Breaking NewsLatest NewsPunjab

ਛੀਨਾ ਨੇ ਇੰਜੀਨੀਅਰਿੰਗ ਖੇਤਰ ’ਚ ਨਵੀਆਂ ਸੰਭਾਵਨਾਵਾਂ ਅਤੇ ਗਲੋਬਲ ਸਿੱਖਿਆ ਦੇ ਮਹੱਤਤਾ ’ਤੇ ਦਿੱਤਾ ਜ਼ੋਰ

ਧਾਰਮਿਕ ਸਮਾਗਮ ਮੌਕੇ ਸ: ਰਜਿੰਦਰ ਮੋਹਨ ਸਿੰਘ ਛੀਨਾ ਗੁਰਬਾਣੀ ਕੀਰਤਨ ਗਾਇਨ ਕਰ ਰਹੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਂਟ ਕਰਦੇ ਹੋਏ ਨਾਲ ਡਾ. ਮੰਜ਼ੂ ਬਾਲਾ ਅਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਸਬੰਧੀ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਪ੍ਰੋੑ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਈ।

ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਉਕਤ ਸਮਾਗਮ ਦੀ ਸ਼ੁਰੂਆਤ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਆਰੰਭਤਾ ’ਤੇ ਕੌਂਸਲ ਦੀ ਰਵਾਇਤੀ ਪ੍ਰੰਪਰਾ, ਸਕਾਰਾਤਮਕ ਸੋਚ, ਉੱਚੇ ਟੀਚਿਆਂ ਅਤੇ ਨੈਤਿਕ ਕਦਰਾਂ—ਕੀਮਤਾਂ ਨਾਲ ਜੋੜਨਾ ਸੀ।

ਇਸ ਮੌਕੇ ਸ: ਛੀਨਾ ਨੇ ਇੰਜੀਨੀਅਰਿੰਗ ਕਿੱਤੇ ਦੀ ਮਹੱਤਤਾ ਅਤੇ ਗਲੋਬਲ ਸਿੱਖਿਆ ਦੇ ਬਦਲਦੇ ਸਰੂਪ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਅਜੋਕੇ ਤਕਨੀਕੀ ਯੁੱਗ ’ਚ ਇੰਜੀਨੀਅਰਿੰਗ ਦਾ ਖੇਤਰ ਨਵੀਆਂ ਖੋਜਾਂ, ਨਵੀਨਤਮ ਤਕਨਾਲੋਜੀ ਅਤੇ ਰਚਨਾਤਮਕ ਸੋਚ ਨਾਲ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।ਇਸ ਲਈ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰਹਿਣ ਦੀ ਬਜਾਏ ਵਿਹਾਰਕ ਹੁਨਰਾਂ, ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਅਤੇ ਨਵੀਆਂ ਤਕਨੀਕਾਂ ਨੂੰ ਸਿੱਖਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ ’ਤੇ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਦਾ ਤਕਨੀਕੀ ਤੌਰ ’ਤੇ ਸਮਰੱਥ ਹੋਣਾ, ਸਮੇਂ ਦੇ ਹਾਣੀ ਬਣਨਾ ਅਤੇ ਬਦਲਦੀਆਂ ਉਦਯੋਗਿਕ ਲੋੜਾਂ ਅਨੁਸਾਰ ਖੁਦ ਨੂੰ ਤਿਆਰ ਕਰਨਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੀ ਪੜ੍ਹਾਈ ਦੌਰਾਨ ਅਨੁਸ਼ਾਸਨ, ਇਮਾਨਦਾਰੀ ਅਤੇ ਮਿਹਨਤ ਨੂੰ ਪਹਿਲ ਦੇਣ।

ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਸਮਾਗਮ ’ਚ ਸ਼ਾਮਿਲ ਹੋਏ ਮਹਿਮਾਨਾਂ ਅਤੇ ਹਾਜ਼ਰ ਸਖ਼ਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਨਾਲ ਕਰਨਾ ਵਿਦਿਆਰਥੀਆਂ ’ਚ ਸਕਾਰਾਤਮਕ ਊਰਜਾ, ਸੰਜਮ ਅਤੇ ਸੇਵਾ ਭਾਵਨਾ ਪੈਦਾ ਕਰਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਾਲਜ ਜੀਵਨ ਉਨ੍ਹਾਂ ਦੇ ਭਵਿੱਖ ਦੀ ਨੀਂਹ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਪ੍ਰਾਪਤ ਕੀਤਾ ਗਿਆ ਗਿਆਨ, ਅਨੁਸ਼ਾਸਨ ਅਤੇ ਤਜਰਬਾ ਉਨ੍ਹਾਂ ਦੇ ਆਉਣ ਵਾਲੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਅਧਿਆਪਕਾਂ ਦੀ ਅਗਵਾਈ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।

ਇਸ ਮੌਕੇ ਸ: ਛੀਨਾ ਨੇ ਡਾ. ਬਾਲਾ ਨਾਲ ਮਿਲ ਕੇ ਧਾਰਮਿਕ ਪ੍ਰੀਖਿਆ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕ੍ਰਮਵਾਰ ਵਿਦਿਆਰਥੀਆਂ ਕੁਲਵੀਰ ਸਿੰਘ (3100), ਮੇਘਾ ਸ਼ਰਮਾ ਤੇ ਪਿਆਰਾ ਸਿੰਘ (2100) ਅਤੇ ਕਮਲਪ੍ਰੀਤ ਕੌਰ (1100) ਨੂੰ ਸਨਮਾਨਿਤ ਵੀ ਕੀਤਾ।ਉਪਰੰਤ ਡਾ. ਬਾਲਾ ਨੇ ਸ: ਛੀਨਾ, ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ ਨੂੰ ਸ਼ਾਲ ਭੇਂਟ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਸਮੇਤ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Related posts

ਦਿਵਿਆਂਗਜਨਾਂ ਦੀ ਭਲਾਈ ਲਈ ਦਿਵਿਆਂਗ ਸਰਟੀਫ਼ਿਕੇਟਾਂ ਦਾ ਸਮੇਂ ਸਿਰ ਨਵੀਨੀਕਰਣ ਯਕੀਨੀ ਬਣਾਇਆ ਜਾਵੇ : ਡਾ. ਬਲਜੀਤ ਕੌਰ

Bunty

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin

ਪੀਐਮੳ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਦੀ ਨਿਲਾਮੀ ਮੰਦਭਾਗੀ: ਆਪ

Bunty