ਕੋਲੰਬੋ – ਭਾਰਤੀ ਜਲ ਸੈਨਾ ਦੇ ਵਾਈਸ ਐਡਮਿਰਲ ਅਨਿਲ ਚਾਵਲਾ ਨੇ ਸ੍ਰੀਲੰਕਾਈ ਨੇਵੀ ਤੇ ਹਵਾਈ ਫ਼ੌਜ ਦੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ। ਰੱਖਿਆ ਸਹਿਯੋਗ ਤੇ ਆਪਸੀ ਮੇਲਜੋਲ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੀ ਜਲ ਸੈਨਾ ਚਾਰ ਦਿਨਾਂ ਸੰਯੁਕਤ ਸਿਖਲਾਈ ਅਭਿਆਸ ‘ਚ ਹਿੱਸਾ ਲੈ ਰਹੀ ਹੈ।
ਦੱਖਣੀ ਜਲ ਸੈਨਾ ਦੇ ਫਲੈਗ ਅਧਿਕਾਰੀ ਕਮਾਂਡਿੰਗ ਇਨ ਚੀਫ ਵਾਈਸ ਐਡਮਿਰਲ ਚਾਵਲਾ ਨੇ ਸ੍ਰੀਲੰਕਾ ਦੀ ਜਲ ਸੈਨਾ ਦੇ ਕਮਾਂਡਰ ਨਿਸ਼ਾਂਤ ਉਲੁਗੇਟੇਨੇ ਤੇ ਹਵਾਈ ਫ਼ੌਜ ਦੇ ਐੱਸਕੇ ਪਤਿਰਾਨਾ ਨਾਲ ਮੁਲਾਕਾਤ ਕੀਤੀ। ਸ੍ਰੀਲੰਕਾ ‘ਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਚਾਵਲਾ ਨੇ ਸ੍ਰੀਲੰਕਾ ਦੇ ਵਿਦੇਸ਼ ਸਕੱਤਰ ਜੈਅੰਤ ਕੋਲੰਬਗੇ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਐੱਨਡੀਸੀ (ਸ੍ਰੀਲੰਕਾ ਨੈਸ਼ਨਲ ਡਿਫੈਂਸ ਕਾਲਜ) ਫੈਕਲਟੀ ਨਾਲ ਗੱਲਬਾਤ ਕੀਤੀ ਤੇ ਭਾਰਤੀ ਜਲ ਸੈਨਾ ਦੇ ਸਾਬਕਾ ਟ੍ਰੇਨਰਾਂ ਦੇ ਮੇਲ-ਮਿਲਾਪ ‘ਚ ਹਿੱਸਾ ਲਿਆ। ਸ੍ਰੀਲੰਕਾ ‘ਚ 1987 ਤੋਂ 1990 ਦੌਰਾਨ ਭਾਰਤੀ ਸ਼ਾਂਤੀ ਫ਼ੌਜ ਦੇ ਰੂਪ ‘ਚ ਭਾਰਤੀ ਫ਼ੌਜ ਦਾ ਦਸਤਾ ਤਾਇਨਾਤ ਸੀ। ਸ੍ਰੀਲੰਕਾ ‘ਚ ਸਰਕਾਰੀ ਫ਼ੌਜ ਤੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਲਮ (ਲਿੱਟੇ) ਵਿਚਾਲੇ ਜਾਰੀ ਗ੍ਹਿ ਯੁੱਧ ਦੌਰਾਨ ਸ਼ਾਂਤੀ ਸਥਾਪਿਤ ਕਰਨ ‘ਚ ਭਾਰਤੀ ਫ਼ੌਜ ਨੇ ਭੂਮਿਕਾ ਨਿਭਾਈ ਸੀ। ਇਕ ਤਸਵੀਰ ‘ਚ ਚਾਵਲਾ ਸੰਘਰਸ਼ ‘ਚ ਸ਼ਹੀਦ ਹੋਏ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸਲਾਮੀ ਦਿੰਦੇ ਦਿਖਾਈ ਦਿੰਦੇ ਹਨ।