ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ 918 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 6 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ 11,417 ਐਕਟਿਵ ਕੇਸ ਹਨ ਅਤੇ 305 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 41 ਇੰਟੈਂਸਿਵ ਕੇਅਰ ਵਿੱਚ ਹਨ ਅਤੇ 19 ਵੈਂਟੀਲੇਟਰ ’ਤੇ ਹਨ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 45,658 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ। ਕੱਲ੍ਹ ਰਾਜ ਦੁਆਰਾ ਸੰਚਾਲਿਤ ਸਾਈਟਾਂ ‘ਤੇ ਵੈਕਸੀਨ ਦੀਆਂ 3,486 ਖੁਰਾਕਾਂ ਦਿੱਤੀਆਂ ਗਈਆਂ ਸਨ। ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 512 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 1,331 ਲੋਕਾਂ ਦੀ ਕੋਵਿਡ-19 ਦੇ ਨਾਲ ਜਾਨ ਚਲੀ ਗਈ ਹੈ।
ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਕੋਵਿਡ-19 ਦੇ ਓਮਨੀਕਰੋਨ ਵੇਰੀਐਂਟ ਦੇ 5 ਪਾਜ਼ੇਟਿਵ ਕੇਸ ਮਿਲੇ ਹਨ ਜੋ ਆਸਟ੍ਰੇਲੀਆ ਵਿੱਚ ਇਸ ਕਿਸਮ ਦੀ ਵਾਇਰਸ ਦੇ ਪਹਿਲੇ ਕੇਸ ਹਨ। ਇਹ ਸਕਾਰਾਤਮਕ ਕੇਸ ਰਾਜ ਦੇ ਵਿਸ਼ੇਸ਼ ਸਿਹਤ ਰਿਹਾਇਸ਼ ਵਿੱਚ ਆਈਸੋਲੇਸ਼ਨ ਵਿੱਚ ਹਨ। ਇਹ ਦੋਵੇਂ ਵਿਅਕਤੀ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਕੋਈ ਲੱਛਣ ਨਹੀਂ ਸਨ ਅਤੇ ਦੱਖਣੀ ਅਫਰੀਕਾ ਤੋਂ ਸਿਡਨੀ ਪਹੁੰਚੇ ਸਨ। ਇਹ ਉਨ੍ਹਾਂ 14 ਲੋਕਾਂ ਵਿੱਚੋਂ ਹਨ ਜੋ ਕਤਰ ਏਅਰਵੇਜ਼ ਦੀ ਕਿਊ ਆਰ 908 ਫਲਾਈਟ ਦੇ ਰਾਹੀਂ ਦੋਹਾ ਤੋਂ ਸਿਡਨੀ ਪਹੁੰਚੇ ਸਨ।
ਨਿਊ ਸਾਊਥ ਵੇਲਜ਼ ਦੇ ਵਿੱਚ ਸ਼ਨੀਵਾਰ ਨੂੰ ਸਿਹਤ ਵਿਭਾਗ ਨੇ ਨਵੇ ਕੋਵਿਡ-19 ਦੇ ਓਮਨੀਕਰੋਨ ਬੀ.1.1.529 ਵੇਰੀਐਂਟ ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀ ਵਜੋਂ ਸਿਡਨੀ ਵਾਪਸ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀ ਸਲਾਹ ਨੂੰ ਬਦਲ ਦਿੱਤਾ ਹੈ।
ਇਸੇ ਦੌਰਾਨ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਵਾਂ ਦੇ ਹਿੱਸੇ ਵਜੋਂ, ਵਿਕਟੋਰੀਆ ਵਿੱਚ ਆਉਣ ਵਾਲੇ ਸਾਰੇ ਵਿਦੇਸ਼ੀ ਲੋਕਾਂ ਅਤੇ ਉਨ੍ਹਾਂ ਦੇ ਘਰੇਲੂ ਸੰਪਰਕਾਂ ਨੂੰ ਹੁਣ 72 ਘੰਟਿਆਂ ਲਈ ਘਰ ਜਾਂ ਇੱਕ ਢੁਕਵੀਂ ਰਿਹਾਇਸ਼ ਵਿੱਚ ਅਲੱਗ-ਥਲੱਗ ਕਰਨ ਦੀ ਲੋੜ ਹੈ, ਭਾਵੇਂ ਉਹ ਕੁਆਰੰਟੀਨ-ਮੁਕਤ ਯਾਤਰਾ ਲਈ ਯੋਗ ਵੀ ਹੋਣ। ਇਸ ਤੋਂ ਇਲਾਵਾ, ਕੋਈ ਵੀ ਜੋ ਪਿਛਲੇ 14 ਦਿਨਾਂ ਵਿੱਚ ਚਿੰਤਾ ਦੇ ਨੌਂ ਦੱਖਣੀ ਅਫਰੀਕੀ ਦੇਸ਼ਾਂ – ਬੋਟਸਵਾਨਾ, ਜ਼ਿੰਬਾਬਵੇ, ਮਲਾਵੀ, ਦੱਖਣੀ ਅਫਰੀਕਾ, ਨਾਮੀਬੀਆ, ਐਸਵਾਟਿਨੀ, ਲੇਸੋਥੋ, ਮੋਜ਼ਾਮਬੀਕ ਅਤੇ ਸੇਸ਼ੇਲਸ – ਵਿੱਚੋਂ ਇੱਕ ਦਾ ਦੌਰਾ ਕੀਤਾ ਹੈ – ਨੂੰ ਦੋ ਹਫ਼ਤਿਆਂ ਦੇ ਲਈ ਹੋਟਲ ਕੁਆਰੰਟੀਨ ਵਿੱਚੋਂ ਗੁਜ਼ਰਨਾ ਲਾਜ਼ਮੀ ਹੈ। ਵੈਸੇ ਵਿਕਟੋਰੀਆ ਪਹੁੰਚਣ ‘ਤੇ ਅਣ-ਟੀਕਾਕਰਨ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕਰਨ ਦੀ ਲੋੜ ਹੈ।
