ਕਸ਼ਮੀਰ – ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਹਾਲੇ ਵੀ ਬਾਜ਼ ਨਹੀਂ ਆ ਰਿਹਾ। ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੇ ਮਕਸਦ ਨਾਲ ਪਾਕਿਸਤਾਨ ਦੇ ਅੱਤਵਾਦੀਆਂ ਨੇ ਵੀਰਵਾਰ ਦੇਰ ਰਾਤ ਰਾਜੌਰੀ ਦੇ ਭਿੰਬਰ ਗਲੀ ਸੈਕਟਰ ‘ਚ ਘੁਸਪੈਠ ਦੀ ਨਾਪਾਕ ਕੋਸ਼ਿਸ਼ ਕੀਤੀ। ਤੁਰੰਤ ਕਾਰਵਾਈ ਕਰਦੇ ਹੋਏ ਭਾਰਤੀ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਉਸ ਦੇ ਕਬਜ਼ੇ ‘ਚੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।ਜਾਣਕਾਰੀ ਮੁਤਾਬਕ 25 ਨਵੰਬਰ ਦੀ ਦੇਰ ਰਾਤ ਕੁਝ ਅੱਤਵਾਦੀਆਂ ਨੇ ਰਾਜੌਰੀ ਦੇ ਭਿੰਬਰ ਗਲੀ ਸੈਕਟਰ ਤੋਂ ਪਾਕਿਸਤਾਨੀ ਸਰਹੱਦ ਵੱਲ ਐਲਓਸੀ ਪਾਰ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਸਰਹੱਦ ‘ਤੇ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ‘ਤੇ ਤਿੱਖੀ ਨਜ਼ਰ ਰੱਖੀ। ਪਹਿਲਾਂ ਸਰਹੱਦ ਦੇ ਇਸ ਪਾਸੇ ਅੱਤਵਾਦੀਆਂ ਨੂੰ ਆਉਣ ਦਿੱਤਾ ਗਿਆ। ਜਿਵੇਂ ਹੀ ਅੱਤਵਾਦੀ ਅੱਗੇ ਵਧੇ ਤਾਂ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ। ਫ਼ੌਜ ਦੀ ਇਸ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬ ‘ਚ ਫ਼ੌਜ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਥੇ ਇਕ ਅੱਤਵਾਦੀ ਨੂੰ ਮਾਰ ਦਿੱਤਾ।ਹੋਰ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਸਰਹੱਦ ਦੇ ਦੂਜੇ ਪਾਸੇ ਪਰਤ ਗਏ। ਅੱਜ ਯਾਨੀ ਸ਼ੁੱਕਰਵਾਰ ਸਵੇਰੇ ਫ਼ੌਜ ਦੇ ਜਵਾਨ ਮੌਕੇ ‘ਤੇ ਗਏ ਅਤੇ ਸਭ ਤੋਂ ਪਹਿਲਾਂ ਅੱਤਵਾਦੀ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ। ਉਸ ਦੀ ਤਲਾਸ਼ੀ ਲੈਣ ‘ਤੇ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਹੋਇਆ। ਫਿਲਹਾਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕਿਆਂ ‘ਚ ਫ਼ੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਪੂਰੇ ਇਲਾਕੇ ਦੇ ਹਰ ਕੋਨੇ ‘ਚ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਰਾਤ ਸਮੇਂ ਜੇਕਰ ਕੋਈ ਅੱਤਵਾਦੀ ਫਰਾਰ ਹੋਇਆ ਹੋਵੇ ਤਾਂ ਉਸ ਨੂੰ ਵੀ ਸਮੇਂ ‘ਤੇ ਗ੍ਰਿਫਤਾਰ ਜਾਂ ਮਾਰਿਆ ਜਾ ਸਕੇ।