ਕੋਲੰਬੋ – ਸ੍ਰੀਲੰਕਾਈ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਕਿਸੇ ਵੀ ਹਾਲ ‘ਚ ਅਸਤੀਫ਼ਾ ਨਹੀਂ ਦੇਣਗੇ। ਉਹ ਮੌਜੂਦ ਮੁੱਦਿਆਂ ਦਾ ਸਾਹਮਣਾ ਕਰਾਂਗੇ। ਸਰਕਾਰ ਨੇ ਐਮਰਜੈਂਸੀ ਗਾਉਣ ਸਬੰਧੀ ਰਾਜਪਕਸ਼ੇ ਦੇ ਫ਼ੈਸਲੇ ਦਾ ਬਚਾਅ ਵੀ ਕੀਤਾ, ਜਿਸ ਨੂੰ ਬੀਤੇ ਦਿਨੀਂ ਵਾਪਸ ਲਿਆ ਗਿਆ ਹੈ। ਗੋਤਬਾਯਾ ਨੇ ਦੇਸ਼ ਦੇ ਜ਼ਬਰਦਸਤ ਆਰਥਿਕ ਸੰਕਟ ਬਾਰੇ ਹੋਏ ਵਿਰੋਧ ਮੁਜ਼ਾਹਰਿਆਂ ਤੇ ਆਪਣੇ ਅਸਤੀਿਫ਼ਆਂ ਦੀ ਮੰਗ ਕਾਰਨ ਇਕ ਅਪ੍ਰਰੈਲ ਨੂੰ ਦੇਸ਼ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ।
ਸੰਸਦ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੇ ਮੁੱਖ ਸਚੇਤਕ ਮੰਤਰੀ ਜੌਨਸਨ ਫਰਨਾਂਡੋ ਨੇ ਕਿਹਾ ਕਿ ਸਰਕਾਰ ਇਸ ਸਮੱਸਿਆ ਦਾ ਸਾਹਮਣਾ ਕਰੇਗੀ। ਰਾਸ਼ਟਰਪਤੀ ਦੇ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ। ਫਰਨਾਂਡੋ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਜਾਰੀ ਹਿੰਸਾ ‘ਚ ਵਿਰੋਧੀ ਜਨਤਾ ਵਿਮੁਕਤੀ ਪੇਰਾਮੁਨਾਵਾਸ (ਜੇਵੀਪੀ) ਪਾਰਟੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਾਰੂ ਸਿਆਸਤ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਲੋਕਾਂ ਨੂੰ ਹਿੰਸਾ ਖ਼ਤਮ ਕਰ ਕੇ ਸੰਕਟ ਨਾਲ ਨਜਿੱਠਣ ‘ਚ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਫਰਨਾਂਡੋ ਨੇ ਕਿਹਾ ਕਿ ਸਰਕਾਰ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਕੰਮ ਕਰਦੀ ਰਹੇਗੀ। ਸਰਕਾਰ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਫ਼ਤਰ ਤੇ ਹੋਰ ਜਨਤਕ ਜਾਇਦਾਦ ‘ਤੇ ਹਮਲੇ ਦੇ ਯਤਨਾਂ ਤੋਂ ਬਾਅਦ ਐਮਰਜੈਂਸੀ ਐਲਾਨ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਸੀਨੀਅਰ ਖੱਬੇਪੱਖੀ ਨੇਤਾ ਵਾਸੁਦੇਵ ਨਨਾਯੱਕਾਰਾ ਨੇ ਕਿਹਾ ਕਿ ਦੇਸ਼ ‘ਚ ਇਤਿਹਾਸਕ ਆਰਥਿਕ ਸੰਕਟ ਨਾਲ ਪੈਦਾ ਹੋਈ ਸਿਆਸੀ ਉਥਲ-ਪੁਥਲ ਨੂੰ ਮੱਧਕਾਲੀ ਚੋਣ ਕਰਵਾ ਕੇ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅੱਗੇ ਨਹੀਂ ਚੱਲ ਸਕਦੀ। ਘੱਟੋ-ਘੱਟ ਛੇ ਮਹੀਨੇ ਲਈ ਇਕ ਅਜਿਹੀ ਸਰਕਾਰ ਦਾ ਗਠਨ ਹੋਣਾ ਚਾਹੀਦਾ ਹੈ, ਜਿਸ ‘ਚ ਸਾਰਿਆਂ ਦੀ ਨੁਮਾਇੰਦਗੀ ਹੋਵੇ। ਇਸ ਤੋਂ ਬਾਅਦ ਚੋਣਾਂ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਖੇਮੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਡੈਮੋਕ੍ਰੇਟਿਕ ਲੈਫਟ ਫਰੰਟ ਦੇ ਨੇਤਾ ਨਨਾਯੱਕਾਰਾ ਉਨ੍ਹਾਂ 42 ਸੰਸਦ ਮੈਂਬਰਾਂ ‘ਚ ਸ਼ਾਮਿਲ ਹਨ, ਜਿਨ੍ਹਾਂ ਨੇ ਸੱਤਾਧਾਰੀ ਸ੍ਰੀਲੰਕਾ ਪੋਡੁਜ਼ਾਨਾ ਪੇਰਾਮੁਨਾ (ਐੱਸਐੱਲਪੀਪੀ) ਗਠਜੋੜ ਨੇ ਖ਼ੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀਲੰਕਾ ਇਨ੍ਹਾਂ ਦਿਨੀ ਜ਼ਬਰਦਸਤ ਆਰਥਿਕ ਤੇ ਸਿਆਸੀ ਸੰਕਟ ‘ਚੋਂ ਲੰਘ ਰਿਹਾ ਹੈ। ਮਹਿੰਗਾਈ ਤੇ ਜ਼ਰੂਰੀ ਸਮੱਗਰੀ ਦੀ ਕਿੱਲਤ ਕਾਰਨ ਲੋਕ ਜਿੱਥੇ ਸੜਕਾਂ ‘ਤੇ ਮੁਜ਼ਾਹਰੇ ਕਰ ਰਹੇ ਹਨ, ਉੱਥੇ ਐੱਸਐੱਲਪੀਪੀ ਗਠਜੋੜ ਸਰਕਾਰ ਨਾਲੋਂ 42 ਸੰਸਦ ਮੈਂਬਰ ਨਾਤਾ ਤੋੜ ਚੁੱਕੇ ਹਨ। ਇਸ ਦੇ ਨਾਲ ਹੀ ਸਰਕਾਰ ਘੱਟ ਗਿਣਤੀ ‘ਚ ਆ ਚੁੱਕੀ ਹੈ। ਰਾਸ਼ਟਰਪਤੀ ਗੋਤਬਾਯਾ ਨੇ ਸੋਮਵਾਰ ਨੂੰ ਆਪਣੇ ਭਰਾ ਬਾਸਿਲ ਰਾਜਪਕਸ਼ੇ ਨੂੰ ਹਟਾ ਕੇ ਸਿਆਸੀ ਸੰਕਟ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਦੀ ਥਾਂ ਲੈਣ ਵਾਲੇ ਨਵੇਂ ਵਿੱਤ ਮੰਤਰੀ ਅਲੀ ਸਾਬਰੀ ਨੇ 24 ਘੰਟਿਆਂ ਦੇ ਅੰਦਰ ਹੀ ਅਸਤੀਫ਼ਾ ਦੇ ਦਿੱਤਾ। ਏਐੱਨਆਈ ਮੁਤਾਬਕ ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਤੇ ਮੰਤਰੀ ਅਰਜੁਨ ਰਣਤੁੰਗਾ ਨੇ ਦੇਸ਼ ‘ਚ ਜਾਰੀ ਆਰਥਿਕ ਸੰਕਟ ਦੌਰਾਨ ਮਦਦ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਜਾਫਨਾ ਕੌਮਾਂਤਰੀ ਹਵਾਈ ਅੱਡੇ ਨੂੰ ਸ਼ੁਰੂ ਕਰਨ ਲਈ ਮਦਦ ਦੇਣ ‘ਚ ਪੀਐੱਮ ਮੋਦੀ ਨੇ ਉਦਾਰਤਾ ਦਿਖਾਈ। ਭਾਰਤ ਸਾਡੇ ਲਈ ਵੱਡੇ ਭਰਾ ਦੇ ਬਰਾਬਰ ਹੈ। ਮੈਨੂੰ ਖ਼ੁਸ਼ੀ ਹੈ ਕਿ ਉਹ ਸ੍ਰੀਲੰਕਾ ਦੀ ਆਰਥਿਕ ਮਦਦ ਦੇ ਨਾਲ-ਨਾਲ ਦੇਸ਼ ਦੀਆਂ ਸਥਿਤੀਆਂ ਦੀ ਵੀ ਨਿਗਰਾਨੀ ਕਰ ਰਹੇ ਹਨ। ਉਹ ਸਾਡੀ ਪੈਟਰੋਲ ਤੇ ਦਵਾਈਆਂ ਵਰਗੀਆਂ ਜ਼ਰੂਰਤਾਂ ‘ਤੇ ਨਜ਼ਰ ਰੱਖ ਰਹੇ ਹਨ। ਯਕੀਨੀ ਤੌਰ ‘ਤੇ ਅਗਲੇ ਕੁਝ ਮਹੀਨਿਆਂ ‘ਚ ਇਨ੍ਹਾਂ ਦੀ ਭਾਰੀ ਕਿੱਲਤ ਹੋਣ ਵਾਲੀ ਹੈ। ਭਾਰਤ ਸਾਡੀ ਵੱਡੇ ਪੱਧਰ ‘ਤੇ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਖ਼ੂਨ ਵਹਿੰਦਾ ਨਹੀਂ ਦੇਖਣਾ ਚਾਹੁੰਦਾ। ਡਰ ਹੈ ਕਿ ਲੋਕ ਇਕ ਹੋਰ ਜੰਗ ਦੀ ਸ਼ੁਰੂਆਤ ਨਾ ਕਰ ਦੇਣ, ਜਿਸ ਨਾਲ ਦੇਸ਼ ਸਾਲਾਂ ਤੱਕ ਪੱਛੜ ਰਿਹਾ ਹੈ।