1 ਮਈ,1890 ਨੂੰ ‘ਸ਼ਿਕਾਗੋ ਗੋਲੀ ਕਾਂਡ’ ਦੀ ਪਹਿਲੀ ਵਰੇਗੰਢ ਨਾਲ ਮਜ਼ਦੂਰ ਦਿਵਸ ਦੀ ਸ਼ੁਰੂਆਤ ਹੋਈ।ਭਾਰਤ ‘ਚ 15 ਜੂਨ 1923 ਨੂੰ ਮਜ਼ਦੂਰ ਦਿਵਸ ਪਹਿਲੀ ਵਾਰ ਮਨਾਇਆ ਗਿਆ। ਮਜ਼ਦੂਰ ਦਿਵਸ, ਹਰ ਸਾਲ ਪਹਿਲੀ 1 ਮਈ ਨੂੰ ਮਨਾਇਆ ਜਾਣ ਵਾਲਾ ਉਹ ਦਿਨ ਜਿਹੜਾ ਮਜ਼ਦੂਰਾਂ ਦੇ ਕੀਤੇ ਕੰਮ ਨੂੰ ਸਲਾਮ ਕਰਨ ਦੇ ਲਈ ਮਨਾਇਆ ਜਾਂਦਾ ਹੈ l ਹਰ ਦਿਨ ਹਰ ਇੱਕ ਵਿਅਕਤੀ ਆਪਣੇ ਆਪਣੇ ਕੰਮ ਦੇ ਵਿੱਚ ਮਜ਼ਦੂਰੀ ਹੀ ਕਰਦਾ ਹੈ l ਭਾਵੇਂ ਕਿ ਫਿਰ ਸੀਵਰੇਜ ਦੀਆਂ ਪਾਈਪਾਂ ਦੇ ਵਿੱਚ ਪਰ ਹਰ ਕੋਈ ਇੱਕ ਤਰੀਕੇ ਦੇ ਨਾਲ ਮਜ਼ਦੂਰ ਹੈ ਫਰਕ ਸਿਰਫ਼ ਇਹ ਹੈ ਕਿ ਕੋਈ ਕੰਮ ਕਰਦਾ ਹੈ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤੇ ਕੋਈ ਕੰਮ ਕਰਦਾ ਹੈ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ l ਅਸਲ ਦੇ ਵਿੱਚ ਇਹ ਦਿਨ ਖਾਸ ਤੌਰ ਤੇ ਉਨ੍ਹਾਂ ਮਜ਼ਦੂਰਾਂ ਦੇ ਕੰਮ ਨੂੰ ਹੀ ਸਲਾਮ ਕਰਦਾ ਹੈ ਜੋ ਕਿ ਹੇਠਲੇ ਪੱਧਰ ਤੇ ਕੰਮ ਕਰਦੇ ਹਨ, ਜਿੰਨਾ ਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਦਿਹਾੜੀਦਾਰ ਕਹਿੰਦੇ ਹਾਂ l ਇਹ ਉਹ ਲੋਕ ਨੇ ਜੋ ਉਨ੍ਹਾਂ ਕੰਮਾਂ ਨੂੰ ਵੀ ਕਰਦੇ ਨੇ ਜਿਨ੍ਹਾਂ ਨੂੰ ਕਰਨ ਦੇ ਲਈ ਕੋਈ ਆਮ ਬੰਦਾ ਨੇੜੇ ਵੀ ਨਹੀਂ ਆਉਂਦਾ ਅਤੇ ਸ਼ਰਮ ਮਹਿਸੂਸ ਕਰਦਾ ਹੈ l ਪਰ ਇਹ ਮਜ਼ਦੂਰ ਇਹਨਾਂ ਕੰਮਾਂ ਨੂੰ ਵੀ ਜੀ ਤੋੜ ਮਿਹਨਤ ਨਾਲ ਕਰਦੇ ਨੇ ਤਾਂ ਕਿ ਉਹ ਆਪਣੇ ਲਈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰ ਸਕਣ l ਅਸਲ ਵਿੱਚ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ l
ਜੇਕਰ ਗੱਲ ਕਰੀਏ ਮਜ਼ਦੂਰ ਦਿਵਸ ਦੇ ਦਿਹਾੜੀਦਾਰ ਮਜ਼ਦੂਰਾਂ ਦੀ ਤਾਂ ਇਹ ਉਹ ਲੋਕ ਨੇ ਜੋ ਕਿਸੇ ਕੰਪਨੀ, ਸੰਸਥਾ, ਸ਼ਹਿਰ ਦੇ ਚੱਲਣ ਦੇ ਲਈ ਜ਼ਰੂਰੀ ਹਨ l ਇਹਨਾਂ ਲੋਕਾਂ ਨੂੰ ਕੋਈ ਨਾਮ, ਸ਼ੋਹਰਤ ਆਦਿ ਕੁਝ ਨਹੀਂ ਮਿਲਦਾ ਪਰ ਜੇ ਇਹ ਨਾ ਹੋਣ ਤਾਂ ਦੁਨੀਆ ਦੀ ਕੋਈ ਕੰਪਨੀ ਕੋਈ ਸ਼ਹਿਰ ਨਹੀਂ ਚੱਲ ਸਕਦਾ l ਸਾਡੇ ਰੋਜ਼ ਦੇ ਸਿਸਟਮ ਦੇ ਬਿਨਾਂ ਕਿਸੇ ਰੋਕ ਟੋਕ ਤੋਂ ਚੱਲਣ ਦੇ ਲਈ ਇਹ ਲੋਕ ਹੀ ਜ਼ਿੰਮੇਵਾਰ ਹਨ l ਇਹਨਾਂ ਲੋਕਾਂ ਦੇ ਕੰਮ ਸਦਕਾ ਹੀ ਕਈ ਵਪਾਰ ਚਲਦੇ ਹਨ ਅਤੇ ਕਿਸੇ ਵੀ ਦੇਸ਼ ਦੀ ਤਰੱਕੀ ਦੇ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਇਹ ਲੋਕ ਹੀ ਹਨ l ਪਰ ਜੇਕਰ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕ ਹਰ ਦਿਨ ਜ਼ਿੰਦਗੀ ਵਿੱਚ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਦੋ ਚਾਰ ਹੁੰਦੇ ਹਨ l ਕਿਸੇ ਵੀ ਕੰਮ ਦੇ ਬਿਲਕੁਲ ਹੇਠਾਂ ਵਾਲੇ ਪੱਧਰ ਤੇ ਕੰਮ ਕਰਨਾ ਕੋਈ ਸੌਖਾ ਨਹੀਂ ਹੈ l ਕੋਈ ਵੀ ਵਿਅਕਤੀ ਕਿਸੇ ਹੋਰ ਦਾ ਗੰਦ ਸਾਫ਼ ਨਹੀਂ ਕਰਨਾ ਚਾਹੁੰਦਾ ਪਰ ਕਈਆਂ ਨੂੰ ਮਜਬੂਰੀ ਦੇ ਵਿੱਚ ਇਹ ਵੀ ਕਰਨਾ ਪੈਂਦਾ ਹੈ l
ਜੇਕਰ ਗੱਲ ਕੀਤੀ ਜਾਵੇ ਪੱਛਮੀ ਮੁਲਕ ਜਾਂ ਅਰਬ ਦੇਸ਼ਾਂ ਦੀ ਤਾਂ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਮਜ਼ਦੂਰਾਂ ਨੂੰ ਪੈਸੇ ਕੰਮ ਦੀ ਔਖ ਦੇ ਹਿਸਾਬ ਨਾਲ ਮਿਲਦਾ ਹੈ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਅਮਰੀਕਾ ਵਿੱਚ ਸੜਕਾਂ ਤੇ ਲੁੱਕ ਪਾਉਣ ਵਾਲੇ ਨੂੰ ਸਭ ਤੋਂ ਵੱਧ ਮਿਹਨਤਾਨਾ ਮਿਲਦਾ ਹੈ l ਪਰ ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੈl ਵਿਕਸਿਤ ਦੇਸ਼ਾਂ ਦੇ ਵਿੱਚ ਕੰਮ ਦੇ ਸਮੇਂ ਮਜ਼ਦੂਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਸਾਡੇ ਦੇਸ਼ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਅਤੇ ਇਸੇ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ l ਅਖੀਰ ਦੇ ਵਿੱਚ ਬੱਸ ਇਹਨਾਂ ਹੀ ਕਹਿ ਸਕਦੇ ਹਾਂ ਕਿ ਜੇ ਸਾਡੇ ਦੇਸ਼ ਨੇ ਵਿਕਾਸਸ਼ੀਲ ਤੋਂ ਵਿਕਸਿਤ ਵੱਲ ਵਧਣਾ ਹੈ ਤਾਂ ਇਸ ਦੀ ਤਰੱਕੀ ਲਈ ਮਜ਼ਦੂਰ ਵਰਗ ਦੀ ਤਰੱਕੀ ਜ਼ਰੂਰੀ ਹੈ l ਕਿਉਂਕਿ ਜਦੋਂ ਮਜ਼ਦੂਰ ਵਰਗ ਦੀ ਤਰੱਕੀ ਹੋਵੇਗੀ ਤਾਂ ਇਸ ਤੋਂ ਉੱਤੇ ਵਾਲੇ ਹਰ ਵਰਗ ਦੀ ਆਪਣੇ ਆਪ ਤਰੱਕੀ ਹੋਵੇਗੀ ਅਤੇ ਇਸ ਦਾ ਆਖ਼ਰੀ ਨਤੀਜਾ ਹੋਵੇਗਾ ਕਿ ਦੇਸ਼ ਦੀ ਤਰੱਕੀ ਵੀ ਰਫ਼ਤਾਰ ਨਾਲ ਚੱਲੇਗੀ ਅਤੇ ਵਿਕਾਸਸ਼ੀਲ ਤੋਂ ਵਿਕਸਿਤ ਦਾ ਸਫ਼ਰ ਤੇਜ਼ੀ ਨਾਲ ਪੂਰਾ ਹੋਵੇਗਾ।
ਮਈ ਨੂੰ ‘ਵਿਸ਼ਵ ਮਜਦੂਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਜਿੱਥੇ ਮਜਦੂਰਾਂ ਦੇ ਸੰਘਰਸ਼ ਭਰੇ ਜੀਵਨ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣਾ ਹੈ ਉੱਥੇ ਮਜ਼ਦੂਰਾਂ ਨੂੰ ਸਮੇਂ-ਸਮੇਂ ‘ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਚੁਣੌਤੀਆਂ ਤੋਂ ਜਾਣੂ ਕਰਵਾਉਣਾ ਵੀ ਹੈ। ਅੱਜ ਜਦੋਂ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਹਾਲਾਤ ਇਹ ਹਨ ਕਿ ਦਿਨ ਰਾਤ ਦੀ ਵਧਦੀ ਮਹਿੰਗਾਈ ਨੇ ਜਿੱਥੇ ਸਧਾਰਨ ਤੇ ਮੱਧ ਵਰਗ ਦਾ ਦਮ ਤੋਡ਼ ਰੱਖਿਆ ਹੈ, ਉੱਥੇ ਮਜ਼ਦੂਰ ਵਰਗ ਲਈ ਆਪਣੇ ਜੀਵਨ ਦਾ ਇੱਕ ਇੱਕ ਦਿਨ ਕੱਟਣਾ ਔਖਾ ਹੋਇਆ ਪਿਆ ਹੈ ਜਦੋਂ ਕਿ ਨੌਜਵਾਨਾਂ, ਮਜ਼ਦੂਰਾਂ ਤੇ ਕਿਸਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਦੋ ਚਿੰਤਾ ਅਤੇ ਨਿਰਾਸ਼ਾ ਅੱਜ ਦੇਖਣ ਨੂੰ ਮਿਲ ਰਹੀ ਹੈ।ਅੱਜ ਸਾਡੇ ਜਾਗਣ ਦਾ ਸਮਾਂ ਹੈ। ਜੇਕਰ ਮਜ਼ਦੂਰ ਅਤੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਨਹੀਂ ਹੋਵੇਗੀ ਤਾਂ ਇਹ ਵਿਵਸਥਾ ਵੀ ਲੰਮਾ ਸਮਾਂ ਜਿਉਂਦੀ ਨਹੀਂ ਰਹਿ ਸਕੇਗੀ।
– ਰਾਜਿੰਦਰ ਰਾਣੀ, ਗੰਢੂਆਂ (ਸੰਗਰੂਰ)
