ਕੁਦਰਤ ਨੇ ਮਨੁੱਖ ਨੂੰ ਜ਼ੁਬਾਨ ਦਾ ਇਕ ਵਡਮੁੱਲਾ ਵਰਧਾਨ ਪ੍ਰਦਾਨ ਕੀਤਾ ਹੈ। ਫਿਰ ਜ਼ੁਬਾਨ ਗ਼ਲੇ ਅਤੇ ਨਾਸਾਂ ਦੇ ਸੁਮੇਲ ਨਾਲ ਕਈ ਤਰ੍ਹਾਂ ਦੇ ਸਵਰ ਅਤੇ ਅੱਖਰ ਬੋਲੇ ਜਾ ਸਕਦੇ ਹਨ। ਇਨ੍ਹਾਂ ਅੱਖਰਾਂ ਦੇ ਸੁਮੇਲ ਨਾਲ ਸ਼ਬਦ ਘੜਿਆ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਸ਼ਬਦ ਦੇ ਅਰਥ ਹਨ: ਆਵਾਜ਼, ਲਫ਼ਜ਼, ਪਦ, ਬਚਨ, ਵਾਕ, ਬਾਣੀ, ਆਦਿ। ਸ਼ਬਦਾਂ ਦੇ ਸਮੂਹ ਨਾਲ ਵਾਕ ਜਾਂ ਵਾਰਤਾ ਬਣਦੀ ਹੈ। ਕਿਉਂਕਿ ਸ਼ਬਦਾਂ ਦਾ ਪ੍ਰਗਟਾਵਾ ਬੋਲ ਕੇ ਕੀਤਾ ਜਾਂਦਾ ਹੈ ਇਸ ਲਈ ਇਸੇ ਨੂੰ ਬੋਲੀ ਜਾਂ ਬਾਣੀ ਵੀ ਕਿਹਾ ਜਾਂਦਾ ਹੈ। ਸ਼ਬਦਾਂ ਰਾਹੀਂ ਹੀ ਮਨੁੱਖ ਆਪਣੀ ਸੋਚ ਸਮਝ ਜਾਂ ਗਿਆਨ ਦਾ ਪ੍ਰਗਟਾਵਾ ਕਰਦਾ ਹੈ। ਇਨ੍ਹਾਂ ਬੋਲਾਂ, ਸ਼ਬਦਾਂ, ਵਾਰਤਾ ਜਾਂ ਬਾਣੀ ਨੂੰ ਲਿਖਤੀ ਰੂਪ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਰਾਹੀਂ ਹੀ ਮਨੁੱਖਾਂ ਵਿਚ ਆਪਸੀ ਸਾਂਝ ਬਣਦੀ ਹੈ, ਅਤੇ ਗਿਆਨ ਦਾ ਵਿਚਾਰ ਵਿਟਾਂਦਰਾ ਵੀ ਹੁੰਦਾ ਹੈ। ਇਹ ਸ਼ਬਦ ਹੀ ਮਨੁੱਖ ਦੀ ਪ੍ਰਗਤੀ ਵਾਸਤੇ ਗਿਆਨ ਦਾ ਵਢਮੁੱਲਾ ਸਰੋਤ ਹੁੰਦੇ ਹਨ।
ਇਹ ਤਾਂ ਪ੍ਰਤੱਖ ਹੈ ਕਿ ਸ਼ਬਦ ਦੁਆਰਾ ਹੀ ਪਦਾਰਥਕ ਉਨਤੀ ਸੰਭਵ ਹੋਈ ਹੈ ਅਤੇ ਸ਼ਬਦ ਰਾਹੀਂ ਹੀ ਹੋਰ ਪ੍ਰਗਤੀ ਵੀ ਹੋ ਰਹੀ ਹੈ। ਇਸੇ ਅਧਾਰ ’ਤੇ ਮਨ ਦੀ ਸ਼ਾਂਤੀ ਅਤੇ ਅਧਿਆਤਮਕ ਉਨਤੀ ਵਾਸਤੇ ਵੀ ਸ਼ਬਦ ਹੀ ਇਕ ਵਡਮੁੱਲਾ ਸਰੋਤ ਹੈ। ਭਾਵ ਇਹ ਕਿ ਸ਼ਬਦ ਰਾਹੀਂ ਹੀ ਕੋਈ ਸੰਦੇਸ਼, ਉਪਦੇਸ਼ ਜਾਂ ਕਿਸੇ ਵੀ ਤਰ੍ਹਾਂ ਦਾ ਗਿਆਨ ਦਿੱਤਾ ਜਾਂਦਾ ਹੈ। ਇਸੇ ਅਨੁਸਾਰ ਸ਼ਬਦ ਰਾਹੀਂ ਹੀ ਸੋਝੀ ਪ੍ਰਾਪਤ ਹੁੰਦੀ ਹੈ। ਇਸ ਨੂੰ ਇੰਝ ਵੀ ਆਖਿਆ ਜਾ ਸਕਦਾ ਹੈ, ਕਿ ਸ਼ਬਦ ਹੀ ਸਭ ਤਰ੍ਹਾਂ ਦੇ ਗਿਆਨ ਦਾ ਸਰੋਤ ਹੁੰਦਾ ਹੈ। ਸ਼ਬਦ ਰਾਹੀਂ ਹੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਸਕਦਾ ਹੈ। ਭਾਵ ਇਹ ਕਿ ਸ਼ਬਦ ਹੀ ਉਪਦੇਸ਼, ਸੁਨੇਹਾ, ਮੈਸਿਜ ਭਾਵ ਸੰਦੇਸ਼ ਜਾਂ ਆਤਮ ਸੰਦੇਸ਼ ਹੁੰਦਾ ਹੈ।
ਹੁਣ ਜਦੋਂ ‘ਸ਼ਬਦ ਗੁਰੂ’ ਦੇ ਸੰਕਲਪ ਨੂੰ ਸਮਝਣਾ ਹੈ ਤਾਂ ਇਹ ਸਮਝਣਾ ਹੋਵੇਗਾ ਕਿ ਗੁਰੂ ਤੋਂ ਕੀ ਭਾਵ ਹੰਦਾ ਹੈ। ਆਮ ਤੌਰ ‘ਤੇ ਗੁਰੂ ਐਸੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਕੋਈ ਗਿਆਨ ਹਾਸਲ ਕੀਤਾ ਜਾਂਦਾ ਹੈ। ਸਕੂਲਾਂ ਕਾਲਜਾਂ ਦੇ ਅਧਿਆਪਕ ਨੂੰ ਵੀ ਗੁਰੂ ਕਿਹਾ ਜਾਂਦਾ ਹੈ, ਕਿੳਂਕਿ ਉਹ ਕੋਈ ਗਿਆਨ ਹੀ ਦਿੰਦੇ ਹਨ। ਭਾਰਤ ਵਿਚ ਇਹ ਪ੍ਰਥਾ ਰਹੀ ਹੈ ਕਿ ਅਧਿਆਤਮਕ ਗਿਆਨ ਹਾਸਲ ਕਰਨ ਵਾਸਤੇ ਹਰ ਕੋਈ ਆਪਣਾ ਕੋਈ ਨਾ ਕੋਈ ਦੇਹ ਧਾਰੀ ਗੁਰੂ ਧਾਰਦਾ ਰਿਹਾ ਹੈ। ਇਸ ਧਾਰਨਾ ਅਨੁਸਾਰ ਹੀ ਕੇਵਲ ਦੇਹ ਧਾਰੀ ਮਨੁੱਖ ਨੂੰ ਹੀ ਗੁਰੂ ਕਿਹਾ ਜਾਂਦਾ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਾਹਰਾ ਤੌਰ ‘ਤੇ ਮਨੁੱਖ ਹੀ ਗਿਆਨ ਦੇ ਰਿਹਾ ਹੁੰਦਾ ਹੈ ਪਰ ਅਸਲੀਅਤ ਤਾਂ ਇਹ ਹੁੰਦੀ ਹੈ ਕਿ ਉਹ ਵਿਅਕਤੀ ਜੋ ਉਪਦੇਸ਼ ਜਾਂ ਗਿਆਨ ਦਿੰਦਾ ਹੈ ਉਹ ਸ਼ਬਦ ਬੋਲ ਕੇ ਜਾਂ ਲਿੱਖ ਕੇ ਹੀ ਦਿੰਦਾ ਹੈ। ਇਸ ਤਰ੍ਹਾਂ ਅਸਲ ਗਿਆਨ ਤਾਂ ਸ਼ਬਦਾਂ ਰਾਹੀਂ ਹੀ ਮਿਲ ਰਿਹਾ ਹੁੰਦਾ ਹੈ। ਭਾਵ ਗਿਆਨ ਦਾ ਅਸਲ ਸਰੋਤ ਤਾਂ ਸ਼ਬਦ ਹੀ ਹੁੰਦੇ ਹਨ, ਪਰ ਇਸ ਦੇ ਉਲਟ ਮਨੁੱਖੀ ਦੇਹ ਨੂੰ ਹੀ ਗੁਰੂ ਮੰਨ ਲਿਆ ਜਾਂਦਾ ਹੈ। ਇਸੇ ਭੁਲਾਵੇ ਕਾਰਨ ਆਮ ਲੋਕ ਕੇਵਲ ਗੁਰੂ ਦੀ ਦੇਹ ਉੱਤੇ ਹੀ ਭਰੋਸਾ ਕਰਨ ਲੱਗ ਜਾਂਦੇ ਹਨ। ਇਸੇ ਕਾਰਨ ਆਮ ਲੋਕ ਗੁਰੂ ਦੀ ਦੇਹ ਦਾ ਸਤਿਕਾਰ ਅਤੇ ਉਸ ਦੀ ਪੂਜਾ ਵਿਚ ਉਲਝ ਜਾਂਦੇ ਹਨ। ਬ੍ਰਾਹਮਣ ਨੇ ਇਸ ਪੂਜਾ ਵਾਲੀ ਬਿਰਤੀ ਦਾ ਖੂਬ ਲਾਹਾ ਲਿਆ ਅਤੇ ਇਸ ਪੂਜਾ ਦੇ ਰੁਝਾਣ ਨੂੰ ਪ੍ਰਫੁਲਤ ਕੀਤਾ। ਜਿਥੇ ਪੂਜਾ ਹੁੰਦੀ ਹੈ ਉਥੇ ਬੌਧਕ ਵਿਕਾਸ ਰੁਕ ਜਾਂਦਾ ਹੈ। ਇਸੇ ਪੂਜਾ ਦੇ ਰੁਝਾਣ ਕਾਰਨ ਹੀ “ਸ਼ਬਦ” ਜੋ ਗਿਆਨ ਦਾ ਅਸਲ ਸਰੋਤ ਹੈ, ਸ਼ਬਦ ਰਾਹੀਂ ਦਿੱਤਾ ਗਿਆ ਉਪਦੇਸ਼ ਸੁਨੇਹਾ ਜਾਂ ਸੰਦੇਸ਼ ਧੁੰਦਲਾ ਪੈ ਜਾਂਦਾ ਹੈ। ਦੇਹ ਧਾਰੀ ਗੁਰੂ ਦੀ ਪੂਜਾ ਵੱਸ ਆਮ ਲੋਕ ਪੂਜਾ ਵਿਚ ਹੀ ਉਲਝ ਕੇ ਰਹਿ ਜਾਂਦੇ ਹਨ ਅਤੇ ਅਸਲ ਸੰਦੇਸ਼ ਨੂੰ ਭੁਲ ਜਾਂਦੇ ਹਨ। ਪੂਜਾ ਕਾਰਨ ਹੀ ਕਈ ਤਰ੍ਹਾਂ ਦੇ ਕਰਮਕਾਂਡ ਵੀ ਸਥਾਪਤ ਕਰ ਦਿੱਤੇ ਜਾਂਦੇ ਹਨ ਅਤੇ ਆਮ ਲੋਕ ਇਸੇ ਚੱਕਰ ਵਿਚ ਫਸ ਕੇ ਖੱਜਲ-ਖੁਆਰ ਹੋਈ ਜਾ ਰਹੇ ਹਨ। “ਸ਼ਬਦ” ਜਾਂ ਅਸਲ ਉਪਦੇਸ਼ ਜੋ ਗਿਆਨ ਦਾ ਅਸਲ ਸਰੋਤ ਹੁੰਦਾ ਹੈ ਉਸ ਨੂੰ ਵਿਸਾਰ ਦਿੱਤਾ ਜਾਂਦਾ ਹੈ।
ਹੁਣ ਜਦੋਂ ਦੇਹ ਧਾਰੀ ਵਿਅਕਤੀ ਨੂੰ ਗੁਰੂ ਮੰਨ ਲਿਆ ਜਾਂਦਾ ਹੈ ਅਤੇ ਉਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਤਾਂ ਫਿਰ ਉਸ ਦੀ ਮੌਤ ਹੋਣ ‘ਤੇ ਉਸ ਵਿਅਕਤੀ ਦੀ ਮੂਰਤੀ ਜਾਂ ਤਸਵੀਰ ਬਣਾ ਲਈ ਜਾਂਦੀ ਹੈ ਅਤੇ ਉਸੇ ਮੂਰਤੀ ਜਾਂ ਤਸਵੀਰ ਦੀ ਪੂਜਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪੂਜਾ ਕਾਰਨ ਉਸ ਵਿਅਕਤੀ ਰਾਹੀਂ ਦਿੱਤੇ ਗਏ ਉਪਦੇਸ਼ ਜਾਂ ਗਿਆਨ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਇਸੇ ਭੁਲੇਖੇ ਨੂੰ ਦੂਰ ਕਰਨ ਵਾਸਤੇ ਹੀ ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਆਖ ਕੇ “ਸ਼ਬਦ ਗੁਰੂ” ਦਾ ਸਿਧਾਂਤ ਪ੍ਰਸਤੁਤ ਕੀਤਾ। ਇਸੇ ਸ਼ਬਦ ਨੂੰ ਹੀ ਬਾਣੀ ਆਖ ਕੇ ਵੀ ਸੰਬੋਧਨ ਕੀਤਾ ਹੈ ਅਤੇ ਗੁਰਬਾਣੀ ਰਾਹੀਂ ਸਪਸ਼ਟ ਤੌਰ ‘ਤੇ ਸਮਝਾ ਦਿੱਤਾ ਅਤੇ ਕਿਹਾ: “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥” (ਗ:ਗ:ਸ: ਪੰਨਾ-982) ਭਾਵ ਬਾਣੀ ਭਾਵ ਸ਼ਬਦ ਹੀ ਗੁਰੂ ਹੈ ਅਤੇ ਇਸ ਬਾਣੀ ਜਾਂ ਸ਼ਬਦਾਂ ਰਾਹੀਂ ਦਿੱਤਾ ਗਿਆ ਉਪਦੇਸ਼ ਅਤੇ ਗਿਆਨ ਹੀ ਅੰਮ੍ਰਿਤ ਹੁੰਦਾ ਹੈ। ਇਸ ਸ਼ਬਦ ਰਾਹੀਂ ਹੀ ਹਰ ਪਰਕਾਰ ਦਾ ਬੌਧਕ ਜਾਂ ਅਧਿਆਤਮਕ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਅੰਮ੍ਰਿਤ ਜੀਵਨ ਪ੍ਰਦਾਨ ਕਰਦਾ ਹੈ ਇਸੇ ਤਰ੍ਹਾਂ ਸ਼ਬਦਾਂ ਰਾਹੀਂ ਦਿੱਤਾ ਗਿਆ ਉਪਦੇਸ਼ ਜੀਵਨ ਵਿਚ ਉਜਾਲਾ ਕਰਦਾ ਹੈ।
ਇਸ ਵਿਚਾਰ ਤੋਂ ਇਹ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਦੇਹ ਧਾਰੀ ਗੁਰੂ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਨਿਕਾਰ ਦਿੱਤਾ ਸੀ। ਦੇਹ ਧਾਰੀ ਗੁਰੂ ਨੇ ਤਾਂ ਸੰਸਾਰ ਤੋਂ ਚਲੇ ਹੀ ਜਾਣਾ ਹੁੰਦਾ ਹੈ ਪਰ ਉਸ ਦਾ ਉਪਦੇਸ਼ ਜਾਂ ਗਿਆਨ ਸ਼ਬਦਾਂ ਦੇ ਰੂਪ ਵਿਚ ਹਮੇਸ਼ਾ ਰਹਿਨੁਮਾਈ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਸ਼ਬਦ ਭਾਵ ਬਾਣੀ ਰਾਹੀਂ ਦਿੱਤਾ ਸੰਦੇਸ਼ ਜਾਂ ਉਪਦੇਸ਼ ਹੀ ਗੁਰੂ ਹੁੰਦਾ ਹੈ ਕੋਈ ਮਨੱਖ ਨਹੀਂ।
ਸ਼ਬਦ ਜੋ ਗਿਆਨ ਦਾ ਸਰੋਤ ਹੈ ਉਹ ਅਟੱਲ ਰਹਿਣ ਵਾਲਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਨਿਰੰਕਾਰ ਅਟੱਲ ਹੈ। ਕਿਉਂਕਿ ਸ਼ਬਦਾਂ ਰਾਹੀਂ ਦਿੱਤਾ ਸੰਦੇਸ਼ ਅਟੱਲ ਭਾਵ ਸਦੀਵੀ ਹੁੰਦਾ ਹੈ, ਇਸੇ ਲਈ ਸ਼ਬਦ ਭਾਵ ਬਾਣੀ ਨੂੰ ਨਿਰੰਕਾਰ ਵੀ ਕਿਹਾ ਗਿਆ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਗ:ਗ:ਸ: ਪੰਨਾ-515) ਪਰ ਕਮਾਲ ਤਾਂ ਇਹ ਹੈ ਕਿ ਸਿੱਖ ਜਗਤ ਦੇ ਪੁਜਾਰੀ ਵਰਗ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਦੇਹ ਸਵਿਕਾਰ ਕਰ ਲਿਆ ਹੈ। ਜਿਵੇਂ ਦੇਹ ਧਾਰੀ ਗੁਰੂ ਦੀ ਸੇਵਾ ਜਾ ਪੂਜਾ ਹੁੰਦੀ ਹੈ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਬਾਣੀ ਜਾਂ ਸ਼ਬਦ ਦੀ ਡੂੰਗੀ ਵਿਚਾਰ ਲਈ ਧਿਆਨ ਬਹੁਤ ਘਟ ਦਿੱਤਾ ਜਾਂਦਾ ਹੈ। ਇਹ ਠੀਕ ਹੈ ਕਿ ਗ੍ਰੰਥ ਨੂੰ ਗੁਰੂ ਕਿਹਾ ਜਾਂਦਾ ਹੈ, ਉਹ ਇਸ ਲਈ ਕਿਉਂਕਿ ਗ੍ਰੰਥ ਸ਼ਬਦਾਂ ਦਾ ਸਮੁੰਹ ਹੈ ਅਤੇ ਸ਼ਬਦ ਹੀ ਗੁਰੂ ਹੁੰਦੇ ਹਨ ਇਸ ਤਰ੍ਹਾਂ ਗ੍ਰੰਥ ਨੂੰ ਗੁਰੂ ਤਾਂ ਕਿਹਾ ਜਾ ਸਕਦਾ ਹੈ ਪਰ ਗ੍ਰੰਥ ਨੂੰ ਕਿਸੇ ਵੀ ਤਰ੍ਹਾਂ ਦੇਹ ਨਹੀਂ ਮੰਨਿਆ ਜਾ ਸਕਦਾ।
ਸ਼ਬਦ ਗੁਰੂ ਦੇ ਸੰਕਲਪ ਨੂੰ ਸਮਝਣ ਵਾਸਤੇ ਜੇਕਰ ਗੁਰੂ ਨਾਨਕ ਸਾਹਿਬ ਦੇ ਗਿਆਨ ਦੇ ਸਰੋਤ ਸਬੰਧੀ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਖਾਸ ਇਕ ਦੇਹ ਧਾਰੀ ਗੁਰੂ ਪਾਸੋਂ ਗਿਆਨ ਹਾਸਲ ਨਹੀਂ ਸੀ ਕੀਤਾ। ਗੁਰੂ ਸਾਹਿਬ ਨੇ ਪੰਡਿਤ ਗੋਪਾਲ ਪਾਸੋਂ ਸਕੂਲ ਦੀ ਸਿੱਖਿਆ ਪ੍ਰਾਪਤ ਕੀਤੀ, ਸ਼ਾਸਤਰੀ ਭਗੀਰਥ ਪਾਸੋਂ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ ਅਤੇ ਮੁਲਾਣਾ ਕੁਤਬੁਦੀਨ ਪਾਸੋਂ ਪਰਸ਼ੀਅਨ ਅਤੇ ਅਰਬੀ ਦੀ ਵਿਦਿਆ ਦੇ ਨਾਲ ਕੁਰਾਣ ਦਾ ਅਧਿਐਨ ਵੀ ਕੀਤਾ। ਇਹ ਹੀ ਨਹੀਂ ਸਗੋਂ ਗੁਰੂ ਸਾਹਿਬ ਹੋਰ ਵਿਦਵਾਨਾਂ ਨਾਲ ਵੀ ਵਿਚਾਰ ਵਿਟਾਂਦਰਾ ਕਰਦੇ ਸਨ ਜਿਨ੍ਹਾਂ ਵਿਚੋਂ ਸੱਈਅਦ ਹਸਣ ਦਾ ਨਾਮ ਉਲੇਖਣੀਏ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਵਿਚ ਜੋ ਵੀ ਸਾਹਿਤ ਉਪਲਬਧ ਸੀ ਉਸ ਹਰ ਤਰ੍ਹਾਂ ਦੇ ਸਾਹਿਤ ਦਾ ਪੂਰੀ ਤਰ੍ਹਾਂ ਅਧਿਐਨ ਕੀਤਾ। ਉਹ ਸਭ ਕੁਝ ਜੋ ਕੁਝ ਵੀ ਉਸ ਸਮੇਂ ਵਿਚ ਪ੍ਰਚੱਲਤ ਸੀ ਉਸ ਨੂੰ ਪੜ੍ਹਿਆ ਸੁਣਿਆ ਘੋਖਿਆ ਅਤੇ ਸਮਝਿਆ। ਗੁਰੂ ਸਾਹਿਬ ਨੇ ਆਮ ਲੋਕਾਂ ਦੀ ਮਾਨਸਿਕ ਅਵਸਥਾ ਦਾ ਵੀ ਪੂਰੀ ਤਰ੍ਹਾਂ ਅਧਿਐਨ ਕੀਤਾ। ਗੁਰੂ ਸਾਹਿਬ ਨੇ ਦੇਸ਼ ਅਤੇ ਵਿਦੇਸ਼ ਦੀਆਂ ਕਈ ਬੋਲੀਆਂ ਅਤੇ ਉਥੋਂ ਦੀ ਸੱਭਿਅਤਾ ਨੂੰ ਵੀ ਸਮਝਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਗਿਆਨ ਪ੍ਰਾਪਤ ਕੀਤਾ ਉਹ ਕਿਸੇ ਇਕੋ ਖਾਸ ਗੁਰੂ ਕੋਲੋਂ ਪ੍ਰਾਪਤ ਨਹੀਂ ਸੀ ਕੀਤਾ। ਗੁਰੂ ਸਾਹਿਬ ਜੋ ਪੜ੍ਹਦੇ ਸੁਣਦੇ ਜਾਂ ਵੇਖਦੇ ਉਸ ਨੂੰ ਆਪਣੀ ਵਿਵੇਕ ਬੁੱਧੀ ਨਾਲ, ਸੁਰਤ ਨਾਲ ਘੌਖ ਕੇ ਕੋਈ ਨਿਰਨਾ ਕਰਦੇ ਅਤੇ ਉਸੇ ਅਨੁਸਾਰ ਆਪਣੇ ਗਿਆਨ ਅਤੇ ਵਿਚਾਰਾਂ ਦੀ ਸਾਂਝ ਕਰਦੇ। ਇਸੇ ਅਨੁਸਾਰ ਗੁਰੂ ਸਾਹਿਬ ਲੋਕਾਈ ਨੂੰ ਸਿੱਧੇ ਰਸਤੇ ਚਲਣ ਲਈ ਪ੍ਰੇਰਦੇ ਸਨ। ਭਾਵ ਇਹ ਕਿ ਗੁਰੂ ਸਾਹਿਬ ਨੇ ਜੋ ਗਿਆਨ ਪ੍ਰਾਪਤ ਕੀਤਾ ਉਹ ਸ਼ਬਦ ਰਾਹੀਂ ਅਤੇ ਸ਼ਬਦਾਂ ਦੇ ਵਿਚਾਰ ਵਿਟਾਂਦਰੇ ਨਾਲ ਹੀ ਕੀਤਾ। ਇਸੇ ਅਧਾਰ ’ਤੇ ਗੁਰੂ ਸਾਹਿਬ ਨੇ “ਸ਼ਬਦ ਗੁਰੂ” ਦੇ ਸਿਧਾਂਤ ਨੂੰ ਪ੍ਰਸਤੁਤ ਕੀਤਾ।
ਇਸੇ ਦੌਰਾਨ ਜਦੋਂ ਗੁਰੂ ਸਾਹਿਬ ਸਿੱਧਾਂ ਪਾਸ ਗਏ ਤਾਂ ਸਿੱਧਾਂ ਨੇ ਪ੍ਰਚੱਲਤ ਗੁਰੂ ਪ੍ਰਥਾ ਦੇ ਕਾਰਨ ਹੀ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥” (ਗ:ਗ:ਸ: ਪੰਨਾ-942)। ਇਸ ’ਤੇ ਗੁਰੂ ਸਾਹਿਬ ਦਾ ਉਤਰ ਸੀ: “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਭਾਵ ਮੇਰਾ ਗੁਰੂ ਸ਼ਬਦ ਹੈ ਅਤੇ ਮੇਰੀ ਸੁਰਤਿ ਧੁਨਿ ਚੇਲਾ ਹੈ। ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਸੀ ਕਿ ਕਿਉਂਕਿ ਅਸਲ ਗਿਆਨ ਦਾ ਸਰੋਤ ਸ਼ਬਦ ਹੁੰਦਾ ਹੈ ਇਸ ਲਈ ਸ਼ਬਦ ਹੀ ਗੁਰੂ ਹੁੰਦਾ ਹੈ ਕੋਈ ਦੇਹ ਗੁਰੂ ਨਹੀਂ ਹੁੰਦੀ। ਇਸੇ ਲਈ ਸ਼ਬਦ ਹੀ ਮੇਰਾ ਗੁਰੂ ਹੈ। ਕੋਈ ਦੇਹ ਧਾਰੀ ਵਿਅਕਤੀ ਮੇਰਾ ਗੁਰੂ ਨਹੀਂ ਹੈ।
ਗੁਰੂ ਸਾਹਿਬ ਨੇ ਜਦੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਰਸਤੁਤ ਕੀਤਾ ਤਾਂ ਇਸ ਦੇ ਨਾਲ ਹੀ ‘ਸੁਰਤਿ ਧੁਨਿ ਚੇਲਾ’ ਆਖ ਕੇ ਇਕ ਹੋਰ ਨਵੇਂ ਸਿਧਾਂਤ ਨੂੰ ਵੀ ਪ੍ਰਗਟ ਕੀਤਾ। ਇਸੇ ਲਈ ਜਿਥੇ ਸ਼ਬਦ ਗੁਰੂ ਦੇ ਸਧਾਂਤ ਨੂੰ ਸਮਝਣਾ ਹੈ ਉੱਥੇ ‘ਸੁਰਤਿ ਧੁਨਿ ਚੇਲਾ’ ਵਾਲੇ ਸਿਧਾਂਤ ਨੂੰ ਵੀ ਸਮਝਣਾ ਜ਼ਰੂਰੀ ਹੋ ਜਾਂਦਾ ਹੈ।
ਇਹ ਜ਼ਰੂਰੀ ਇਸ ਲਈ ਹੈ ਕਿ ਪੜ੍ਹਨ, ਸੁਨਣ ਅਤੇ ਵੇਖਣ ਨੂੰ ਤਾਂ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਪਰ ਮਹੱਤਵਪੂਰਣ ਇਹ ਹੈ ਕਿ ਉਸ ਵਿਚੋਂ ਗ੍ਰਹਿਣ ਕੀ ਕੀਤਾ ਜਾਂਦਾ ਹੈ? ਭਾਵ ਸੁਰਤ ਵਿਚ ਕੈਸਾ ਪ੍ਰਭਾਵ ਪੈਦਾ ਹੁੰਦਾ ਹੈ? ਇਕ ਪਾਸੇ ਤਾਂ ਗਿਆਨਮਈ ਸ਼ਬਦ, ਸ਼ੁਭ ਬਚਣ, ਗੁਰ ਉਪਦੇਸ਼ ਜਿਸ ਨੂੰ ਗੁਰਬਾਣੀ ਵੀ ਆਖਿਆ ਜਾਂਦਾ ਹੈ, ਉਹ ਮਨੁੱਖ ਨੂੰ ਇਨਸਾਨਿਅਤ ਦਾ ਸਬਕ ਪੜ੍ਹਾ ਕੇ ਸਚਿਆਰ ਬਨਾਉਂਦੇ ਹਨ। ਦੂਸਰੇ ਪਾਸੇ ਮੱਕਾਰ, ਫਰੇਬੀ ਅਤੇ ਲਾਲਚੀ ਆਗੂਆਂ ਦੇ ਕਹੇ ਗਏ ਸ਼ਬਦ, ਉਨ੍ਹਾਂ ਮੱਕਾਰ ਲੋਕਾਂ ਰਾਹੀਂ ਰਚਿਆ ਗਿਆ ਸਾਹਿਤ, ਜਿਸ ਨੂੰ ਦੁਰਬਾਣੀ ਭਾਵ ਭੱਦੀ ਬਾਣੀ ਵੀ ਕਿਹਾ ਜਾ ਸਕਦਾ ਹੈ, ਐਸੀ ਦੁਰਬਾਣੀ (ਭੱਦੀ ਬਾਣੀ), ਐਸਾ ਭੱਦਾ ਸਾਹਿਤ ਵੀ ਹੁੰਦੀ ਹੈ ਜੋ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਮਨੁੱਖ ਨੂੰ ਸ਼ੈਤਾਨ ਅਤੇ ਹੈਵਾਣ ਬਣਾ ਦਿੰਦਾ ਹੈ। ਮੱਕਾਰੀ ਬਿਰਤੀ ਵਾਲੇ ਸ਼ਬਦ ਜਾਂ ਸਾਹਿਤ ਕਿਸੇ ਵੀ ਮਨੁੱਖ ਨੂੰ ਕੁਰਾਹੇ ਪਾ ਸਕਦੇ ਹਨ। ਐਸਾ ਬਹੁਤ ਸਾਰਾ ਸਾਹਿਤ ਮਾਜੂਦ ਹੈ ਜਿਸ ਕਾਰਨ ਭੋਲੇ ਭਾਲੇ ਲੋਕਾਂ ਦੀ ਬੁਧੀ ਭ੍ਰਿਸ਼ਟ ਹੋ ਰਹੀ ਹੈ ਅਤੇ ਉਹ ਕਰਮਕਾਂਡਾਂ ਦੇ ਚੱਕਰ ਵਿਚ ਫਸੀ ਜਾ ਰਹੇ ਹਨ। ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਕਾਰਨ ਆਪਣਾ ਜੀਵਨ ਬਰਬਾਦ ਕਰ ਰਹੇ ਹਨ। ਇਸੇ ਲਈ ਜਦੋਂ ਵੀ ਕੁਝ ਪੜ੍ਹਿਆ, ਸੁਣਿਆ ਜਾਂ ਵੇਖਿਆ ਜਾਵੇ ਤਾਂ ਲੋੜ ਹੁੰਦੀ ਹੈ ਸੁਰਤ ਨੂੰ ਕਾਇਮ ਰੱਖ ਕੇ ਵਿਵੇਕ ਬੁੱਧੀ ਨਾਲ ਨਿਰਖਣ ਕਰ ਕੇ ਸਮਝਣ ਦੀ। ਭਾਵ ਜਦੋਂ ਵੀ ਕੁਝ ਪੜਿਆ ਸੁਣਿਆ ਜਾਂ ਵੇਖਿਆ ਜਾਵੇ ਤਾਂ ਆਪਣੀ ਵਿਵੇਕ ਬੁੱਧੀ ਅਤੇ ਆਪਣੀ ਜ਼ਮੀਰ ਜਾਂ ਇਨਸਾਨੀਅਤ ਵਾਲੀ ਅੰਤਰ ਆਤਮਾ ਨਾਲ ਉਸ ਨੂੰ ਘੋਖ ਕੇ ਹੀ ਉਸ ਦਾ ਪ੍ਰਭਾਵ ਗ੍ਰਹਿਣ ਕੀਤਾ ਜਾਵੇ।ਇਸੇ ਨੂੰ ਆਖਦੇ ਹਨ ਸੁਰਤ ਨੂੰ ਕਾਇਮ ਰੱਖਣਾ। ਜੇ ਕਰ ਸੁਰਤ ਨੂੰ ਕਾਇਮ ਨਾ ਰੱਖਿਆ ਜਾਵੇ ਜਾਂ ਵਿਵੇਕ ਬੁੱਧੀ ਤੋਂ ਕੰਮ ਨਾ ਲਿਆ ਜਾਵੇ ਤਾਂ ਮਨੁੱਖ ਦਾ ਭਟਕਣਾ ਸੁਭਾਵਿਕ ਹੈ। ਹਰ ਸ਼ਬਦ ਜਾਂ ਵਾਰਤਾ ਨੂੰ ਵਿਚਾਰ ਕੇ ਹੀ ਉਸ ਦੇ ਭਾਵ ਨੂੰ ਗ੍ਰਹਿਣ ਕਰਨਾ ਉੱਚਿਤ ਹੋ ਸਕਦਾ ਹੈ। ਵਿਦਵਾਨ ਦਸਦੇ ਹਨ ਕਿ ਮਹਾਤਮਾ ਬੁੱਧ ਦਾ ਇਹ ਕਹਿਣਾ ਸੀ ਕਿ ਕਿਸੇ ਦੇ ਵੀ ਆਖੇ ਨੂੰ ਇਨ ਬਿਨ ਨਾ ਮੰਨੋ ਜਦ ਤਕ ਉਸ ਨੂੰ ਚੰਗੀ ਤਰ੍ਹਾਂ ਪਰਖ ਜਾਂਚ ਨਾ ਲਵੋ। ਭਾਵ ਹਰ ਕਹੇ ਗਏ ਬੋਲ ਜਾਂ ਸ਼ਬਦ ਨੂੰ ਆਪਣੀ ਵਿਵੇਕ ਬੁੱਧੀ ਭਾਵ ਸੁਰਤ ਨਾਲ ਪਰਖ ਕੇ ਹੀ ਉਸ ਉੱਤੇ ਅਮਲ ਕਰਨਾ ਠੀਕ ਹੋਵੇਗਾ।
ਇਸ ਸਬੰਧ ਵਿਚ ਗੁਰੂ ਸਾਹਿਬ ਇਸ ਤਰ੍ਹਾਂ ਦੀ ਉਧਾਹਰਣ ਦਿੰਦੇ ਹਨ ਅਤੇ ਆਖਦੇ ਹਨ: ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ (ਗ:ਗ:ਸ: ਪੰਨਾ-641) ਭਾਵ ਇਹ ਕਿ ਵੇਦ ਆਦਿ ਗਿਆਨ ਦੀਆਂ ਪੁਸਤਕਾਂ ਤਾਂ ਪੜ੍ਹ ਲਈਆਂ ਜਾਂਦੀਆਂ ਹਨ, ਉਨ੍ਹਾਂ ਦੇ ਪਾਠ ਵੀ ਕਰ ਲਏ ਜਾਂਦੇ ਹਨ ਪਰ ਉਨ੍ਹਾਂ ਨੂੰ ਪੜ੍ਹ ਕੇ ਜੇਕਰ ਕਈ ਤਰ੍ਹਾਂ ਦੇ ਆਸਣ ਲਗਾਉਣੇ ਸ਼ੁਰੂ ਕਰ ਦਿਤੇ ਜਾਂਦੇ ਹਨ ਤਾਂ ਇਸ ਤਰ੍ਹਾਂ ਅਧਿਆਮਕ ਤੌਰ ’ਤੇ ਕੋਈ ਲਾਭ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਵਿਦੀਆਂ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ। ਕਿਸੇ ਤਰ੍ਹਾਂ ਦੀ ਸੋਝੀ ਨਹੀਂ ਆਉਂਦੀ। ਲੋੜ ਤਾਂ ਹੁੰਦੀ ਹੈ ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਦੀ। ਇਸ ਤਰ੍ਹਾਂ ਵਾਧੂ ਦੇ ਆਸਣਾਂ ਨਾਲ ਬੁਰੇ ਵਿਚਾਰਾਂ ਤੋਂ ਛੁਟਕਾਰਾ ਤਾਂ ਮਿਲਦਾ ਨਹੀਂ ਸਗੋਂ ਹੰਕਾਰ ਵਾਧੂ ਆ ਜਾਂਦਾ ਹੈ। ਹੰਕਾਰ ਵਾਲੀ ਬੁਰਾਈ ਵਾਧੂ ਚੰਬੜ ਜਾਂਦੀ ਹੈ। ਇਸੇ ਲਈ ਲੋੜ ਹੈ ਜੋ ਪੜ੍ਹਿਆ ਜਾਂ ਸੁਣਿਆ ਹੈ ਉਸ ਨੂੰ ਸੁਰਤ ਨਾਲ ਵਿਵੇਕ ਬੁੱਧੀ ਨਾਲ ਸਮਝਿਆ ਜਾਵੇ। ਇਸੇ ਲਈ ਇਸੇ ਸ਼ਬਦ ਵਿਚ ਅਰਦਾਸ ਕੀਤੀ ਹੈ: “ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥” ਵਿਵੇਕ ਬੁੱਧੀ ਇਸ ਲਈ ਮੰਗੀ ਹੈ ਤਾਂ ਕਿ ਸੁਰਤ ਕਾਇਮ ਰਹੇ, ਜੋ ਪੜ੍ਹਿiਆ ਸੁਣਿਆ ਹੈ ਉਸ ਨੂੰ ਸੁਰਤ ਵਿਚ ਸਮਾਉਣ ਤੋਂ ਪਹਿਲਾਂ ਵਿਵੇਕ ਬੁੱਧੀ ਨਾਲ ਵਿਚਾਰਿਆ ਜਾਵੇ ਅਤੇ ਸਮਝ ਕੇ ਉਸ ਉਤੇ ਅਮਲ ਕੀਤਾ ਜਾਵੇ।
ਇਸ ਤਰ੍ਹਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ “ਸੁਰਤਿ” ਤੋਂ ਭਾਵ ਇਹ ਹੈ ਕਿ ਹਰ ਤਰ੍ਹਾਂ ਦੇ ਸ਼ਬਦ (ਗਿਆਨ) ਨੂੰ ਆਪਣੀ ਸੁਰਤ ਨੂੰ ਕਾਇਮ ਰਖਦੇ ਹੋਏ, ਅੱਖਾਂ ਖੋਲ ਕੇ, ਵਿਚਾਰ ਕੇ ਸਮਝਿਆ ਜਾਵੇ ਅਤੇ ਫਿਰ ਉਨ੍ਹਾਂ ਸ਼ਬਦਾਂ ਉੱਤੇ ਅਮਲ ਕੀਤਾ ਜਾਵੇ। ਇਸੇ ਨੂੰ ਗੁਰਬਾਣੀ ਰਾਹੀਂ ਇਸ ਤਰ੍ਹਾਂ ਵੀ ਸਮਝਾਇਆ ਗਿਆ ਹੈ: ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਗ:ਗ:ਸ: ਪੰਨਾ-594) ਭਾਵ ਇਹ ਕਿ ਕਿਸੇ ਤਰ੍ਹਾਂ ਦੇ ਵੀ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਜਾਂ ਵੇਖ ਕੇ ਉਤਨੀ ਦੇਰ ਸੋਝੀ ਨਹੀਂ ਆਉਂਦੀ ਜਦ ਤਕ ਉਨ੍ਹਾਂ ਸ਼ਬਦਾਂ ਨੂੰ ਪੂਰੀ ਤਰ੍ਹਾਂ ਘੋਖ ਨਾ ਲਿਆ ਜਾਵੇ। ਸ਼ਬਦਾਂ ਦੀ ਵਿਚਾਰ ਕਰ ਕੇ ਹੀ ਉਨ੍ਹਾਂ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝ ਕੇ ਹੀ ਸੁਰਤ ਵਿਚ ਟਿਕਾਇਆ ਜਾ ਸਕਦਾ ਹੈ। ਫਿਰ ਜਦੋਂ ਉਨ੍ਹਾਂ ਸ਼ਬਦਾਂ ਦਾ ਸੁਚੱਜਾ ਗਿਆਨ ਸੁਰਤ ਵਿਚ ਟਿਕ ਜਾਂਦਾ ਹੈ ਤਾਂ ਹੀ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ, ਤਾਂ ਹੀ ਸਚਿਆਰ ਹੋਇਆ ਜਾ ਸਕਦਾ ਹੈ।
ਇਸੇ ਸੰਕਲਪ ਨੂੰ ਗੁਰਬਾਣੀ ਇਸ ਤਰ੍ਹਾਂ ਵੀ ਸਮਝਾਉਂਦੀ ਹੈ: ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (ਗ:ਗ:ਸ: ਪੰਨਾ-1410) ਭਾਵ ਇਹ ਕਿ ਜਿਵੇਂ ਵਪਾਰ ਕਰਨ ਸਮੇਂ ਜਦੋਂ ਕੋਈ ਵਸਤੂ ਖਰੀਦਨੀ ਹੁੰਦੀ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਪਰਖ ਕੀਤੀ ਜਾਂਦੀ ਹੈ ਅਤੇ ਉਸ ਜਾਂਚ ਦੇ ਉਪਰੰਤ ਹੀ ਉਸ ਵਸਤੂ ਨੂੰ ਖਰੀਦਿਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੋ ਸ਼ਬਦ ਪੜ੍ਹੇ ਜਾਂ ਸੁਣੇ ਜਾਂਦੇ ਹਨ ਉਨ੍ਹਾਂ ਦੇ ਭਾਵ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਪਰਖ ਵਿਵੇਕ ਬੁੱਧੀ ਨਾਲ ਕਰ ਲਈ ਜਾਵੇ।
“ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਦਾ ਸਿਧਾਂਤ ਪ੍ਰਸਤੁਤ ਕਰ ਕੇ ਜਿਥੇ ਇਹ ਸਮਝਾਇਆ ਕਿ ਗੁਰੂ ਕੋਈ ਦੇਹ ਧਾਰੀ ਮਨੁੱਖ ਨਹੀਂ ਹੁੰਦਾ ਸਗੋਂ ਸ਼ਬਦ ਰੂਪ ਵਿਚ ਉਸ ਦਾ ਸੰਦੇਸ਼ ਜਾਂ ਉਪਦੇਸ਼ ਹੀ ਗੁਰੂ ਹੁੰਦਾ ਹੈ। ਇਸੇ ਤਰ੍ਹਾਂ ਚੇਲੇ ਦੀ ਵੀ, ‘ਦੇਹ’ ਚੇਲਾ ਨਹੀਂ ਹੁੰਦੀ ਸਗੋਂ ਸੁਰਤ ਹੀ ਚੇਲਾ ਹੁੰਦੀ ਹੈ। ਸ਼ਬਦ ਰਾਹੀਂ ਦਿੱਤੇ ਗਏ ਉਪਦੇਸ਼ ਜਾਂ ਗਿਆਨ ਤੋਂ ਸੁਰਤ ਪ੍ਰਭਾਵਿਤ ਹੁੰਦੀ ਹੈ ਦੇਹ ਜਾਂ ਸਰੀਰ ਪ੍ਰਭਾਵਿਤ ਨਹੀਂ ਹੁੰਦਾ। ਇਸੇ ਤਰ੍ਹਾਂ ਗਿਆਨ ਰਾਹੀਂ ਚੇਲੇ ਦਾ ਸਰੀਰ ਸੁਧਾਰਨ ਦੀ ਗੱਲ ਨਹੀਂ ਹੈ। ਚੇਲੇ ਦੇ ਸਰੀਰ ਨਾਲ ਉਪਦੇਸ਼ ਦਾ ਕੋਈ ਵਾਸਤਾ ਨਹੀਂ ਹੁੰਦਾ। ਲੋੜ ਤਾਂ ਹੁੰਦੀ ਹੈ ਚੇਲੇ ਭਾਵ ਕਿਸੇ ਵੀ ਵਿਅਕਤੀ ਦੀ ਅੰਤਰ ਆਤਮਾ ਭਾਵ ਸੁਰਤ ਨੂੰ ਸਵਾਰਨ ਦੀ। ਦੇਹ ਉੱਤੇ ਸੁਵਾ ਮਲਣ ਨਾਲ ਜਾਂ ਟਿੱਕੇ ਲਗਾ ਕੇ ਕੋਈ ਖਾਸ ਕਪੜੇ ਪਾ ਕੇ ਜਾਂ ਸਮਾਧੀਆਂ ਲਗਾ ਕੇ ਨਾ ਤਾਂ ਕੋਈ ਵੱਡਾ ਗੁਰੂ ਬਣ ਸਕਦਾ ਹੈ ਅਤੇ ਨਾ ਹੀ ਚੇਲਾ ਕੋਈ ਖਾਸ ਪਦਵੀ ਵਾਲਾ ਚੇਲਾ ਬਣ ਸਕਦਾ ਹੈ। ਲੋੜ ਤਾਂ ਆਪਣੀ ਸੁਰਤ ਨੂੰ ਸਵਾਰਨ ਦੀ ਹੈ। ਅਧਿਆਤਮਕ ਖੇਤਰ ਵਿਚ ਦੇਹ ਸਵਾਰਨ ਦੀ ਗੱਲ ਨਹੀਂ ਹੁੰਦੀ। ਨਾ ਹੀ ਕਿਸੇ ਖਾਸ ਲਿਬਾਸ ਦੀ ਵਿਸ਼ੇਸ਼ਤਾ ਹੁੰਦੀ ਹੈ। ਲੋੜ ਤਾਂ ਹੁੰਦੀ ਹੈ ਗਿਆਨ ਪ੍ਰਾਪਤ ਕਰਨ ਦੀ। ਆਪਣੀ ਸੁਰਤ, ਮਤ ਅਤੇ ਬੁੱਧ ਨੂੰ ਸੁਧਾਰਨ ਦੀ। ਇਸੇ ਲਈ ਜਪੁ ਜੀ ਸਾਹਿਬ ਦੀ ਛੱਤਵੀਂ ਪਉੜੀ ਵਿਚ ਜਦੋਂ ਵਿਅਕਤੀ (ਚੇਲਾ) ਗਿਆਨ ਖੰਡ ਵਿਚ ਪਰਵੇਸ਼ ਕਰਦਾ ਹੈ ਤਾਂ ਉਸ ਗਿਆਨ ਖੰਡ ਵਿਚ ਉਹ ਆਪਣੀ ਸੁਰਤ ਮਤ ਮਨ ਬੁੱਧ ਨੂੰ ਸਵਾਰਦਾ ਹੈ। ਪੰਗਤੀ ਹੈ: “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥” (ਗ:ਗ:ਸ: ਪੰਨਾ-8) ਤਿਥੈ ਭਾਵ ਗਿਆਨ ਖੰਡ ਵਿਚ। ਇਹ ਹੈ ਅੰਤਰ ਆਤਮਾ ਨੂੰ ਸੁਧਾਰਨਾ। ਇਸ ਨਾਲ ਹੁੰਦਾ ਹੈ ਆਤਮਾ ਅਤੇ ਪਰਮਾਤਮਾ ਦਾ ਮੇਲ। ਕੋਈ ਕਾਲਾ ਹੋਵੇ ਜਾਂ ਗੋਰਾ, ਕੋਈ ਉੱਚਾ ਹੋਵੇ ਜਾਂ ਨੀਵਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਸਰੀਰ ਨੂੰ ਜਿਵੇਂ ਮਰਜ਼ੀ ਸ਼ਿੰਗਰਿਆ ਹੋਵੇ, ਮੱਥੇ ’ਤੇ ਭਾਂਵੇ ਟਿੱਕੇ ਲਗਾਏ ਹੋਣ, ਹੱਥ ਵਿਚ ਮਾਲਾ ਵੀ ਹੋਵੇ ਇਸ ਦਾ ਕੋਈ ਲਾਭ ਨਹੀਂ ਹੁੰਦਾ। ਵੇਖਣਾ ਤਾਂ ਇਹ ਹੈ ਕਿ ਮਨੁੱਖ ਦੀ ਸੁਰਤ, ਮਤ, ਮਨ, ਬੁਧ ਕੈਸੀ ਹੈ। ਠੀਕ ਇਸੇ ਤਰ੍ਹਾਂ ਜਿਵੇਂ ਬਰਤਨ ਭਾਂਵੇ ਮਿਟੀ ਦਾ ਹੋਵੇ ਭਾਂਵੇਂ ਸੋਨੇ ਦਾ, ਵੇਖਣਾ ਤਾਂ ਇਹ ਹੈ ਕਿ ਉਸ ਵਿਚ ਵਸਤ ਕੈਸੀ ਹੈ। ਉਸ ਵਿਚ ਅੰਮ੍ਰਿਤ ਹੈ ਜਾਂ ਜ਼ਹਿਰ ਹੈ। ਇਸੇ ਅਨੁਸਾਰ ਵੇਖਣਾ ਇਹ ਹੋਵੇਗਾ ਕਿ ਸੁਰਤ ਵਿਚ ਗਿਆਨ ਕੈਸਾ ਹੈ। ਸਰੀਰ ਕੈਸਾ ਹੈ ਇਸ ਦਾ ਸਬੰਧ ਨਹੀਂ ਹੈ। “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਦਾ ਸਧਾਂਤ ਅੰਤਰ ਆਤਮਾ ਦਾ ਵਰਨਣ ਕਰਦਾ ਹੈ ਕਿਸੇ ਦੇਹ ਜਾਂ ਸਰੀਰ ਦੀ ਗੱਲ ਨਹੀਂ ਕਰਦਾ।ਇਸ ਦਾ ਭਾਵ ਇਹ ਹੋਇਆ ਕਿ ਮਨੁੱਖ ਦੀ ਸੁਰਤ ਹੀ ਚੇਲਾ ਹੁੰਦੀ ਹੈ ਉਸ ਦਾ ਸਰੀਰ ਜਾਂ ਦੇਹ ਚੇਲਾ ਨਹੀਂ ਹੁੰਦੀ। ਇਸ ਅਨੁਸਾਰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਮੇਰਾ ਗੁਰੂ ‘ਸ਼ਬਦ’ ਹੈ ਕੋਈ ਦੇਹ ਧਾਰੀ ਗੁਰੂ ਮੇਰਾ ਗੁਰੂ ਨਹੀਂ ਹੈ ਤਾਂ ਨਾਲ ਹੀ ਇਹ ਸਮਜਾਇਆ ਕਿ ਮੇਰੀ ਸੁਰਤ ਚੇਲਾ ਹੈ, ਮੇਰਾ ਸਰੀਰ ਜਾਂ ਮੇਰੀ ਦੇਹ ਚੇਲਾ ਨਹੀਂ ਹੈ। ਕਿਉਂਕਿ ਗਿਆਨ (ਸ਼ਬਦ) ਦਾ ਪ੍ਰਭਾਵ ਮੇਰੀ ਸੁਰਤ, ਜ਼ਮੀਰ ਉੱਤੇ ਪਿਆ ਹੈ, ਮੇਰੇ ਸਰੀਰ ਉੱਤੇ ਨਹੀਂ।
ਇਸੇ ਤਰ੍ਹਾਂ ਜਦੋਂ “ਸੁਰਤਿ ਧੁਨਿ ਚੇਲਾ” ਕਿਹਾ ਹੈ ਤਾਂ “ਧੁਨਿ” ਦੀ ਮਹੱਤਤਾ ਨੂੰ ਵੀ ਸਮਝਣਾ ਹੋਵੇਗਾ। ਇਸ ਸਬੰਧ ਵਿਚ ਇਹ ਸਮਝਾਇਆ ਗਿਆ ਹੈ ਕਿ ਸੰਸਾਰ ਵਿਚ ਗਿਆਨ ਤਾਂ ਬਹੁਤ ਉਪਲਬਦ ਹੈ ਪਰ ਜੇਕਰ ਉਸ ਗਿਆਨ ਨੂੰ ਗ੍ਰਹਿਣ ਕਰਨ ਲਈ ਮਨ ਵਿਚ ਉਮੰਗ ਜਾਂ ਰੁਚੀ ਨਾ ਹੋਵੇ ਤਾਂ ਉਹ ਗਿਆਨ ਹੋਇਆ ਨਾ ਹੋਇਆ ਇਕ ਬਰਾਬਰ ਹੈ। ਗਿਆਨ ਤੇ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜੇਕਰ ਮਨ ਵਿਚ ਗਿਆਨ ਪ੍ਰਾਪਤ ਕਰਨ ਦੀ ਧੁਨ ਪੈਦਾ ਹੋਵੇ, ਭਾਵ ਮਨ ਵਿਚ ਗਿਆਨ ਪ੍ਰਾਪਤ ਕਰਨ ਦੀ ਲਗਨ ਅਤੇ ਰੁਚੀ ਪੈਦਾ ਹੋਵੇ। ਇਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਲਈ ਕੋਈ ਉਦਮ ਅਤੇ ਉਪਰਾਲਾ ਕਰਨਾ ਪੈਂਦਾ ਹੈ ਅਤੇ ਇਹ ਉਪਰਾਲਾ ਕਰਨ ਦਾ ਉਦਮ ਤਾਂ ਹੀ ਆਉਂਦਾ ਹੈ ਜਦੋਂ ਮਨ ਵਿਚ ਗਿਆਨ ਪ੍ਰਾਪਤ ਕਰਨ ਦੀ ਧੁਨ ਪੈਦਾ ਹੋਵੇ। ਗਿਆਨ ਪ੍ਰਾਪਤ ਕਰਨ ਲਈ ਮਨ ਵਿਚ ਉਮੰਗ ਦਾ ਪੈਦਾ ਹੋਣਾ ਹੀ ਗਿਆਨ ਦੀ ਪ੍ਰਾਪਤੀ ਲਈ ਧੁਨ ਦਾ ਪੈਦਾ ਹੋਣਾ ਹੁੰਦਾ ਹੈ। ਗੁਰੂ ਸਾਹਿਬ ਨੇ ਇਹ ਸਪਸ਼ਟ ਕੀਤਾ ਹੈ ਕਿ ਇਸ ਧੁਨ ਰਾਹੀਂ ਭਾਵ ਲਗਨ ਰਾਹੀਂ ਹੀ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਬਿਣਾ ਐਸੀ ਧੁਨ ਦੇ ਜਾਂ ਉਮੰਗ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਧੁਨ ਹੀ ਹੈ ਜੋ ਚੇਲੇ ਨੂੰ ਸੱਚਾ ਤੇ ਕਾਮਯਾਬ ਚੇਲਾ ਬਣਾਉਂਦੀ ਹੈ।
ਇਸ ਸੰਕਲਪ ਤੋਂ ਇਹ ਪ੍ਰਤੱਖ ਹੈ ਕਿ ਮਾਨਵ ਕਲਿਆਨ ਲਈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਦਾ ਸਿਧਾਂਤ ਇਕ ਵਡਮੱਲਾ ਸਿਧਾਂਤ ਹੈ। ਭਾਵ ਜਦੋਂ ਸ਼ਬਦ ਰੂਪੀ ਗੁਰੂ ਹੋਵੇ ਵਿਵੇਕ ਬੁੱਧੀ ਵਾਲੀ ਸੁਰਤ ਹੋਵੇ ਅਤੇ ਸੁਚੱਜੇ ਗਿਆਨ ਨੂੰ ਪ੍ਰਾਪਤ ਕਰਨ ਲਈ ਮਨ ਵਿਚ ਧੁਨ ਅਤੇ ਲਗਨ ਹੋਵੇ ਤਾਂ ਐਸੇ ਵਿਅਕਤੀ ਦਾ ਜੀਵਨ ਹੀ ਸਫਲਾ ਹੋ ਸਕਦਾ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।