ਚੰਡੀਗੜ੍ਹ – ਪਟਿਆਲਾ ਜੇਲ੍ਹ ਵਿਚ ਬੰਦ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਸਰਕਾਰੀ ਵਕੀਲ ਅਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸੁੱਚਾ ਸਿੰਘ ਨੇ ਵਧੀਕ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ‘ਚ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਕਿਹਾ ਕਿ ਉਹ ਖੁਦ ਬੈਰਕ ਦੇ ਬਾਹਰ ਕੁਰਸੀ ਡਾਹ ਕੇ ਬੈਠਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਬੈਰਕ ਬਦਲ ਦਿੱਤੀ ਗਈ ਹੈ ਜੋ ਨਿਯਮਾਂ ਦੇ ਬਦਲਾਅ ਤਹਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਨੇ ਮੰਗਲਵਾਰ ਨੂੰ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਮੁਹਾਲੀ ਦੀ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਅਰਜ਼ੀ ਵਿਚ ਮਜੀਠੀਆ ਨੇ ਜਾਨ ਨੂੰ ਖਤਰਾ ਦੱਸਦੇ ਹੋਏ ਉਨ੍ਹਾਂ ਨੂੰ ਪੁਰਾਣੀ ਬੈਰਕ ਵਿਚ ਸ਼ਿਫਟ ਕਰਨ ਦੀ ਮੰਗ ਕੀਤੀ। ਉਨ੍ਹਾਂ ਜੇਲ੍ਹ ਵਿਚ ਬੰਦ ਗੈਂਗਸਟਰਾਂ ਦਾ ਹਵਾਲਾ ਦਿੱਤਾ ਸੀ। ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਨੇ ਸੁਪਰੀਮ ਕੋਰਟ ‘ਚ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ 6 ਹਜ਼ਾਰ ਕਰੋੜ ਦੇ ਡਰੱਗਜ਼ ਘੁਟਾਲੇ ਮਾਮਲੇ ਵਿਚ ਦਾਇਰ ਕੀਤੀ ਗਈ ਐੱਫਆਈਆਰ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਦੀ ਸੁਣਵਾਈ 11 ਅਪ੍ਰਰੈਲ ਨੂੰ ਹੋਵੇਗੀ।