Punjab

ਪੰਜਾਬ ਤੇ ਹਰਿਆਣੇ ‘ਚ ਵਧੀ ਕੁੜੱਤਣ , ਹਰਿਆਣੇ ਦਾ ਵਿਸ਼ੇਸ਼ ਇਜਲਾਸ ਭਲਕੇ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰਰੈਲ ਨੂੰ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਪੰਜਾਬ ਨੂੰ ਸੌਂਪੇ ਜਾਣ ਸਬੰਧੀ ਪਾਸ ਕੀਤੇ ਗਏ ਮਤੇ ਤੋਂ ਚਾਰ ਦਿਨਾਂ ਬਾਅਦ ਹਰਿਆਣਾ ਸਰਕਾਰ ਨੇ ਵੀ ਵਿਸ਼ੇਸ਼ ਇਜਲਾਸ ਬੁਲਾ ਲਿਆ ਹੈ। ਲਗਪਗ 56 ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਵੱਖੋ-ਵੱਖਰੇ ਸੂਬੇ ਬਣੇ ਸਨ। ਉਦੋਂ ਤੋਂ ਹੀ ਦੋਵਾਂ ਰਾਜਾਂ ਵਿਚ ਰਾਜਧਾਨੀ ਚੰਡੀਗੜ੍ਹ, ਵਿਧਾਨ ਸਭਾ ‘ਚ ਹਿੱਸੇਦਾਰੀ, ਪੰਜਾਬੀ ਬੋਲਦੇ ਇਲਾਕੇ, ਐੱਸਵਾਈਐੱਲ ‘ਤੇ ਰੇੜਕਾ ਬਣਿਆ ਹੋਇਆ ਹੈ। ਦੋਵੇਂ ਸੂਬੇ ਇਨ੍ਹਾਂ ਮਸਲਿਆਂ ‘ਤੇ ਲੰਬੇ ਸਮੇਂ ਤੋਂ ਸਿਆਸੀ ਤੇ ਕਾਨੂੰਨੀ ਲੜਾਈ ਲੜ ਰਹੇ ਹਨ।

ਬੀਤੇ ਦਿਨ 27 ਮਾਰਚ ਨੂੰ ਚੰਡੀਗੜ੍ਹ ਦੌਰੇ ਦੌਰਾਨ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰੀ ਸੇਵਾਵਾਂ ਨਿਯਮ ਤੇ ਰੂਲਜ਼ ਲਾਗੂ ਕਰਨ ਦਾ ਐਲਾਨ ਕੀਤਾ ਸੀ ਅਤੇ ਲੱਗਦੇ ਹੱਥ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਗਈ ਹੈ। ਪੰਜਾਬ ਸਰਕਾਰ ਨੇ ਪਹਿਲੀ ਅਪ੍ਰਰੈਲ ਨੂੰ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਮਤਾ ਪਾਸ ਕੀਤਾ ਸੀ।

ਮੰਗਲਵਾਰ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਣ ਵਾਲੇ ਵਿਸ਼ੇਸ਼ ਇਜਲਾਸ ਸਬੰਧੀ ਸਰਕਾਰ ਤੇ ਹਰਿਆਣਾ ਵਿਧਾਨ ਸਭਾ ਸਕੱਤਰੇਤ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹਾਲਾਂਕਿ ਦੇਰ ਸ਼ਾਮ ਤਕ ਵਿਧਾਨ ਸਭਾ ਵਲੋਂ ਕੋਈ ਸ਼ਡਿਊਲਡ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਵਿਧਾਨ ਸਭਾ ਪੰਜਾਬ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪਾਸ ਕਰ ਸਕਦੀ ਹੈ, ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਆਪਣਾ ਦਾਅਵਾ ਠੋਕਣ ਅਤੇ ਸਤੁਲਜ ਯਮਨਾ ਲਿੰਕ ਨਹਿਰ (ਐੱਸਵਾਈਐੱਲ) ਤੋਂ ਪਾਣੀ ਦੇਣ ਲਈ ਮਤਾ ਪਾਸ ਕੀਤਾ ਜਾ ਸਕਦਾ ਹੈ।

ਪੰਜਾਬ ਦੇ ਬੁਨਿਆਦੀ ਮਸਲਿਆਂ ‘ਤੇ ਜਿਵੇਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਵਿਧਾਨ ਸਭਾ ਵਿਚ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਸੀ, ਉਸੇ ਤਰ੍ਹਾਂ ਹਰਿਆਣੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਜਿਨ੍ਹਾਂ ‘ਚ ਭਾਜਪਾ, ਜੇਜੇਪੀ , ਇਨੈਲੋ ਤੇ ਕਾਂਗਰਸ ਹਰਿਆਣਾ ਨਾਲ ਜੁੜੇ ਮੁੱਦਿਆਂ ‘ਤੇ ਇਕਜੁੱਟ ਹੋਣਗੇ। ਹੁਣ ਦੋਵਾਂ ਸੂਬਿਆਂ ਦੇ ਸਿਆਸੀ ਆਗੂ ਆਪਣਾ ਆਪਣਾ ਦਾਅਵਾ ਠੋਕ ਰਹੇ ਹਨ ਅਤੇ ਸਿਆਸਤ ਭਖ ਗਈ ਹੈ।

ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਸਾਉਣ ਲਈ ਪੰਜਾਬ ਦੇ ਪਿੰਡ ਉਜਾੜੇ ਗਏ ਸਨ। ਸਮੇਂ ਦੀਆਂ ਸਰਕਾਰਾਂ ਨੇ ਚੰਡੀਗੜ੍ਹ ‘ਚ ਪੰਜਾਬੀ ਤੇ ਪੰਜਾਬੀਆਂ ਨੂੰ ਅਣਗੌਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮੁੱਦੇ ‘ਤੇ ਹਰ ਲੜਾਈ ਲੜੇਗੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ 27 ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਚੰਡੀਗੜ੍ਹ ਪੰਜਾਬ ਦਾ ਸੀ ਤੇ ਰਹੇਗਾ। ਉਨ੍ਹਾਂ ਕਿਹਾ ਕਿ ਕਿਤੇ ਨਜ਼ਰਾਂ ਤੇ ਕਿਤੇ ਨਿਸ਼ਾਨਾ ਚੰਡੀਗੜ੍ਹ ਦਾ ਬਹਾਨਾ ਹੈ, ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਨਿਸ਼ਾਨਾ ਹੈ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਪਹਿਲਾਂ ਹੀ ਪੰਜਾਬ ਦੇ ਪਾਣੀ ਖੋਹਣ ਲਈ ਕੇਂਦਰ ਤੇ ਹਰਿਆਣਾ ਵੱਲੋਂ ਸਾਜ਼ਿਸ਼ ਰਚਣ ਦਾ ਖ਼ਦਸ਼ਾ ਪ੍ਰਗਟ ਕੀਤਾ ਸੀ। ਹੁਣ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Related posts

ਬਸੰਤ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ : ਡਾ. ਮਹਿਲ ਸਿੰਘ

admin

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ

admin

ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਦੀ ਚੌਣ ਹੋਈ

admin