ਨਵੀਂ ਦਿੱਲੀ – ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਦਿੱਲੀ ਸਥਿਤ ਦਫਤਰ ਨੂੰ ਬੁੱਧਵਾਰ ਨੂੰ ਬੰਬ ਦੀ ਧਮਕੀ (Bomb Threat) ਮਿਲੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇੱਕ ਸ਼ੱਕੀ ਵਿਅਕਤੀ ਵੀਐਚਪੀ ਦਫ਼ਤਰ ਵਿੱਚ ਦਾਖਲ ਹੋਇਆ ਸੀ ਤੇ ਉਸ ਨੇ ਆਰਐਸਐਸ ਅਤੇ ਵੀਐਚਪੀ ਦਫ਼ਤਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਹਾਲਾਂਕਿ, ਵੀਐਚਪੀ ਵਰਕਰਾਂ ਨੇ ਉਸ ਨੂੰ ਫੜ ਲਿਆ ਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਦਿੱਲੀ ਦੇ ਝੰਡੇਵਾਲ ਸਥਿਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਫ਼ਤਰ ਵਿੱਚ ਵਾਪਰੀ। ਵੀਐਚਪੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਵੀ ਇਹ ਜਾਣਕਾਰੀ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੌਜਵਾਨ ਧਮਕੀਆਂ ਦਿੰਦੇ ਹੋਏ ਵੱਖ-ਵੱਖ ਸਮੇਂ ਦੋਵਾਂ ਦਫ਼ਤਰਾਂ ‘ਚ ਪੁੱਜਿਆ। ਇੱਕ ਥਾਂ ’ਤੇ ਉਸ ਨੇ ਰੇਕੀ ਕੀਤੀ, ਜਦਕਿ ਦੂਜੀ ਥਾਂ ’ਤੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੈਗੰਬਰ ਬਾਰੇ ਕੀ ਕਿਹਾ ਜਾ ਰਿਹਾ ਹੈ, ਕੀ ਸਮਝ ਰਹੇ ਹੋ ਤੁਸੀਂ, ਸਾਨੂੰ ਵੀ ਦੱਸਣਾ ਆਉਂਦਾ ਹੈ। ਇਸ ਦਫਤਰ ਨੂੰ ਬੰਬ ਨਾਲ ਉਡਾ ਦਿਆਂਗੇ।
ਦਰਅਸਲ, ਸਭ ਤੋਂ ਪਹਿਲਾਂ ਨੌਜਵਾਨ ਉਦਾਸੀ ਆਸ਼ਰਮ ਸਥਿਤ ਸੰਘ ਦੇ ਦਫ਼ਤਰ ਪਹੁੰਚਿਆ। ਫਿਰ ਉਥੋਂ ਉਹ ਝੰਡੇਵਾਲਾ ਸਥਿਤ ਵੀਐਚਪੀ ਦੇ ਸੂਬਾ ਦਫ਼ਤਰ ਪੁੱਜਾ। ਉੱਥੇ ਉਸ ਨੇ ਵੀਐਚਪੀ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਗੁਪਤਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਸਾਡੇ ਆਕਾ ਨੇ ਇਨ੍ਹਾਂ ਸਾਰੇ ਦਫਤਰਾਂ ਨੂੰ ਬੰਬਾਂ ਨਾਲ ਉਡਾਉਣ ਦਾ ਫੈਸਲਾ ਕੀਤਾ ਹੈ ਜਿਸ ‘ਤੇ ਉਨ੍ਹਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਮਰੇ ‘ਚ ਬੰਦ ਕਰ ਦਿੱਤਾ ਤੇ ਪੁਲਿਸ ਬੁਲਾ ਲਈ। ਜਾਣਕਾਰੀ ਮੁਤਾਬਕ ਥਾਣਾ ਝੰਡੇਵਾਲਾ ਪੁਲਿਸ ਧਮਕੀ ਦੇਣ ਵਾਲੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
