ਜਨੇਵਾ – ਸਮੁੱਚੀ ਦੁਨੀਆ ’ਚ ਓਮੀਕ੍ਰੋਨ ਵੈਰੀਐਂਟ ਦੇ ਪ੍ਰਸਾਰ ਦੀ ਰਫ਼ਾਤਰ ਮੱਠੀ ਪਈ ਹੈ ਤੇ ਇਸ ਦਾ ਅਸਰ ਇਨਫੈਕਸ਼ਨ ਦੇ ਮਾਮਲਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਪਿਛਲੇ ਹਫ਼ਤੇ ਨਵੇਂ ਮਾਮਲਿਆਂ ’ਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਤੇ ਇਸ ਦੌਰਾਨ ਕੁੱਲ 1.8 ਕਰੋੜ ਨਵੇਂ ਮਾਮਲੇ ਮਿਲੇ। ਇਸ ਤੋਂ ਪਹਿਲਾਂ ਦੇ ਹਫ਼ਤੇ ਤੇ ਮਹੀਨੇ ਦੀ ਸ਼ੁਰੂਆਤ ’ਚ 50 ਫ਼ੀਸਦੀ ਮਾਮਲੇ ਵਧੇ ਸਨ।
ਮਹਾਮਾਰੀ ’ਤੇ ਆਪਣੀ ਹਫ਼ਤਾਵਾਰੀ ਰਿਪੋਰਟ ’ਚ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਅਫਰੀਕਾ ਨੂੰ ਛੱਡ ਕੇ ਦੁਨੀਆ ਦੇ ਹਰ ਖੇਤਰ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਅਫਰੀਕਾ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਇਕ ਤਿਹਾਈ ਦੀ ਕਮੀ ਆਈ ਹੈ। ਮਰਨ ਵਾਲਿਆਂ ਦੀ ਗਿਣਤੀ ਲਗਪਗ ਬਰਾਬਰ ਰਹੀ ਹੈ। ਪਿਛਲੇ ਹਫ਼ਤੇ ਵੀ ਵਿਸ਼ਵ ਭਰ ’ਚ ਕੋਰੋਨਾ ਮਹਾਮਾਰੀ ਕਾਰਨ ਲਗਪਗ 45000 ਮੌਤਾਂ ਹੋਈਆਂ ਹਨ। ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਦੇ ਪਹਿਲਾਂ ਵਾਲੇ ਹਫ਼ਤੇ ਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ 50 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਕਿਸੇ ਇਕ ਹਫ਼ਤੇ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਇਹ ਸਭ ਤੋਂ ਜ਼ਿਆਦਾ ਵਾਧਾ ਸੀ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਡਬਲਯੂਐੱਚਓ ਨੇ ਕਿਹਾ ਕਿ ਪਿਛਲੇ ਹਫ਼ਤੇ ਦੱਖਣੀ-ਪੂਰਬੀ ਏਸ਼ੀਆ ’ਚ ਸਭ ਤੋਂ ਜ਼ਿਆਦਾ 145 ਫ਼ੀਸਦੀ ਨਵੇਂ ਮਾਮਲੇ ਵਧੇ ਹਨ। ਪੱਛਮੀ ਏਸ਼ੀਆ ’ਚ ਇਹ ਵਾਧਾ 68 ਫ਼ੀਸਦੀ ਰਿਹਾ ਹੈ। ਸਭ ਤੋਂ ਘੱਟ ਅਮਰੀਕਾ ਤੇ ਯੂਰਪ ’ਚ ਕ੍ਰਮਵਾਰ 17 ਤੇ 10 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਵਿਗਿਆਨੀਆਂ ਨੇ ਕਿਹਾ ਸੀ ਕਿ ਅਮਰੀਕਾ ਤੇ ਯੂਰਪ ’ਚ ਸ਼ਾਇਦ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਲਹਿਰ ਆਪਣੇ ਸਿਖ਼ਰ ਨੂੰ ਪਾਰ ਕਰ ਗਈ ਹੈ। ਡਬਲਯੂਐੱਚਓ ਦੇ ਡਾਇਰੈਕਟੋਰੇਟ ਅਦਾਨਮ ਘੇਬਰੇਸਸ ਨੇ ਮੰਗਲਵਾਰ ਨੂੰ ਕਿਹਾ ਕਿ ਓਮੀਕ੍ਰੋਨ ਪੂਰੀ ਦੁਨੀਆ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ ਹੁਣ ਤਕ ਦੇ ਅਧਿਐਨਾਂ ’ਚ ਇਹ ਕਿਹਾ ਗਿਆ ਹੈ ਓਮੀਕ੍ਰੋਨ ਵੈਰੀਐਂਟ ਕੋਰੋਨਾ ਦੇ ਦੂਸਰੇ ਵੈਰੀਐਂਟ ਦੇ ਮੁਕਾਬਲੇ ਘੱਟ ਗੰਭੀਰ ਹੈ ਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਬਹੁਤ ਘੱਟ ਮਰੀਜ਼ਾਂ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਪੈ ਰਹੀ ਹੈ। ਟੇਡ੍ਰੋਸ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਬਦਹਾਲ ਸਥਿਤੀ ’ਚ ਪਹੁੰਚ ਗਈ ਵਿਸ਼ਵ ਦੀ ਸਿਹਤ ਵਿਵਸਥਾ ਦੇ ਓਮੀਕ੍ਰੋਨ ਕਾਰਨ ਹੋਰ ਵੀ ਬਦਤਰ ਹੋਣ ਦਾ ਚਿੰਤਾ ਸਤਾ ਰਹੀ ਹੈ।