ਨਵੀਂ ਦਿੱਲੀ – ਭਾਰਤ ਸਰਕਾਰ ਨੇ ਸੈਨਾ ਦੀਆਂ ਤਿੰਨੋਂ ਸ਼ਾਖਾਵਾਂ – ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਕਰਨ ਲਈ 14 ਜੂਨ ਨੂੰ ਅਗਨੀਪਥ ਭਰਤੀ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਨੌਜਵਾਨਾਂ ਨੂੰ ਸਿਰਫ਼ 4 ਸਾਲ ਤੱਕ ਰੱਖਿਆ ਬਲ ਵਿੱਚ ਸੇਵਾ ਕਰਨੀ ਪਵੇਗੀ। ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦੇ ਬਜਟ ਨੂੰ ਘਟਾਉਣ ਲਈ ਚੁੱਕਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਯੋਜਨਾ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਏਅਰ ਚੀਫ ਮਾਰਸ਼ਲ ਵੀਆਰ ਚੌਧਰੀ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੀ ਮੌਜੂਦਗੀ ‘ਚ ਫੌਜ ਦੀ ਅਗਨੀਪੱਥ ਯੋਜਨਾ ਦੀ ਸ਼ੁਰੂਆਤ ਮੌਕੇ ਕਿਹਾ ਕਿ ਅਗਨੀਪੱਥ ਯੋਜਨਾ ਦਾ ਉਦੇਸ਼ ਫੌਜੀ ਸੇਵਾ ਦੀ ਪ੍ਰੋਫਾਈਲ ਨੂੰ ਉਪਯੋਗੀ ਰੱਖਣਾ ਹੈ। ਇਸ ਨਾਲ ਨੌਜਵਾਨਾਂ ਦੀ ਸਿਹਤ ਤੇ ਤੰਦਰੁਸਤੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ। ਇਸ ਸਕੀਮ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਜੀਡੀਪੀ ਵਾਧੇ ‘ਚ ਮਦਦ ਮਿਲੇਗੀ। ਬਿਹਤਰ ਪੈਕੇਜ, ਸੇਵਾ ਫੰਡ ਪੈਕੇਜ ਅਤੇ ਅਪੰਗਤਾ ਪੈਕੇਜ ਦਾ ਵੀ ਐਲਾਨ ਕੀਤਾ ਗਿਆ ਹੈ। 90 ਦਿਨਾਂ ਵਿੱਚ ਪਹਿਲੀ ਭਰਤੀ ਰੈਲੀ ਕੀਤੀ ਜਾਵੇਗੀ। ਫੌਜੀ ਮਾਮਲਿਆਂ ਦੇ ਵਿਭਾਗ ਦੁਆਰਾ ਤਿਆਰ ਕੀਤੀ ਗਈ ਅਗਨੀਪਥ ਭਰਤੀ ਯੋਜਨਾ ਨੂੰ ਪਹਿਲਾਂ ‘ਟੂਰ ਆਫ ਡਿਊਟੀ’ ਦਾ ਨਾਮ ਦਿੱਤਾ ਗਿਆ ਹੈ। ਇਸ ਸਕੀਮ ਤਹਿਤ ਥੋੜ੍ਹੇ ਸਮੇਂ ਲਈ ਹੋਰ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ। ਵਿਭਾਗ ਖੁਦ ਇਸ ਨੂੰ ਲਾਗੂ ਵੀ ਕਰੇਗਾ। ਸਰਕਾਰ ਨੇ ਆਪਣੇ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਰੱਖਿਆ ਬਲ ਵਿੱਚ ਨੌਜਵਾਨਾਂ ਦੀ ਗਿਣਤੀ ਵਧਾਉਣ ਲਈ ਇਹ ਸਕੀਮ ਸ਼ੁਰੂ ਕੀਤੀ ਹੈ।
ਇਥੇ ਵਰਨਣਯੋਗ ਹੈ ਕਿ ਅਗਨੀਪਥ ਸਕੀਮ ਹਥਿਆਰਬੰਦ ਬਲਾਂ ਲਈ ਆਲ ਇੰਡੀਆ ਸ਼ਾਰਟ ਟਰਮ ਸਰਵਿਸ ਯੂਥ ਭਰਤੀ ਯੋਜਨਾ ਹੈ। ਅਗਨੀਵੀਰ ਵਜੋਂ ਭਰਤੀ ਕੀਤੇ ਗਏ ਜਵਾਨਾਂ ਨੂੰ ਰੇਗਿਸਤਾਨ, ਪਹਾੜ, ਜ਼ਮੀਨ, ਸਮੁੰਦਰ ਜਾਂ ਹਵਾ ਵਿੱਚ ਤਾਇਨਾਤ ਕੀਤਾ ਜਾਵੇਗਾ। ਸਕੀਮ ਲਈ ਯੋਗ ਹੋਣ ਦੀ ਉਮਰ ਸੀਮਾ 17.5-21 ਸਾਲ ਹੈ। 10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ। ਫਿਲਹਾਲ ਨਹੀਂ, ਪਰ ਭਵਿੱਖ ਵਿੱਚ ਔਰਤਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਅਗਨੀਪਥ ਸਕੀਮ ਤਹਿਤ ਭਰਤੀ ਕੀਤੇ ਗਏ ਜਵਾਨ ਨੂੰ 4 ਸਾਲ ਫੌਜ ਵਿੱਚ ਸੇਵਾ ਕਰਨੀ ਪਵੇਗੀ। ਇਨ੍ਹਾਂ ਚਾਰ ਸਾਲਾਂ ਵਿੱਚੋਂ 6 ਮਹੀਨਿਆਂ ਲਈ ਸੈਨਿਕਾਂ ਨੂੰ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਅਗਨੀਵੀਰਾਂ ਨੂੰ ਜੁਆਇਨ ਕਰਨ ਦੇ ਪਹਿਲੇ ਸਾਲ 4.76 ਲੱਖ ਰੁਪਏ ਦਾ ਪੈਕੇਜ ਮਿਲੇਗਾ। ਇਸ ਦੇ ਨਾਲ ਹੀ 4 ਸਾਲ ਦੀ ਮਿਆਦ ਖਤਮ ਹੋਣ ਤੱਕ ਇਸ ਨੂੰ ਵਧਾ ਕੇ 6.92 ਲੱਖ ਰੁਪਏ ਕੀਤਾ ਜਾ ਸਕਦਾ ਹੈ। ਯਾਨੀ ਕਿ ਅਗਨੀਵੀਰਾਂ ਨੂੰ ਹਰ ਮਹੀਨੇ 30 ਹਜ਼ਾਰ ਤੋਂ 40 ਹਜ਼ਾਰ ਤੱਕ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਤਿੰਨਾਂ ਸੇਵਾਵਾਂ ਦੇ ਸਥਾਈ ਸਿਪਾਹੀਆਂ ਵਾਂਗ ਪੁਰਸਕਾਰ, ਮੈਡਲ, ਭੱਤੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰ 44 ਲੱਖ ਦਾ ਬੀਮਾ ਵੀ ਦੇਵੇਗੀ।ਅਗਨੀਵੀਰ 4 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਫੌਜ ਵਿੱਚ ਸਥਾਈ ਨੌਕਰੀ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ। ਫੌਜ ਦੇ ਅਧਿਕਾਰੀ ਅਗਨੀਵੀਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਪੱਕੇ ਕਰਨ ਲਈ ਵਿਚਾਰ ਕਰਨਗੇ। 25% ‘ਅਗਨੀਵੀਰਾਂ’ ਨੂੰ ਸਥਾਈ ਕੇਡਰ ਵਿੱਚ ਭਰਤੀ ਕੀਤਾ ਜਾਵੇਗਾ। ਫੌਜ ਤੋਂ ਰਿਟਾਇਰ ਹੋਣ ਵਾਲੇ 75% ਅਗਨੀਵੀਰਾਂ ਨੂੰ ਸੇਵਾ ਫੰਡ ਪੈਕੇਜ ਦਿੱਤਾ ਜਾਵੇਗਾ। 11-12 ਲੱਖ ਰੁਪਏ ਦਾ ਇਹ ਪੈਕੇਜ ਅੰਸ਼ਕ ਤੌਰ ‘ਤੇ ਅਗਨੀਵੀਰਾਂ ਦੇ ਮਾਸਿਕ ਯੋਗਦਾਨ ਦੁਆਰਾ ਫੰਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੁਨਰ ਸਰਟੀਫਿਕੇਟ ਅਤੇ ਬੈਂਕ ਕਰਜ਼ਿਆਂ ਰਾਹੀਂ ਹੋਰ ਕਰੀਅਰ ਸ਼ੁਰੂ ਕਰਨ ਵਿੱਚ ਮਦਦ ਕੀਤੀ ਜਾਵੇਗੀ। ਅਗਨੀਪਥ ਸਕੀਮ ਤਹਿਤ ਜਵਾਨ ਚਾਰ ਸਾਲ ਤਕ ਫੌਜ ‘ਚ ਭਰਤੀ ਹੋ ਕੇ ਦੇਸ਼ ਸੇਵਾ ਕਰਨਗੇ। ਇਹ ਰੱਖਿਆ ਬਲਾਂ ਦੇ ਖਰਚੇ ਤੇ ਉਮਰ ਨੂੰ ਘਟਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਚਾਰ ਸਾਲਾਂ ਬਾਅਦ 80 ਫੀਸਦੀ ਜਵਾਨਾਂ ਨੂੰ ਰਾਹਤ ਮਿਲੇਗੀ ਤੇ ਫੌਜ ਉਨ੍ਹਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਵੱਖ-ਵੱਖ ਕਾਰਪੋਰੇਸ਼ਨਾਂ ਦੇਸ਼ ਦੀ ਸੇਵਾ ਕਰਨ ਵਾਲੇ ਅਜਿਹੇ ਸਿੱਖਿਅਤ ਤੇ ਅਨੁਸ਼ਾਸਿਤ ਨੌਜਵਾਨਾਂ ਲਈ ਨੌਕਰੀਆਂ ਰਾਖਵੀਆਂ ਕਰਨ ‘ਚ ਵੀ ਦਿਲਚਸਪੀ ਰੱਖਣਗੀਆਂ। ਅਗਨੀਪਥ ਤਹਿਤ ਹਰ ਸਾਲ ਲਗਭਗ 45 ਹਜ਼ਾਰ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਇਸ ਸਕੀਮ ਅਧੀਨ ਆਉਣ ਵਾਲੀਆਂ ਅਸਾਮੀਆਂ ਬਾਰੇ ਜਾਣਕਾਰੀ ਹਥਿਆਰਬੰਦ ਬਲਾਂ ਨਾਲ ਸਬੰਧਤ ਵੈੱਬਸਾਈਟਾਂ ‘ਤੇ ਉਪਲਬਧ ਹੋਵੇਗੀ। ਅਗਨੀਵੀਰਾਂ ਨੂੰ ਫੌਜ ਦੇ ਸਿਪਾਹੀਆਂ ਵਾਂਗ ਸਿਖਲਾਈ ਦਿੱਤੀ ਜਾਵੇਗੀ।
