ਤਪਾ ਮੰਡੀ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਵਿਧਾਨ ਸਭਾ ਹਲਕਾ ਰਿਜ਼ਰਵ ਭਦੌੜ ਦੀ ਚੋਣ ਰੈਲੀ ‘ਚ ਸਵਾ ਕੁ ਇਕ ਵਜੇ ਸਟੇਜ ‘ਤੇ ਪੁੱਜੇ। ਸੁਖਬੀਰ ਬਾਦਲ ਨਾਲ ਭਦੌੜ ਤੋਂ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ, ਇਕਬਾਲ ਸਿੰਘ ਝੂੰਦਾਂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਵੀ ਪੁੱਜੇ।ਮਹਿਲ ਕਲਾਂ ਤੋਂ ਅਕਾਲੀ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਵੀ ਪਹੁੰਚੇ।ਸੁਖਬੀਰ ਬਾਦਲ ਨੇ ਸੰਬੋਧਨ ਦੌਰਾਨ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਚੰਨੀ ਦਾ ਪੱਚੀ ਕਰੋੜ ਫੰਡ ਨਹੀਂ ਮਿਲ ਰਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਘਰ ਨਹੀਂ ਵੜਿਆ। ਪੰਜਾਬ ਦੀ ਲੋਕਾਂ ਨਾਲ ਰਾਬਤਾ ਕਰ ਰਿਹਾ ਹਾਂ। ਸੁਖਬੀਰ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ, ਨੀਲੇ ਕਾਰਡ ਦੀ ਸਹੂਲਤ, ਸਾਂਝ ਕੇਂਦਰ, ਸ਼ਗਨ, ਪੈਨਸ਼ਨ, ਐੱਸਸੀ ਸਕਾਲਰਸ਼ਿਪ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 4.5 ਲੱਖ ਬੱਚੇ ਐੱਸਸੀ ਸਕਾਲਰਸ਼ਿਪ ਰਾਹੀਂ ਮੁਫ਼ਤ ਸਿੱਖਿਆ ਲੈ ਰਹੇ ਸਨ ਪਰ ਚੰਨੀ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਸਾਡੀ ਸਰਕਾਰ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੁਨੀਆਂ ਦੇ ਨਕਸ਼ੇ ‘ਤੇ ਪਹੁੰਚਾਈ ਪਰ ਕਾਂਗਰਸ ਨੇ ਬੰਦ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਨੇ ਸਕੂਲ, ਕਾਲਜ, ਧਰਮਸ਼ਾਲਾ ਹਸਪਤਾਲ ਨਹੀਂ ਖੋਲ੍ਹੇ। ਇਕੱਲੇ ਭਾਖੜਾ ਡੈਮ ਤੋਂ ਬਿਨਾਂ ਬਾਕੀ ਸਾਰੇ ਡੈਮ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਬਣੇ। ਕਿਸਾਨੀ ਸੰਘਰਸ਼ ਦਾ ਮੁੱਖ ਮੁੱਦਾ ਐੱਮਐੱਸਪੀ ਸੀ। ਕਿਸਾਨਾਂ ਨੂੰ ਟਰੈਕਟਰ ‘ਤੇ ਲੱਗ ਰਹੇ ਟੈਕਸ ਤੋਂ ਬਾਦਲ ਸਰਕਾਰ ਨੇ ਮੁਕਤੀ ਦਿਵਾਈ। ਕਾਂਗਰਸ ਦੀ ਗੁੰਡਾਗਰਦੀ ‘ਚ ਜਿਹੜੇ ਵੀ ਅਫ਼ਸਰ ਦਾ ਰੋਲ ਹੋਇਆ ਉਹ ਅੰਦਰ ਜਾਵੇਗਾ। ਝੂਠੇ ਕੀਤੇ ਦਰਜ ਮਾਮਲੇ ਪਹਿਲੇ ਸੈਸ਼ਨ ਚ ਹੀ ਰੱਦ ਹੋਣਗੇ। 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਈ ਜਾਵੇਗੀ।ਕੇਜਰੀਵਾਲ ਨੂੰ ਲੰਮੇ ਹੱਥੀਆਂ ਲੈਂਦਿਆਂ ਸੁਖਬੀਰ ਨੇ ਕਿਹਾ ਕਿ ਉਸ ਨੂੰ ਦਿੱਲੀ ‘ਚ ਗਾਰੰਟੀਆਂ ਦੇਣੀਆਂ ਚਾਹੀਦੀਆਂ ਹਨ ਜਿੱਥੇ ਉਸ ਦੀ ਸਰਕਾਰ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ‘ਚ ਅਮਨ ਸ਼ਾਤੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੀ ਝੂਠਾ ਵਾਅਦਾ ਨਹੀਂ ਕਰਨਾ ਜੋ ਕਿਹਾ ਉਹ ਕਰਨਾ ਹੈ। ਉਨ੍ਹਾਂ ਕਿਹਾ ਕਿ 1996 ‘ਚ ਬਸਪਾ ਨਾਲ ਗੱਠਜੋੜ ਦੌਰਾਨ ਨਤੀਜੇ ਚੰਗੇ ਮਿਲੇ ਸਨ। ਜੇਕਰ ਵਕੀਲ ਚੰਗਾ ਹੋਵੇ ਤਾਂ ਮਾੜਾ ਕੇਸ ਵੀ ਉਹ ਜਿੱਤ ਜਾਂਦੈ। ਚੰਨੀ ਨੇ ਐਲਾਨ ਕੀਤਾ ਪੱਚੀ ਕਰੋੜ ਦਾ ਪਰ ਲੋਕ ਪੰਚਾਇਤਾਂ ਨੂੰ ਮਿਲਿਆ ਇੱਕ ਕਰੋੜ। ਇਸ ਤਰ੍ਹਾਂ ਉਹ ਲੋਕਾਂ ਨੂੰ ਠੱਗ ਰਿਹਾ ਹੈ।