ਬੀਜਿੰਗ – ਚੀਨ ਨੇ ਹੋਰ ਗੁਆਂਢੀ ਮੁਲਕਾਂ ਵਾਂਗ ਅਫ਼ਗਾਨਿਸਤਾਨ ਦੇ ਖਣਿਜਾਂ ਤੇ ਹੋਰ ਵਸੀਲਿਆਂ ਨੂੰ ਨਿਚੋੜਣ ਦੀ ਤਿਆਰੀ ਕਰ ਲਈ ਹੈ। ਖਰਬਾਂ ਡਾਲਰ ਮੁੱਲ ਦੇ ਦੁਰਲੱਭ ਪਦਾਰਥਾਂ ਦੀ ਬਾਲ ’ਚ ਖਾਸ ਵੀਜ਼ੇ ’ਤੇ ਇਕ ਚੀਨੀ ਵਫ਼ਦ ਅਫ਼ਗਾਨਿਸਤਾਨ ਪਹੁੰਚ ਚੁੱਕਾ ਹੈ। ਲੀਥੀਅਮ ਪ੍ਰਾਜੈਕਟਾਂ ਲਈ ਉਸਨੇ ਸੰਭਾਵਿਤ ਖੇਤਰਾਂ ਦਾ ਮੌਕਾ-ਮੁਆਇਨਾ ਵੀ ਸ਼ੁਰੂ ਕਰ ਦਿੱਤਾ ਹੈ।ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਪੰਜ ਚੀਨੀ ਕੰਪਨੀਆਂ ਖਾਸ ਵੀਜ਼ਾ ’ਤੇ ਅਫ਼ਗਾਨਿਸਤਾਨ ਦੇ ਚਾਈਨਾ ਟਾਊਨ ’ਚ ਪਹੁੰਚ ਚੁੱਕੀਆਂ ਹਨ। ਜਦਕਿ ਕੁੱਲ 20 ਚੀਨੀ ਸਰਕਾਰੀ ਤੇ ਨਿੱਜੀ ਕੰਪਨੀਆਂ ਮਿਲ ਕੇ ਇਸ ਨਿਰੀਖਣ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਵੱਖ ਵੱਖ ਥਾਵਾਂ ’ਦਾ ਦੌਰਾ ਕਰ ਕੇ ਉੱਥੋਂ ਦੇ ਖਣਿਜਾਂ ਦਾ ਅਧਿਐਨ ਜਾਰੀ ਹੈ। ਇਨ੍ਹਾਂ ਚੀਨੀ ਕੰਪਨੀਆਂ ਦੀ ਕਮੇਟੀ ਦੇ ਡਾਇਰੈਕਟਰ ਯੂ ਮਿੰਗਘੁਈ ਦਾ ਕਹਿਣਾ ਹੈ ਕਿ ਚੀਨ ਤਾਲਿਬਾਨ ਦਾ ਪ੍ਰਮੁੱਖ ਭਾਈਵਾਲ ਬਣਨ ਦੀ ਕੋਸ਼ਿਸ਼ ’ਚ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਅਫ਼ਗਾਨਿਸਤਾਨ ਦੀ ਖਣਿਜ ਜਾਇਦਾਦ ’ਤੇ ਅੱਖ ਰੱਖ ਰਿਹਾ ਹੈ ਤੇ ਕਿਸੇ ਵੀ ਸੂਰਤ ’ਚ ਇਨ੍ਹਾਂ ਵਸੀਲਿਆਂ ਤੋਂ ਭਾਰਤ ਨੂੰ ਦੂਰ ਰੱਖਣਾ ਚਾਹੁੰਦਾ ਹੈ।ਦੂਜੇ ਪਾਸੇ ਤਾਲਿਬਾਨ ਪ੍ਰਸ਼ਾਸਨ ਨੇ ਅਫ਼ਗਾਨ ਮੀਡੀਆ ਲਈ ਪਾਬੰਦੀਆਂ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਟੀਵੀ ਨਾਟਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ’ਚ ਔਰਤਾਂ ਕੰਮ ਕਰਨਗੀਆਂ। ਇਸਦੇ ਨਾਲ ਹੀ ਮਹਿਲਾ ਐਂਕਰਾਂ ਨੂੰ ਇਸਲਾਮੀ ਹਿਜਾਬ ਪਾਉਣ ਦਾ ਵੀ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸਲਾਮੀ ਤੇ ਅਫ਼ਗਾਨੀ ਕਦਰਾਂ ਕੀਮਤਾਂ ਖ਼ਿਲਾਫ਼ ਸਾਰੀਆਂ ਅਖਬਾਰਾਂ ਤੇ ਪ੍ਰੋਗਰਾਮਾਂ ’ਤੇ ਪਾਬੰਦੀ ਐਲਾਨ ਦਿੱਤੀ ਗਈ।ਇਸ ਦੌਰਾਨ ਪਿਛਲੇ ਸੌ ਦਿਨਾਂ ਦੇ ਤਾਲਿਬਾਨੀ ਸ਼ਾਸਨ ’ਚ ਅਫ਼ਗਾਨਿਸਤਾਨ ’ਚ ਸੁਰੱਖਿਆ ਦੇ ਹਾਲਾਤ ਹੋਰ ਵਿਗੜ ਗਏ ਹਨ। ਇਸ ਦੌਰਾਨ ਅੱਤਵਾਦੀ ਸੰਗਠਨ ਆਈਐੱਸ ਦਾ ਅਸਰ ਵੱਧ ਗਿਆ ਹੈ। ਟੋਲੋ ਨਿਊਜ਼ ਮੁਤਾਬਕ 15 ਅਗਸਤ ਤੋਂ ਅਫ਼ਗਾਨਿਸਤਾਨ ’ਚ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਵਾਲੀਆਂ ਕਰੀਬ ਸੱਤ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਸ ਵਿਚ 630 ਲੋਕਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੋਏ ਹਨ। ਖ਼ਾਸ ਤੌਰ ’ਤੇ ਕਾਬੁਲ ਏਅਰਪੋਰਟ ਦੇ ਬਾਹਰ ਹੋਏ ਆਤਮਘਾਤੀ ਹਮਲੇ, ਕੁੰਦੂਜ ਤੇ ਕੰਧਾਰ ’ਚ ਸ਼ੀਆ ਮਸਜਿਦਾਂ ’ਚ ਅੱਤਵਾਦੀ ਹਮਲੇ ਤੇ ਕਾਬੁਲ ’ਚ ਸਰਦਾਰ ਮੁਹੰਮਦ ਦਾਊਦ ਹਸਪਤਾਲ ’ਚ ਹਮਲੇ ਪ੍ਰਮੁੱਖ ਹਨ।
previous post