ਨਵੀਂ ਦਿੱਲੀ – ਸੰਸਦ ਦੀ ਕਾਰਵਾਈ ਹੁਣ ਤੁਸੀਂ ਆਪਣੇ ਮੋਬਾਈਲ ’ਤੇ ਵੀ ਦੇਖ ਸਕੋਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਲਈ ਐਪ ਲਾਂਚ ਕਰਨ ਦਾ ਐਲਾਨ ਕੀਤਾ। ਇਸ ਐਪ ਰਾਹੀਂ ਤੁਸੀਂ ਨਾ ਸਿਰਫ਼ ਸੰਸਦ ਦੀ ਕਾਰਵਾਈ, ਬਲਕਿ ਵੱਖ-ਵੱਖ ਸੰਸਦੀ ਸਰਕੂਲਰ, ਵੱਖ-ਵੱਖ ਕਮੇਟੀਆਂ ਦੀ ਰਿਪੋਰਟ ਦੇ ਨਾਲ-ਨਾਲ ਮੰਤਰੀਆਂ ਨਾਲ ਕੀਤੇ ਜਾਣ ਵਾਲੇ ਸਵਾਲ-ਜਵਾਬ ਵੀ ਦੇਖ ਸਕਣਗੇ। ਪ੍ਰਸ਼ਨਕਾਲ ’ਚ ਮੋਬਾਈਲ ਐਪਲੀਕੇਸ਼ਨ ਤੇ ਇਸ ਨਾਲ ਜੁੜੀ ਜਾਣਕਾਰੀ ਦਿੰਦੇ ਹੋਏ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਤੁਹਾਡੀ ਸਹੂਲਤ ਲਈ ਇਹ ਐਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਇਸ ਨੂੰ ਆਪਣੇ ਮੋਬਾਈਲ ’ਚ ਡਾਊਨਲੋਡ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਮੈਂਬਰਾਂ ਨੂੰ ਆਪਣੇ ਪਸੰਦੀਦਾ ਖੇਤਰ ਦੇ ਲੋਕਾਂ ਨੂੰ ਵੀ ਉਸ ਨੂੰ ਡਾਊਨਲੋਡ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਉੱਥੋਂ ਦੇ ਲੋਕ ਸਦਨ ’ਚ ਆਪਣੇ ਨੁਮਾਇੰਦੇ ਦਾ ਵਿਹਾਰ ਦੇਖ ਸਕਣ। ਬਿਰਲਾ ਦਾ ਇਸ਼ਾਰਾ ਸਦਨ ’ਚ ਹੰਗਾਮਾ ਕਰ ਰਹੇ ਵਿਰੋਧੀ ਮੈਂਬਰਾਂ ਵੱਲ ਸੀ।ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਦੇ ਅਸਤੀਫ਼ੇ ਦੀ ਮੰਗ ਤੇ ਕੁਝ ਹੋਰ ਮੁੱਦਿਆਂ ’ਤੇ ਕੁਝ ਦਿਨਾਂ ਤੋਂ ਹੰਗਾਮਾ ਕਰ ਰਹੇ ਹਨ। ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੰਗਲਵਾਰ ਨੂੰ ਵੀ ਸਦਨ ਦੀ ਕਾਰਵਾਈ ’ਚ ਅੜਿੱਕਾ ਪਿਆ।