ਨਵੀਂ ਦਿੱਲੀ – ਕਾਂਗਰਸ ਦੀ ਅੱਜ ਇਕ ਅਹਿਮ ਬੈਠਕ ਸ਼ੁਰੂ ਹੋ ਗਈ ਹੈ। ਇਹ ਬੈਠਕ ਪੰਜ ਸੂਬਿਆਂ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੁਲਾਈ ਗਈ ਹੈ। ਇਸ ਬੈਠਕ ‘ਚ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਤੋਂ ਇਲਾਵਾ ਵਿਧਾਨ ਸਭਾ ਚੋਣ ਵਾਲੇ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨ ਤੇ ਇੰਚਾਰਜ ਵੀ ਹਿੱਸਾ ਲੈ ਰਹੇ ਹਨ। ਇਸ ਬੈਠਕ ਦੀ ਅਗਵਾਈ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੀ ਹੈ। ਇਸ ਬੈਠਕ ‘ਚ ਸੋਨੀਆ ਗਾਂਧੀ ਨੇ ਸਾਰਿਆਂ ਨੂੰ ਅਨੁਸ਼ਾਸਨ ‘ਚ ਤੇ ਇਕਜੁੱਟ ਰਹਿਣ ਦੀ ਹਿਦਾਇਤ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਗੂਆਂ ਤੋਂ ਪਹਿਲ ਕਰਨ ਤੇ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪਾਰਟੀ ਦੇ ਹਿੱਤ ‘ਚ ਕੰਮ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਹੋਣ ਤੇ ਲੜਣ ‘ਤੇ ਵੀ ਬਲ ਦਿੱਤਾ ਹੈ। ਉਨ੍ਹਾਂ ਨੇ ਇਸ ਬੈਠਕ ‘ਚ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਅਸੀਂ ਸੱਤਾਧਾਰੀ ਪਾਰਟੀ ਦੇ ਝੂਠ ਨੂੰ ਸਾਰਿਆਂ ਸਾਹਮਣੇ ਅੱਗੇ ਲਿਆਉਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਅਗਲੇ ਸਾਲ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਣੀਪੁਰ, ਉਤਰਾਖੰਡ ‘ਚ ਵਿਧਾਨ ਸਭਾ ਚੋਣ ਹੋਣੇ ਹਨ। ਇਨ੍ਹਾਂ ‘ਚੋਂ ਕਾਂਗਰਸ ਦੀ ਸਰਕਾਰ ਸਿਰਫ਼ ਪੰਜਾਬ ‘ਚ ਹੀ ਹੈ। ਇਹ ਬੈਠਕ ਪਾਰਟੀ ਹੈਡਕੁਆਰਟਰ ‘ਚ ਹੋ ਰਹੀ ਹੈ। ਇਸ ‘ਚ ਚੋਣ ਨੂੰ ਦੇਖਦੇ ਹੋਏ ਪਾਰਟੀ ਦੀ ਮੈਂਬਰਸ਼ਿਪ, ਵਰਕਰਾਂ ਨੂੰ ਟ੍ਰੇਨਿੰਗ ਤੇ ਵਿਧਾਨ ਸਭਾ ਚੋਣ ਦੀ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਹੋਈ ਪਾਰਟੀ ਦੀ ਵਰਕਿੰਗ ਕਮੇਟੀ ‘ਚ ਇਹ ਤੈਅ ਹੋਇਆ ਸੀ ਕਿ ਇਕ ਨਵੰਬਰ ਤੋਂ ਪਾਰਟੀ ਲੋਕਾਂ ਨੂੰ ਆਪਣੇ ਮੈਂਬਰ ਬਣਾਉਣ ਦੀ ਮੁਹਿੰਮ ਸ਼ੁਰੂ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਸੰਗਠਨ ‘ਚ ਹੋਣ ਵਾਲੇ ਚੋਣ ਨੂੰ ਫਿਲਹਾਲ ਟਾਲ਼ ਦਿੱਤਾ ਹੈ।
previous post