ਕੈਨਬਰਾ – ਆਸਟ੍ਰੇਲੀਆ ਦਾ ਖੇਤੀਬਾੜੀ ਖੇਤਰ ਦੁਚਿੱਤੀ ਭਰਿਆ ਲੱਗ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਆਪਣੇ ਕਿੱਤੇ ਵਿਚ ਪੂਰੇ ਖੁਸ਼ ਹਨ ਅਤੇ ਕੁੱਝ ਅਜਿਹੇ ਹਨ, ਜੋ ਇਸ ਤੋਂ ਕਿਨਾਰਾ ਕਰ ਰਹੇ ਹਨ। ਖੇਤੀਬਾੜੀ ਵਿਭਾਗ ਮੁਤਾਬਕ ਆਸਟ੍ਰੇਲੀਆ ਵਿਚ 2021-22 ਵਿਚ ਖੇਤੀਬਾੜੀ ਦਾ ਉਤਪਾਦਨ 81 ਬਿਲੀਅਨ ਤੱਕ ਪਹੁੰਚ ਗਿਆ ਹੈ, ਜਦਕਿ ਪਿਛਲੇ ਸਾਲ ਇਸ ਤੋਂ 12 ਮਿਲੀਅਨ ਘੱਟ ਸੀ। ਪਰ ਹੁਣ ਚਰਚਾ ਇਹ ਹੈ ਕਿ ਖੇਤੀਬਾੜੀ ਵਿਚੋਂ ਕਮਾਈ ਘਟਦੀ ਜਾ ਰਹੀ ਹੈ। ਹੁਣ ਖੇਤੀਬਾੜੀ ਵਿਚ ਰਵਾਇਤੀ ਕਿਸਾਨ ਹੀ ਕੰਮ ਕਰਦੇ ਹਨ, ਜਦਕਿ ਨੌਜਵਾਨ ਪੀੜ੍ਹੀ ਇਸ ਖੇਤੀਬਾੜੀ ਕਿੱਤੇ ਤੋਂ ਕਿਨਾਰਾ ਕਰਨ ਲੱਗ ਪਈ ਹੈ। ਨੌਜਵਾਨੀ ਦਿਹਾਤੀ ਖੇਤਰਾਂ ਤੋਂ ਬਾਹਰ ਨਿਕਲ ਕੇ ਸ਼ਹਿਰਾਂ ਵੱਲ ਵਧਦੀ ਜਾ ਰਹੀ ਹੈ। ਅੱਜ ਖੇਤੀਬਾੜੀ ਸਿਰਫ ਰਵਾਇਤੀ ਜਾਂ ਪੁਸ਼ਤੈਨੀ ਕਿੱਤਾ ਨਹੀਂ ਰਿਹਾ। ਇਸ ਖੇਤਰ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਵਿਚਾਰਾਂ ਦਾ ਆਉਣਾ ਜ਼ਰੂਰੀ ਹੈ।
ਕੌਮੀ ਪੱਧਰ ‘ਤੇ ਦਿਹਾਤੀ ਸੰਪਤੀਆਂ ਦੀ ਕੀਮਤ ਜਿਥੇ 20 ਫੀਸਦੀ ਵਧੀ ਹੈ ਪਰ ਉਥੇ ਹੀ ਫਾਰਮਾਂ ਦੀ ਗਿਣਤੀ ਇਕ ਦਹਾਕੇ ਵਿਚ ਘੱਟ ਹੋਈ ਹੈ। ਬੀਤੇ ਦੋ ਦਹਾਕਿਆਂ ਵਿਚ ਆਸਟ੍ਰੇਲੀਆ ਵਿਚ ਫਾਰਮਾਂ `ਚ ਲਗਾਤਾਰ ਕਮੀ ਆ ਰਹੀ ਹੈ। ਮੁਲਕ ਵਿਚ 2000 ਵਿਚ 128,305 ਫਾਰਮ ਆਸਟ੍ਰੇਲੀਆ ਵਿਚ ਹੋਇਆ ਕਰਦੇ ਸਨ ਪਰ 2020 ਦੇ ਅੰਕੜਿਆਂ ਮੁਤਾਬਕ 89,400 ਫਾਰਮ ਰਹਿ ਗਏ ਹਨ। ਜੇਕਰ ਇਹੀ ਅੰਕੜੇ ਲਗਾਤਾਰ ਜਾਰੀ ਰਹਿੰਦੇ ਹਨ ਤਾਂ 2050 ਤੱਕ 30 ਫੀਸਦੀ ਫਾਰਮ ਹੋਰ ਘੱਟ ਜਾਣਗੇ।