
2 ਮਾਰਚ, 1909 ਨੂੰ ਲੁਧਿਆਣੇ ਦੇ ਪਿੰਡ ਚੱਕ ਵਿਖੇ ਪਿਤਾ ਦੀਦਾਰ ਸਿੰਘ ਦੇ ਘਰ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਸਿਰਦਾਰ ਕਪੂਰ ਸਿੰਘ ਦਾ ਜਨਮ ਹੋਇਆ। ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਇਸ ਮਹਾਨ ਸ਼ਖ਼ਸੀਅਤ ਨੇ ਆਪਣੀਆਂ ਲਿਆਕਤ, ਲਿਖਤਾਂ, ਭਾਸ਼ਣਾਂ ਅਤੇ ਆਪਣੇ ਕੰਮਾਂ ਰਾਹੀਂ ਪੰਜਾਬੀਅਤ ਨੂੰ ਮਾਣ ਬਖ਼ਸ਼ਿਆ। ਘਰ ਵਿੱਚ ਮਾਂ ਦੇ ਧਾਰਮਿਕ ਖ਼ਿਆਲ ਤੇ ਵਧੀਆ ਪਰਿਵਾਰਕ ਮਾਹੌਲ ਹੋਣ ਕਾਰਨ ਬਚਪਨ ਤੋਂ ਹੀ ਕਪੂਰ ਸਿੰਘ ਨੂੰ ਪੜ੍ਹਾਈ,ਸਾਹਿਤ ਅਤੇ ਵਿਸ਼ਵ ਪੱਧਰ ਦੀਆਂ ਘਟਨਾਵਾਂ ਵਿੱਚ ਦਿਲਚਸਪੀ ਪੈਦਾ ਹੋ ਗਈ ਸੀ। ਉਨ੍ਹਾਂ ਨੇ ਮੁੱਢਲੀ ਤੋਂ ਪ੍ਰਾਇਮਰੀ ਤਕ ਦੀ ਵਿੱਦਿਆ ਆਪਣੇ ਪਿੰਡ ਵਿੱਚੋਂ ਹੀ ਪ੍ਰਾਪਤ ਕੀਤੀ। ਨੌਵੀਂ ਤੇ ਦਸਵੀਂ ਜਮਾਤ ਦੀ ਪੜ੍ਹਾਈ ਲਈ ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ, ਲਾਇਲਪੁਰ ਵਿੱਚ ਦਾਖ਼ਲਾ ਲੈ ਲਿਆ। ਦਸਵੀਂ ਦੀ ਪ੍ਰੀਖਿਆ ਵਿੱਚ ਸਿਰਦਾਰ ਕਪੂਰ ਸਿੰਘ ਪੰਜਾਬ ਭਰ ਵਿੱਚੋਂ ਅੱਵਲ ਆਏ।
ਦਸਵੀਂ ਕਰਨ ਉਪਰੰਤ ਗ੍ਰੇਜੁਏਸ਼ਨ ਤੇ ਫਿਰ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐਮ.ਏ. ਫਿਲੋਸਫੀ ਪਾਸ ਕੀਤੀ। ਇਸ ਤੋਂ ਬਾਅਦ ਨੈਤਿਕ ਵਿਗਿਆਨ/ਸਿੱਖਿਆ ਵਿੱਚ ਅਗਲੇਰੀ ਪੜ੍ਹਾਈ ਲਈ ਉਹ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ ਜਿੱਥੇ ਉਹ ਯੂਨੀਵਰਸਿਟੀ ਭਰ ਵਿੱਚੋਂ ਅੱਵਲ ਦਰਜੇ ਵਿੱਚ ਰਹੇ। ਉਸ ਵੇਲੇ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਵਿਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਦਾਰ ਕਪੂਰ ਸਿੰਘ ਭਾਰਤ ਵਾਪਸ ਆ ਗਏ। ਉਨ੍ਹਾਂ ਇੱਥੇ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਡਿਪਟੀ ਕਮਿਸ਼ਨਰ ਵਜੋਂ 15 ਸਾਲ ਨੌਕਰੀ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਆਹਲਾ ਦਰਜੇ ਦੇ ਪ੍ਰਸ਼ਾਸਨਿਕ ਅਹੁਦਿਆਂ ‘ਤੇ ਵੀ ਆਪਣੀ ਸੇਵਾ ਨਿਭਾਈ। ਸਿੱਖੀ ਉਨ੍ਹਾਂ ਦੇ ਸਾਹਾਂ ਵਿੱਚ ਵਸੀ ਹੋਈ ਸੀ। ਉਹ ਸਿੱਖੀ ਸਿਧਾਂਤਾਂ ਅੱਗੇ ਕਦੇ ਕੋਈ ਸਮਝੌਤਾ ਨਹੀਂ ਕਰ ਸਕਦੇ ਸਨ। ਉਹ ਮੂੰਹ ਫੁੱਟ ਤੇ ਬੇਪ੍ਰਵਾਹ ਅਫ਼ਸਰ ਸਨ। ਆਪਣੇ ਇਸੇ ਸੁਭਾਅ ਕਰਕੇ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਭੇਜੇ ਸਰਕੁਲਰ (10 ਅਕਤੂਬਰ, 1947), ਜਿਸ ਵਿੱਚ ਸਿੱਖਾਂ ਨੂੰ ਜਰਾਇਮ-ਪੇਸ਼ਾ ਗਰਦਾਨਿਆ ਗਿਆ ਸੀ, ਦਾ ਉਹਨਾਂ ਨੇ ਡਟਵਾਂ ਵਿਰੋਧ ਕੀਤਾ ਸੀ।
ਸਿਰਦਾਰ ਕਪੂਰ ਸਿੰਘ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇ ਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ। ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ। ਸਿਰਦਾਰ ਕਪੂਰ ਸਿੰਘ ਨੇ ਇੱਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਨ੍ਹਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੀ ਕਲਮ ਚਲਾਈ। ਬਹੁਤ ਸਾਰੇ ਧਾਰਮਿਕ ਅਤੇ ਰਾਜਨੀਤਿਕ ਲੇਖਾਂ ਦੀ ਰਚਨਾ ਕੀਤੀ। “ਸਾਚੀ ਸਾਖੀ” ਉਹਨਾਂ ਦੀ ਸਵੈ ਜੀਵਨੀਨੁਮਾ ਰਚਨਾ ਹੈ। ਅੰਗਰੇਜੀ ਵਿੱਚ ਲਿਖੀ ਉਨ੍ਹਾਂ ਦੀ ਪੁਸਤਕ “ਵੈਸਾਖੀ ਆਫ ਗੁਰੂ ਗੋਬਿੰਦ ਸਿੰਘ’ ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ।
ਪੰਜਾਬੀ ਵਿੱਚ ਛਪੀਆਂ ਪੁਸਤਕਾਂ:- ਬਹੁ ਵਿਸਥਾਰ (ਇਤਿਹਾਸਕ ਤੇ ਧਾਰਮਿਕ ਲੇਖ), ਪੁੰਦਰੀਕ (ਸਭਿਆਚਾਰਕ ਲੇਖ), ‘ਸਪਤ ਸ੍ਰਿੰਗ’ ਪੁਸਤਕ (ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਸੰਬੰਧਿਤ), ‘ਬਿਖ ਮੈਂ ਅੰਮ੍ਰਿਤ'(ਰਾਜਨੀਤਕ ਲੇਖ ਸੰਗ੍ਰਿਹ), ‘ਹਸ਼ੀਸ਼’ (ਪੰਜਾਬੀ ਕਵਿਤਾਵਾਂ ਦਾ ਸੰਗ੍ਰਿਹ), ‘ਪੰਚਨਦ’, ‘ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ’ ਆਦਿ।
ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੀਆਂ ਤੀਜੀਆਂ ਲੋਕ ਸਭਾ ਚੋਣਾਂ ਸਮੇਂ ਸਿਰਦਾਰ ਕਪੂਰ ਸਿੰਘ ਨੂੰ ਲੁਧਿਆਣਾ ਲੋਕ ਸਭਾ ਦੀ ਸੀਟ ਤੋਂ 1962 ਵਿੱਚ ਖੜ੍ਹਾ ਕੀਤਾ। ਉਸ ਸਮੇਂ ਕਪੂਰ ਸਿੰਘ ਨੇ ਆਪਣੇ ਵਿਰੋਧੀ ਮੰਗਲ ਸਿੰਘ (ਕਾਂਗਰਸ ਦੇ ਉਮੀਦਵਾਰ) ਨੂੰ ਹਰਾ ਕੇ ਦਿੱਲੀ ਪਾਰਲੀਮੈਂਟ ਵਿੱਚ ਆਪਣੀ ਥਾਂ ਬਣਾਈ। ਜਦ ਪੰਜਾਬ ਦੇ ਪੁਨਰਗਠਨ ਬਾਰੇ 3 ਸਤੰਬਰ 1966 ਨੂੰ ਲੋਕ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਤਾਂ ਸਿਰਦਾਰ ਕਪੂਰ ਸਿੰਘ ਨੇ ਜਿੱਥੇ ਇਸ ਬਿੱਲ ਦਾ ਵਿਰੋਧ ਕੀਤਾ,ਉੱਥੇ ਹੀ ਇਸ ਨੂੰ ਠੁਕਰਾਉਣ ਦੇ ਤਿੰਨ ਕਾਰਨ ਵੀ ਪੇਸ਼ ਕੀਤੇ। ਪੰਜਾਬ ਵਿਧਾਨ ਸਭਾ ਚੋਣਾਂ 1967 ਸਮੇਂ ਉਹ ਸਮਰਾਲੇ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ। ਸਿਰਦਾਰ ਕਪੂਰ ਸਿੰਘ ਦੀ ਸਿੱਖ ਰਾਜਨੀਤੀ ਵਿੱਚ ਵਿਸ਼ੇਸ਼ ਭੂਮਿਕਾ ਰਹੀ ਹੈ। ‘ਆਨੰਦਪੁਰ ਦੇ ਮਤੇ’ ਦਾ ਡਰਾਫ਼ਟ ਉਨ੍ਹਾਂ ਨੇ ਹੀ ਤਿਆਰ ਕੀਤਾ।
ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਵੱਲੋਂ 13 ਅਕਤੂਬਰ 1973 ਨੂੰ ‘ਪ੍ਰੋਫ਼ੈਸਰ ਆਫ਼ ਸਿੱਖਿਜ਼ਮ’ ਦੀ ਮਹਾਨ ਉਪਾਧੀ ਦਾ ਮਾਣ ਵੀ ਸਿਰਦਾਰ ਕਪੂਰ ਸਿੰਘ ਦੇ ਹਿੱਸੇ ਹੀ ਆਇਆ। ਪਰਮਾਤਮਾ ਦੀ ਬਖ਼ਸ਼ੀ ਸਾਹਾਂ ਦੀ ਪੂੰਜੀ ਨੂੰ ਖਰਚਦਿਆਂ ਸਿਰਦਾਰ ਕਪੂਰ ਸਿੰਘ ਅਖੀਰ 18 ਅਗਸਤ 1986 ਨੂੰ ਅੰਮ੍ਰਿਤ ਵੇਲ਼ੇ ਆਪਣੇ ਹਿੱਸੇ ਦੀਆਂ ਜ਼ੁੰਮੇਵਾਰੀਆਂ ਪੂਰਦੇ ਹਮੇਸ਼ਾਂ ਲਈ ਇਸ ਦੁਨੀਆਂ ਤੋਂ ਵਿਦਾਇਗੀ ਲੈ ਗਏ। ਇਸ ਮਹਾਨ ਸ਼ਖ਼ਸੀਅਤ ਬਾਰੇ ਜਿੰਨ੍ਹਾਂ ਵੀ ਲਿਖੀਏ ਉਹਨਾਂ ਹੀ ਥੋੜ੍ਹਾ, ਅੱਜ ਦੇ ਦਿਨ ਘੱਟੋ-ਘੱਟ ਆਪਾਂ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਲਿਖਤਾਂ ਨਾਲ਼ ਆਪਣੇ ਬੱਚਿਆਂ,ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਰੂਬਰੂ ਕਰਵਾਈਏ।