਦੇ ਸਨ। ਇਸ ਨਾਲ ਸਿੰਗਲ ਮਦਰਜ਼ ਦੇ ਬੱਚਿਆਂ ਨੂੰ ਜਾਤੀਗਤ ਰਾਖਵੇਂਕਰਨ ਦਾ ਲਾਭ ਨਹੀਂ ਮਿਲ ਪਾ ਰਿਹਾ ਸੀ।