ਬਲਬੇੜਾ – ਪਟਿਆਲਾ ਤੋ ਚੀਕਾ ਹਾਈਵੇ ਤੇ ਪਿੰਡ ਮਜਾਲ ਨੇੜੇ ਇੱਕ ਭਿਆਨਕ ਦਰਦਨਾਕ ਹੋਏ ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਅਤੇ ਇੱਕ ਦੇ ਗੰਭੀਰ ਰੁਪ ਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੌਂਕੀ ਇੰਚਾਰਜ ਬਲਬੇੜਾ ਮੈਡਮ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਸਬਾ ਬਲਬੇੜਾ ਲਾਗਲੇ ਛੋਟੇ ਜਿਹੇ ਪਿੰਡ ਦੁਲਬਾ ਦਾ ਨੌਜਵਾਨ ਫੌਜ ਚੋਂ ਛੁੱੱਟੀ ਕੱਟਣ ਆਇਆ ਫੌਜੀ ਸੰਦੀਪ ਸਿੰਘ 21 ਸਾਲ, ਲਖਵੀਰ ਸਿੰਘ 21 ਸਾਲ, ਜਸਵੀਰ ਸਿੰਘ 22 ਸਾਲ ਅਤੇ ਸੁਲੱਖਣ ਸਿੰਘ 24 ਸਾਲ ਆਪਣੀ ਗੱਡੀ ਨੰ: ਪੀਬੀ-11 ਸੀ ਐਕਸ 3799 ਆਈ ਟਵੰਟੀ ਚ ਸਵਾਰ ਹੋ ਕੇ ਪਿੰਡ ਤੋਂ ਪਟਿਆਲਾ ਸਹਿਰ ਸ਼ਾਪਿੰਗ ਕਰਨ ਜਾ ਰਹੇ ਸਨ। ਜਦੋਂ ਇਹ ਪਿੰਡ ਤੋਂ ਤਕਰੀਬਨ ਸੱਤ ਅੱਠ ਕਿਲੋ ਮੀਟਰ ਦੀ ਦੂਰੀ ‘ਤੇ ਮੁਖ ਮਾਰਗ ਤੇ ਪਿੰਡ ਮਜਾਲ ਕੋਲ ਪਹੁੰਚੇ ਤਾਂ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਤੇਜ਼ ਰਫਤਾਰ ਗੱਡੀ ਦਰਖਤਾਂ ਨਾਲ ਟਕਰਾ ਗਈ ਤੇ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਗੱਡੀ ਚਕਨਾਚੂਰ ਹੋ ਗਈ। ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਇਹਨਾਂ ਨੌਜਵਾਨਾਂ ਨੂੰ ਬੜੀ ਮੁਸ਼ਕਿਲ ਨਾਲ ਲੋਹਾ ਕੱਟ ਕੱਟ ਕੇ ਬਾਹਰ ਕੱਢਿਆ ਅਤੇ ਪਟਿਆਲਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾ ਨੇ ਸੰਦੀਪ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਇੱਕ ਨੌਜਵਾਨ ਸੁਲੱਖਣ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਛੋਟੇ ਜਿਹੇ ਪਿੰਡ ਦੇ ਇਸ ਹਾਦਸੇ ਕਾਰਨ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹਾਦਸਾ ਵਾਪਰਨ ਦੇ ਕਾਰਨਾਂ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
