ਪਟਿਆਲਾ – ਬੀਤੇ ਦਿਨੀਂ ਤੜਕਸਾਰ ਮਾਤਾ ਕਾਲੀ ਦੇਵੀ ਮੰਦਰ ਦੇ ਨਜ਼ਦੀਕ ਹੋਏ ਕਤਲ ਕੇਸ ਨੂੰ ਸੁਲਝਾਉਣ ਦਾ ਪਟਿਆਲਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਕਤਲ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਕਤਲ ਆਪਸੀ ਬਹਿਸ ਤੋਂ ਬਾਅਦ ਕੀਤਾ ਗਿਆ।
ਕਾਤਲ ਤੇ ਪੀੜਤ ਦੋਵੇਂ ਇਕ-ਦੂਜੇ ਨੂੰ ਜਾਣਦੇ ਨਹੀਂ ਸਨ। ਮੌਕੇ ਉਤੇ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਕਾਤਲਾਂ ਨੇ ਚਾਕੂ ਕੱਢ ਕੇ ਮਾਰ ਦਿੱਤਾ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਦਾ ਦਾਅਵਾ ਹੈ ਕਿ ਮ੍ਰਿਤਕ ਉਤੇ ਚੋਰੀ ਦਾ ਮੁਕੱਦਮਾ ਵੀ ਦਰਜ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਕਤਲ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਕਿਸੇ ਤਰ੍ਹਾਂ ਦੀ ਬਦਮਾਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗ਼ਲਤ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੰਜਾਬੀ ਯੂਨੀਵਰਸਿਟੀ ਦੇ ਆਲੇ-ਦੁਆਲੇ ਬਣੇ ਪੇਇੰਗ ਗੈਸਟ ਯਾਨੀ ਕਿ ਪੀਜੀਜ਼ ਦੀ ਵੀ ਚੈਕਿੰਗ ਕੀਤੀ ਜਾਵੇਗੀ।
ਡਾ. ਨਾਨਕ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਅਜਿਹੀ ਨੀਤੀ ਬਣਾਈ ਜਾਵੇਗੀ ਜਿਸ ਨਾਲ ਯੂਨੀਵਰਸਿਟੀ ਦੇ ਆਲੇ-ਦੁਆਲੇ ਜਿਹੜੇ ਪੀ ਜੀ ਸਨ ਉਨ੍ਹਾਂ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਕੋਈ ਹੋਰ ਨਾ ਰਹਿ ਸਕੇ। ਕਿਸੇ ਵੀ ਅਣ ਅਧਿਕਾਰਤ ਵਿਦਿਆਰਥੀ ਜਥੇਬੰਦੀ ਨੂੰ ਕਿਸੇ ਕਿਸਮ ਦੀ ਗਲਤ ਕਾਰਵਾਈ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ।