ਚੰਡੀਗੜ੍ਹ – ਚੰਡੀਗੜ੍ਹ ਵਿੱਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਆਪਸ ਵਿੱਚ ਹੀ ਉਲਝ ਗਏ। ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨੇ ਭਾਸ਼ਣ ਦੌਰਾਨ ਕਿਹਾ ਕਿ ਉਹ ਲੁੱਟ ਕਰਨ ਵਾਲਿਆਂ ਦਾ ਨਾਂ ਨਹੀਂ ਲੈਣਗੇ। ਦਰਅਸਲ, ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਘੇਰ ਰਹੇ ਸਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ 77 ਤੋਂ 18 ਸੀਟਾਂ ‘ਤੇ ਸਿਮਟ ਗਈ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਅਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਲਈ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਧਰਨੇ ਦੌਰਾਨ ਵੀ ਜਦੋਂ ਸਿੱਧੂ ਨੇ ਲੁੱਟਖੋਹ ਦੀ ਗੱਲ ਕੀਤੀ ਤਾਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਹਮਲਾਵਰ ਹੋ ਗਏ। ਢਿੱਲੋਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਦਾ ਨਾਂ ਕਿਉਂ ਨਹੀਂ ਲੈਂਦੇ, ਤੁਹਾਨੂੰ ਉਨ੍ਹਾਂ ਦਾ ਨਾਂ ਲੈਣਾ ਹੀ ਪਵੇਗਾ, ਜਿਸ ਕਾਰਨ ਕਾਫੀ ਹੰਗਾਮਾ ਹੋਇਆ ਅਤੇ ਧਰਨਾ ਸਮਾਪਤ ਹੋ ਗਿਆ। ਇਸ ਵਿਵਾਦ ਬਾਰੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਦਾ ਕੋਈ ਆਧਾਰ ਨਹੀਂ ਹੈ, ਉਹ ਪਾਰਟੀ ਦਾ ਮਾਣ ਵਧਾ ਰਹੇ ਹਨ। ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਾਂਗਰਸ ਦੀ ਇੰਨੀ ਵੱਡੀ ਹਾਰ ਦੇ ਬਾਵਜੂਦ ਉਸ ਨੂੰ ਸਮਝ ਨਹੀਂ ਆਈ। ਕਾਂਗਰਸ ਦਾ ਧਰਨਾ ਅਨੁਸ਼ਾਸਨਹੀਣਤਾ ਕਾਰਨ ਅਸਫ਼ਲ ਰਿਹਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੁਝ ਆਗੂਆਂ ਨੇ ਕਾਂਗਰਸ ਦਾ ਤਮਾਸ਼ਾ ਬਣਾਇਆ ਹੋਇਆ ਹੈ।ਨਵਜੋਤ ਸਿੰਘ ਸਿੱਧੂ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਮਾਨਦਾਰ ਸਾਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਭਾਸ਼ਣ ਦੇਣ ਨਾਲ ਕੁਝ ਨਹੀਂ ਮਿਲੇਗਾ। ਮਜ਼ਦੂਰ ਦੀ ਬਾਂਹ ਫੜਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਬੇਈਮਾਨਾਂ ਨਾਲ ਨਹੀਂ ਸਗੋਂ ਇਮਾਨਦਾਰ ਆਦਮੀ ਦੇ ਨਾਲ ਖੜੇਗਾ। ਉਸ ਨੇ ਕਿਹਾ ਮੈਨੂੰ ਗਾਲ੍ਹਾਂ ਕੱਢੋ ਪਰ ਤੁਸੀਂ ਆਪਣਾ ਜਲੂਸ ਕਿਉਂ ਕੱਢ ਰਹੇ ਹੋ। ਉਨ੍ਹਾਂ ਕਿਹਾ ਕਿ ਉਹ ਕਿਸੇ ਦਾ ਨਾਂ ਨਹੀਂ ਲੈਣਗੇ। ਇਸ ਵਿੱਚ ਬਰਿੰਦਰ ਢਿੱਲੋਂ ਨੇ ਨਾਂ ਲੈਣ ਦੀ ਗੱਲ ਕਹੀ ਤਾਂ ਮਾਮਲਾ ਭਖ ਗਿਆ।