ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਮਾਨਸਾ ਵਿਖੇ ਅੰਤਿਮ ਅਰਦਾਸ ਦੇ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬਹੁਤ ਭਾਵੁਕ ਹੋ ਗਏ। ਇਸ ਦੌਰਾਨ ਪਿਤਾ ਨੇ ਕਿਹਾ ਕਿ, “ਮੇਰੇ ਬੇਟੇ ਨੇ ਕਿਸੇ ਨਾਲ ਕੁੱਝ ਗਲਤ ਨਹੀਂ ਕੀਤਾ ਹੈ। ਮੈਨੂੰ ਨਹੀਂ ਪਤਾ ਕਿ ਉਸਨੂੰ ਕਿਉਂ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਅਗਲੇ 5-10 ਸਾਲਾਂ ਤੱਕ ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਫ਼ ਦੀ ਲੜਾਈ ਜਾਰੀ ਰਹੇਗੀ। ਫਿਰ ਵੀ ਮੈਂ ਸਰਕਾਰ ਨੂੰ ਸਮਾਂ ਦੇਣਾ ਚਾਹੁੰਦਾ ਹਾਂ। ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਜੀਵਨ ਇੱਕ ਆਮ ਪਿੰਡ ਵਾਸੀ ਵਰਗਾ ਸੀ। ਜਦੋਂ ਮੂਸੇਵਾਲਾ ਨਰਸਰੀ ਵਿੱਚ ਪੜ੍ਹਦਾ ਸੀ ਤਾਂ ਪਿੰਡ ਤੋਂ ਬੱਸ ਨਹੀਂ ਜਾਂਦੀ ਸੀ। ਕੋਈ ਸਾਧਨ ਨਹੀਂ ਸੀ ਪਰ ਫਿਰ ਵੀ ਕਿਸੇ ਤਰ੍ਹਾਂ ਸਕੂਲ ਭੇਜ ਦਿੱਤਾ। ਜਦੋਂ ਮੈਂ ਫਾਇਰ ਬ੍ਰਿਗੇਡ ਵਿੱਚ ਸੀ, ਮੈਂ ਮੂਸੇਵਾਲਾ ਨੂੰ ਛੱਡਣ ਲਈ ਇੱਕ ਵਾਰ ਡਿਊਟੀ ‘ਤੇ 20 ਮਿੰਟ ਲੇਟ ਹੋ ਗਿਆ ਸੀ। ਇਸ ਤੋਂ ਬਾਅਦ ਮੂਸੇਵਾਲਾ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਪੜ੍ਹੋ ਜਾਂ ਮੈਂ ਨੌਕਰੀ ਕਰਾਂਗਾ। ਸਿੱਧੂ ਮੂਸੇਵਾਲਾ ਨੇ ਦੂਜੀ ਜਮਾਤ ਤੋਂ ਸਾਈਕਲ ਰਾਹੀਂ ਹਰ ਰੋਜ਼ 24 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੁੰਦਾ ਸੀ। ਉਸਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਖਤ ਮਿਹਨਤ ਕੀਤੀ। ਉਹ ਬਹੁਤ ਹੀ ਆਗਿਆਕਾਰ ਬੱਚਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਟਕਰਾਅ ਵਾਲੀਆਂ ਸਥਿਤੀਆਂ ਵਿੱਚ ਅੱਗੇ ਵਧਦਾ ਰਿਹਾ। ਹਾਲਾਤ ਅਜਿਹੇ ਸਨ ਕਿ ਮੈਂ ਕਦੇ ਆਪਣੀ ਜੇਬ ‘ਚੋਂ ਪੈਸੇ ਵੀ ਨਹੀਂ ਦੇ ਸਕਿਆ। ਉਸ ਨੇ ਆਪਣੀ ਮਿਹਨਤ ਨਾਲ 12ਵੀਂ ਕੀਤੀ। ਗ੍ਰੈਜੂਏਸ਼ਨ ਲਈ, ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਗਿਆ। ਫਿਰ ਆਈਲੈਟਸ ਕਰ ਕੇ ਬਾਹਰ ਚਲਾ ਗਿਆ। ਡਿਗਰੀ ਤੋਂ ਬਾਅਦ ਵੀ ਮੈਨੂੰ ਕਦੇ ਤੰਗ ਨਹੀਂ ਕੀਤਾ। ਮੂਸੇਵਾਲਾ ਨੂੰ ਜਦੋਂ ਵੀ ਪੈਸੇ ਦੀ ਲੋੜ ਹੁੰਦੀ ਸੀ ਤਾਂ ਉਹ ਆਪਣੇ ਗੀਤ ਵੇਚਕੇ ਪੈਸੇ ਇਕੱਠ ਕਰ ਲੈਂਦਾ ਸੀ। ਬੁਲੰਦੀਆਂ ‘ਤੇ ਪਹੁੰਚ ਕੇ ਵੀ ਉਸ ਨੇ ਆਪਣਾ ਪਰਸ ਆਪਣੇ ਕੋਲ ਨਹੀਂ ਰੱਖਿਆ। ਉਸ ਨੂੰ ਇੱਕ ਹਜ਼ਾਰ ਰੁਪਏ ਦੀ ਲੋੜ ਹੁੰਦੀ ਤਾਂ ਉਹ ਮੇਰੇ ਕੋਲੋਂ ਮੰਗ ਲੈਂਦਾ ਸੀ। ਜਦੋਂ ਵੀ ਉਹ ਘਰੋਂ ਨਿਕਲਦਾ ਸੀ, ਉਹ ਹਮੇਸ਼ਾ ਉਸ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਂਦਾ ਸੀ। ਕਾਰ ਦੀ ਸੀਟ ‘ਤੇ ਬੈਠ ਕੇ ਵੀ ਉਹ ਆਪਣੀ ਮਾਂ ਨੂੰ ਜੱਫੀ ਪਾ ਲੈਂਦਾ ਸੀ। ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ 29 ਮਈ ਨੂੰ ਉਸਦੀ ਮਾਤਾ ਪਿੰਡ ਵਿੱਚ ਅਫ਼ਸੋਸ ਕਰਨ ਗਈ ਹੋਈ ਸੀ ਉਥੇ ਕਿਸੇ ਦੀ ਮੌਤ ਹੋ ਗਈ ਸੀ। ਮੈਂ ਖੇਤੋਂ ਆਇਆ ਸੀ। ਮੈਂ ਮੂਸੇਵਾਲਾ ਨਾਲ ਜਾਣ ਲਈ ਕਿਹਾ। ਮੂਸੇਵਾਲਾ ਨੇ ਕਿਹਾ ਤੇਰੇ ਕੱਪੜੇ ਮੈਲੇ ਹਨ। ਮੈਂ ਕਿਹਾ 5 ਮਿੰਟਾਂ ਵਿੱਚ ਜੂਸ ਪੀ ਕੇ ਵਾਪਸ ਆ ਜਾਂਦਾ ਹਾਂ। ਬਲਕੌਰ ਸਿੰਘ ਨੇ ਦੱਸਿਆ ਕਿ ਮੈਂ ਸਾਰੀ ਉਮਰ ਮੂਸੇਵਾਲਾ ਦੇ ਨਾਲ ਰਿਹਾ। ਅੰਤ ਵਿੱਚ ਮੈਂ ਪਿੱਛੇ ਰਹਿ ਗਿਆ। ਹੁਣ ਮੇਰੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੱਚੇ ਨਾਲ ਕੀ ਗਲਤ ਹੈ। ਮੈਨੂੰ ਕਦੇ ਵੀ ਕੋਈ ਫੋਨ ਕਾਲ ਜਾਂ ਇਲਜ਼ਾਮ ਨਹੀਂ ਆਇਆ ਕਿ ਮੇਰੇ ਬੱਚੇ ਨੇ ਕੁੱਝ ਗਲਤ ਕੀਤਾ ਹੈ। ਇੱਕ ਵਾਰ ਮੂਸੇਵਾਲਾ ਮੈਨੂੰ ਜੱਫੀ ਪਾ ਕੇ ਰੋਇਆ ਕਿ ਸਭ ਕੁਝ ਮੇਰੇ ਨਾਲ ਕਿਉਂ ਜੋੜਿਆ ਜਾ ਰਿਹਾ ਹੈ? ਮੂਸੇਵਾਲਾ ਨੇ ਦੱਸਿਆ ਕਿ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਉਸਨੇ ਆਪਣੇ ਮਾਪਿਆਂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਉਹ ਕਦੇ ਕਿਸੇ ਨੂੰ ਕੁਝ ਨਹੀਂ ਕਹੇਗਾ। ਜੇ ਮੇਰਾ ਬੇਟਾ ਗਲਤ ਸੀ, ਤਾਂ ਉਸਨੇ ਬੌਂਸਰ ਜ਼ਰੂਰ ਰੱਖੇ ਹੁੰਦੇ। ਉਹ ਕਾਮਯਾਬ ਸੀ ਉਹ ਨਿੱਜੀ ਸੁਰੱਖਿਆ ਵੀ ਰੱਖ ਸਕਦਾ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ। ਉਹਨਧ ਕਿਹਾ ਕਿ ਮੇਰੇ ਬੇਟੇ ਦੀਆਂ ਗਲਤ ਖ਼ਬਰ ਨਾ ਬਣਾਓ। ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਨੂੰ ਕਿਸੇ ਨੇ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ। ਉਸ ਦਾ ਆਪਣਾ ਮਨ ਸੀ।”
ਸਿੱਧੀ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 29 ਮਈ ਦਾ ਦਿਨ ਕਾਲਾ ਦਿਨ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਮੈਂ ਸਭ ਕੁਝ ਗੁਆ ਦਿੱਤਾ ਹੈ। ਜਦੋਂ ਤੁਸੀਂ ਲੋਕਾਂ ਨੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਤਾਂ ਲੱਗਦਾ ਹੈ ਕਿ ਮੂਸੇਵਾਲਾ ਮੇਰੇ ਆਲੇ-ਦੁਆਲੇ ਹੈ। ਸਾਡੇ ਹੌਸਲੇ ਇਸੇ ਤਰ੍ਹਾਂ ਬੁਲੰਦ ਰੱਖੋ। ਉਹਨਾਂ ਕਿਹਾ ਕਿ ਦਸਤਾਰ ਅਤੇ ਆਪਣੇ ਮਾਪਿਆਂ ਦਾ ਸਨਮਾਨ ਜਰੂਰ ਕਰਨ। ਉਹਨਾਂ ਕਿਹਾ ਕਿ ਹਰ ਵਿਅਕਤੀ ਮੂਸੇਵਾਲਾ ਦੇ ਨਾਮ ‘ਤੇ ਇੱਕ ਰੁੱਖ ਲਗਾਵੇ ਅਤੇ ਉਸਦਾ ਪਾਲਣ ਪੋਸ਼ਣ ਕਰਕੇ ਵੱਡਾ ਵੀ ਕਰਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੁੱਧਵਾਰ ਨੂੰ ਅੰਤਿਮ ਅਰਦਾਸ ਦੇ ਵਿੱਚ ਕਰੀਬ 3 ਲੱਖ ਲੋਕ ਪਹੁੰਚੇ ਅਤੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਵੀ ਪ੍ਰਸ਼ੰਸਕਾਂ ਦੀ ਭੀੜ ਲੱਗੀ। ਉੱਥੇ ਹੀ ਪ੍ਰਸ਼ੰਸਕ ਸਿਰ ਝੁਕਾ ਕੇ ਮੱਥਾ ਟੇਕਦੇ ਰਹੇ ਅਤੇ ਪੈਸੇ ਸੁੱਟਦੇ ਰਹੇ। ਇਸ ਨੂੰ ਦੇਖਦੇ ਹੋਏ ਪਰਿਵਾਰ ਨੇ ਉੱਥੇ ਬੋਰਡ ਲਗਾ ਦਿੱਤਾ ਜਿਸ ਉਪਰ ਲਿਖਿਆ ਹੈ ਕਿ, ‘ਪਰਿਵਾਰ ਵਲੋਂ ਬੇਨਤੀ ਹੈ ਕਿ ਇਸ ਸਥਾਨ ‘ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ। ਸਿੱਧੂ ਮੂਸੇਵਾਲਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ। ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕੋ। ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇੱਕ-ਇੱਕ ਪੌਦਾ ਲਗਾਕੇ ਉਸਨੂੰ ਪਾਲਕੇ ਵੱਡਾ ਕਰਨ।”
ਵਰਨਣਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਸੀ। 4 ਵਿੱਚੋਂ 2 ਗੰਨਮੈਨ ਵਾਪਸ ਲੈ ਲਏ ਗਏ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਸਖਤ ਸੁਰੱਖਿਆ ਹੈ। ਉਸ ਦੇ ਮਾਤਾ-ਪਿਤਾ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕਬਰ ਵਾਲੀ ਥਾਂ ‘ਤੇ ਪੁਲਿਸ ਸੁਰੱਖਿਆ ਵੀ ਲਗਾਈ ਗਈ ਹੈ।
ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਫਾਰਮ ‘ਚ ਕੀਤਾ ਗਿਆ। ਇਹ ਉਹੀ ਖੇਤ ਹਨ ਜਿੱਥੇ ਮੂਸੇਵਾਲਾ ਖੁਦ ਖੇਤੀ ਕਰਦਾ ਸੀ। ਸੰਸਕਾਰ ਤੋਂ ਬਾਅਦ ਇੱਥੇ ਉਸਦੀ ਯਾਦ ਵਿੱਚ ਸਮਾਧੀ ਬਣਾਈ ਗਈ ਹੈ। ਜਿੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਆ ਕੇ ਆਪਣੇ ਚਹੇਤੇ ਸਟਾਰ ਨੂੰ ਸਿਜਦਾ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਦੋ ਪਾਲਤੂ ਕੁੱਤੇ ਸ਼ੇਰਾ ਅਤੇ ਬਗੀਰਾ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਕਾਫੀ ਨਿਰਾਸ਼ ਹਨ। ਅਕਸਰ ਇਹ ਦੋ ਪਾਲਤੂ ਕੁੱਤੇ ਮੂਸੇਵਾਲਾ ਦੀ ਸਮਾਧ ਨੇੜੇ ਘੁੰਮਦੇ ਰਹਿੰਦੇ ਹਨ। ਜਦੋਂ ਇਹ ਦੋਵੇਂ ਕੁੱਤੇ ਖਾਣਾ ਨਹੀਂ ਖਾਂਦੇ ਤਾਂ ਪਰਿਵਾਰ ਵਾਲੇ ਇਨ੍ਹਾਂ ਨੂੰ ਇਸ ਕਬਰ ‘ਤੇ ਲੈ ਜਾਂਦੇ ਹਨ।
