ਨਵੀਂ ਦਿੱਲੀ – ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਅੱਤਵਾਦ ਅਤੇ ਦੁਸ਼ਮਣ ਮੁਕਤ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਸਰਕਾਰ ਨੇ ਵੀਰਵਾਰ ਨੂੰ ਸੰਸਦ ’ਚ ਕਿਹਾ ਕਿ ਉਹ ਪਾਕਿਸਤਾਨ ਨਾਲ ਆਮ ਗੁਆਂਢੀ ਵਰਗੇ ਸਬੰਧਾਂ ਦੀ ਇੱਛਾ ਰੱਖਦਾ ਹੈ ਪਰ ਅੱਤਵਾਦ ਅਤੇ ਦੁਸ਼ਮਣ ਤੋਂ ਮੁਕਤ ਮਾਹੌਲ ਬਣਾਉਣਾ ਇਸਲਾਮਾਬਾਦ ਦੀ ਜ਼ਿੰਮੇਵਾਰੀ ਹੈ। ਦਰਅਸਲ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ ਵਿਚ ਮੀਡੀਆ ਰਿਪੋਰਟਾਂ ’ਤੇ ਪੱਖ ਰੱਖਣ ਦੀ ਮੰਗ ਕੀਤੀ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰ ਨੇ ਭਾਰਤ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਸਮਰਥਨ ਕੀਤਾ ਹੈ।
ਵੀ. ਮੁਰਲੀਧਰਨ ਨੇ ਕਿਹਾ ਕਿ ਸਰਕਾਰ ਦਾ ਪਹਿਲਾਂ ਤੋਂ ਹੀ ਇਹ ਨਜ਼ਰੀਆ ਰਿਹਾ ਹੈ ਕਿ ਭਾਰਤ ਪਾਕਿਸਤਾਨ ਨਾਲ ਆਮ ਗੁਆਂਢੀ ਵਾਂਗ ਸਬੰਧ ਚਾਹੁੰਦਾ ਹੈ। ਭਾਰਤ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਦੁਵੱਲੇ ਅਤੇ ਸ਼ਾਂਤੀਪੂਰਵਕ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ ਪਰ ਅਜਿਹਾ ਅਨੁਕੂਲ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਫਰਵਰੀ 2019 ’ਚ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ’ਚ ਪਾਕਿਸਤਾਨ ਦੇ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ। ਭਾਰਤ ਦੀ ਏਅਰ ਸਟ੍ਰਾਈਕ ’ਚ ਕਈ ਅੱਤਵਾਦੀ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਹੋ ਗਏ।
ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਇਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ’ਚ ਵੰਡਣ ਤੋਂ ਬਾਅਦ ਸਬੰਧ ਵਿਗੜ ਗਏ ਸਨ। ਅਗਸਤ 2019 ਵਿਚ ਪਾਕਿਸਤਾਨ ਨੇ ਭਾਰਤ ਨਾਲ ਦੁਵੱਲੇ ਵਪਾਰ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਬਾਅਦ ’ਚ ਕੁਝ ਫਾਰਮਾਸਿਊਟੀਕਲ ਉਤਪਾਦਾਂ ਵਿਚ ਵਪਾਰ ਦੀ ਮਨਜ਼ੂਰੀ ਦੇ ਕੇ ਵਪਾਰ ’ਤੇ ਅੰਸ਼ਿਕ ਤੌਰ ’ਤੇ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਸੀ।
ਭਾਰਤ ਸਰਕਾਰ ਹਮੇਸ਼ਾ ਇਹ ਮੰਨਦੀ ਰਹੀ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਹਾਲ ਹੀ ’ਚ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨ ਨਾਲ ਗੱਲਬਾਤ ਉਦੋਂ ਹੀ ਹੋ ਸਕਦੀ ਹੈ, ਜਦੋਂ ਬੰਦੂਕਾਂ ਸ਼ਾਂਤ ਹੋਣ। ਇਹ ਸਥਿਤੀ ਭਾਰਤ ਵੱਲੋਂ ਵਾਰ-ਵਾਰ ਦੁਹਰਾਈ ਗਈ ਹੈ।