India

2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਰਾਜ਼ੀ ਨਹੀਂ ਹੋ ਰਿਹਾ ਚੀਨ , ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਾਲੇ ਗੱਲਬਾਤ ਜਾਰੀ

ਨਵੀਂ ਦਿੱਲੀ – ਚੀਨ ਭਾਰਤ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਪਰ, ਕਈ ਦੌਰ ਦੀ ਗੱਲਬਾਤ ਦੇ ਬਾਵਜੂਦ, ਉਹ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਮਈ 2020 ਤੋਂ ਪਹਿਲਾਂ ਸਥਿਤੀ ਨੂੰ ਬਹਾਲ ਕਰਨ ਲਈ ਸਹਿਮਤ ਨਹੀਂ ਹੈ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਕਾਰ ਬਾਰਡਰ ਵਿਵਾਦ ਨੂੰ ਹੱਲ ਕਰਨ ਲਈ ਸਥਾਪਿਤ ਤੰਤਰ (ਡਬਲਯੂ.ਐੱਮ.ਸੀ.ਸੀ.-ਭਾਰਤ-ਚੀਨ ਸਰਹੱਦੀ ਮਾਮਲਿਆਂ ‘ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ) ਦੀ ਬੈਠਕ ਹੋਈ। ਇਸ ਮੀਟਿੰਗ ਦਾ ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ ਪਰ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦੀ ਅਗਵਾਈ ‘ਚ ਅਗਲੀ ਗੱਲਬਾਤ ਜਲਦ ਹੀ ਹੋਵੇਗੀ।

ਫ਼ੌਜੀ ਕਮਾਂਡਰਾਂ ਦੀ ਇਹ ਵਾਰਤਾ ਸ਼ਾਇਦ ਜੂਨ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ਤੱਕ ਹੋਵੇਗੀ। ਮਾਹਿਰਾਂ ਮੁਤਾਬਕ ਚੀਨ ਵੱਲੋਂ ਗੱਲਬਾਤ ਨੂੰ ਲੰਬੇ ਸਮੇਂ ਤੱਕ ਖਿੱਚਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ WMCC ਦੀ ਮੀਟਿੰਗ 31 ਮਈ, 2022 ਨੂੰ ਹੋਈ ਸੀ। ਭਾਰਤੀ ਦਲ ਦੀ ਅਗਵਾਈ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ (ਪੂਰਬੀ ਏਸ਼ੀਆ) ਨੇ ਕੀਤੀ। ਚੀਨੀ ਟੀਮ ਦੀ ਅਗਵਾਈ ਉੱਥੋਂ ਦੇ ਵਿਦੇਸ਼ ਮੰਤਰਾਲੇ ਵਿੱਚ ਸਰਹੱਦ ਅਤੇ ਸਮੁੰਦਰੀ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕੀਤੀ। ਦੋਵਾਂ ਪਾਰਟੀਆਂ ਨੇ ਭਾਰਤ-ਚੀਨ ਸਰਹੱਦ ‘ਤੇ ਸਥਿਤੀ ਦਾ ਜਾਇਜ਼ਾ ਲਿਆ। WMCC ਦੀ ਆਖਰੀ ਮੀਟਿੰਗ ਨਵੰਬਰ 2021 ਵਿੱਚ ਹੋਈ ਸੀ।

ਇਸ ਤੋਂ ਬਾਅਦ ਜਨਵਰੀ 2022 ਅਤੇ ਮਾਰਚ 2022 ‘ਚ ਵੀ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਾਲੇ ਬੈਠਕ ਹੋਈ ਸੀ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਮਾਰਚ 2022 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਦੁਵੱਲੀ ਗੱਲਬਾਤ ਕੀਤੀ।ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਵਿੱਚ ਸਰਹੱਦੀ ਸਥਿਤੀ ‘ਤੇ ਵੀ ਦੋਵਾਂ ਧਿਰਾਂ ਵਿਚਾਲੇ ਚਰਚਾ ਹੋਈ ਹੈ। ਇਸ ਗੱਲ ‘ਤੇ ਸਹਿਮਤੀ ਬਣੀ ਕਿ ਮਾਰਚ 2022 ‘ਚ ਵਾਂਗ ਯੀ ਅਤੇ ਜੈਸ਼ੰਕਰ ਵਿਚਾਲੇ ਹੋਈ ਬੈਠਕ ‘ਚ ਹੋਈ ਸਹਿਮਤੀ ਦੇ ਆਧਾਰ ‘ਤੇ ਸਰਹੱਦੀ ਵਿਵਾਦ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਗੱਲ ‘ਤੇ ਵੀ ਸਹਿਮਤੀ ਬਣੀ ਕਿ ਸਰਹੱਦੀ ਵਿਵਾਦ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਯਤਨ ਕੀਤੇ ਜਾਣਗੇ, ਤਾਂ ਜੋ ਦੁਵੱਲੇ ਸਬੰਧਾਂ ਨੂੰ ਆਮ ਵਾਂਗ ਬਣਾਇਆ ਜਾ ਸਕੇ। ਦੱਸ ਦੇਈਏ ਕਿ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦੇ 16 ਦੌਰ ਹੋ ਚੁੱਕੇ ਹਨ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin