ਇਸਲਾਮਾਬਾਦ – ਸਰਹੱਦ ਵਿਵਾਦ ਬਾਰੇ ਵਧਦੇ ਤਣਾਅ ਦੌਰਾਨ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਡੂਰੰਡ ਰੇਖਾ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦੀ ਵਾੜਬੰਦੀ ਨਹੀਂ ਕਰਨ ਦਿੱਤੀ ਜਾਵੇਗੀ। ਤਾਲਿਬਾਨ ਕਮਾਂਡਰ ਮੌਲਵੀ ਸਨਾਉੱਲ੍ਹਾ ਸੰਗੀਨ ਨੇ ‘ਟੋਲੋ ਨਿਊਜ਼’ ਨੂੰ ਬੁੱਧਵਾਰ ਨੂੰ ਦੱਸਿਆ ਕਿ ਅਸੀਂ ਕਦੀ, ਕਿਸੇ ਵੀ ਤਰੀਕੇ ਨਾਲ ਵਾੜਬੰਦੀ ਦੀ ਇਜਾਜ਼ਤ ਨਹੀਂ ਦੇਵਾਂਗੇ। ਪਾਕਿਸਤਾਨ ਨੇ ਪਹਿਲਾਂ ਜੋ ਕੀਤਾ, ਉਹ ਕਰ ਲਿਆ। ਹੁਣ ਕੋਈ ਵਾੜਬੰਦੀ ਨਹੀਂ ਹੋਵੇਗੀ। ਸੰਗੀਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਕਿਹਾ ਸੀ ਕਿ ਮਾਮਲੇ ਦਾ ਕੂਟਨੀਤਕ ਮਾਧਿਅਮ ਰਾਹੀਂ ਹੱਲ ਕੱਢ ਲਿਆ ਜਾਵੇਗਾ। ਆਈਏਐੱਨਐੱਸ ਮੁਤਾਬਕ ਸਨਾਉੱਲ੍ਹਾ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਕੁਨਾਰ ਸੂਬੇ ’ਚ ਲੰਬੇ ਸਮੇਂ ਤੋਂ ਹਮਲੇ ਕਰਦੀ ਆ ਰਹੀ ਹੈ, ਪਰ ਹੁਣ ਅਫ਼ਗਾਨਿਸਤਾਨ ਉਸ ਦਾ ਮੂੰਹ ਤੋੜ ਜਵਾਬ ਦੇਣ ਲੱਗਿਆ ਹੈ। ਪਿਛਲੇ ਦਿਨੀਂ ਪਾਕਿਸਤਾਨੀ ਫ਼ੌਜੀਆਂ ਨੇ ਕੁਝ ਮੋਰਟਾਰ ਦਾਗੇ ਸਨ, ਜਵਾਬ ’ਚ ਅਸੀਂ 32 ਰਾਊਂਡ ਮੋਰਟਾਰ ਦਾਗੇ। ਪਾਕਿਸਤਾਨੀ ਫ਼ੌਜ ’ਤੇ ਨਜ਼ਰ ਰੱਖਣ ਲਈ ਸਰਹੱਦ ਦੇ ਨੇੜੇ ਕਰੀਬ 30 ਤੋਂ ਵੱਧ ਫ਼ੌਜੀ ਚੌਕੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੁਰੰਡ ਰੇਖਾ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ 2,670 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਹੈ। ਇਸ ਦਾ ਨਾਮਕਰਨ ਸਾਲ 1893 ’ਚ ਸਰਹੱਦ ਤੈਅ ਕਰਨ ਵਾਲੇ ਬਿ੍ਰਟਿਸ਼ ਨੌਕਰਸ਼ਾਹ ਮਾਰਟੀਮਰ ਡੂਰੰਡ ਦੇ ਨਾਂ ’ਤੇ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਸਰਹੱਦ ਦੇ ਮੁੱਦੇ ’ਤੇ ਕਈ ਝੜਪਾਂ ਹੋ ਚੁੱਕੀਆਂ ਹਨ। ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਇਤਰਾਜ਼ਾਂ ਦੇ ਬਾਵਜੂਦ ਸਰਹੱਦ ’ਤੇ ਵਾੜਬੰਦੀ ਦਾ 90 ਫ਼ੀਸਦੀ ਕੰਮ ਪੂਰਾ ਕਰ ਲਿਆ ਹੈ। ਅਫ਼ਗਾਨਿਸਤਾਨ ਦਾ ਕਹਿਣਾ ਹੈ ਕਿ ਇਸ ਹੱਦਬੰਦੀ ਨੇ ਦੋਵਾਂ ਦੇਸ਼ਾਂ ਦੇ ਕਈ ਪਰਿਵਾਰਾਂ ਨੂੰ ਵੰਡ ਦਿੱਤਾ ਹੈ।
previous post
