ਨਵੀਂ ਦਿੱਲੀ – ਅਪੇਕਸ਼ਾ ਫਰਨਾਂਡੀਜ਼ ਵਿਸ਼ਵ ਜੂਨੀਅਰ ਤੈਰਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ। ਉਹ ਪੇਰੂ ਦੇ ਲੀਮਾ ਵਿਚ ਚੱਲ ਰਹੀ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਦੇ ਫਾਈਨਲ ਵਿਚ ਅੱਠਵੇਂ ਸਥਾਨ ‘ਤੇ ਰਹੀ। ਇਸ 17 ਸਾਲਾ ਭਾਰਤੀ ਤੈਰਾਕ ਨੇ ਬੁੱਧਵਾਰ ਨੂੰ ਫਾਈਨਲ ਵਿਚ ਦੋ ਮਿੰਟ 19.14 ਸਕਿੰਟ ਦਾ ਸਮਾਂ ਕੱਿਢਆ ਤੇ ਉਹ ਅੱਠ ਤੈਰਾਕਾਂ ਵਿਚ ਆਖ਼ਰੀ ਸਥਾਨ ‘ਤੇ ਰਹੀ।
ਅਪੇਕਸ਼ਾ ਨੇ ਇਸ ਤੋਂ ਪਹਿਲਾਂ ਕੁਆਲੀਫਾਇੰਗ ਵਿਚ ਦੋ ਮਿੰਟ 18.18 ਸਕਿੰਟ ਦਾ ਸਮਾਂ ਕੱਢ ਕੇ ਆਪਣੇ ਹੀ ਸਰਬੋਤਮ ਭਾਰਤੀ ਸਮੇਂ ਵਿਚ ਸੁਧਾਰ ਕੀਤਾ ਤੇ ਫਾਈਨਲ ਵਿਚ ਥਾਂ ਬਣਾਈ। ਉਹ ਕਿਸੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਉਨ੍ਹਾਂ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ ਦੋ ਮਿੰਟ 18.39 ਸਕਿੰਟ ਦਾ ਸੀ ਜੋ ਉਨ੍ਹਾਂ ਨੇ ਜੂਨ ਵਿਚ ਬਣਾਇਆ ਸੀ ਪਰ ਹੁਣ ਇਸ ਨੂੰ ਭਾਰਤੀ ਤੈਰਾਕੀ ਮਹਾਸੰਘ ਤੋਂ ਮਾਨਤਾ ਮਿਲਣ ਦੀ ਉਡੀਕ ਹੈ। ਤੈਰਾਕੀ ਵਿਚ ਕਿਸੇ ਸਮੇਂ ਨੂੰ ਰਾਸ਼ਟਰੀ ਰਿਕਾਰਡ ਤਦ ਮੰਨਿਆ ਜਾਂਦਾ ਹੈ ਜਦ ਇਸ ਨੂੰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਹਾਸਲ ਕੀਤਾ ਗਿਆ ਹੋਵੇ। ਹੋਰ ਚੈਂਪੀਅਨਸ਼ਿਪਾਂ ਵਿਚ ਕੱਢੇ ਗਏ ਸਮੇਂ ਨੂੰ ਸਰਬੋਤਮ ਭਾਰਤੀ ਸਮਾਂ ਕਿਹਾ ਜਾਂਦਾ ਹੈ।
ਇਸ ਵਿਚਾਲੇ ਮਰਦਾਂ ਦੇ 200 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਭਾਰਤ ਦੇ ਵੇਦਾਂਤ ਮਾਧਵਨ ਗਲਤ ਸ਼ੁਰੂਆਤ ਕਾਰਨ ਅਯੋਗ ਐਲਾਨੇ ਗਏ ਜਦਕਿ ਸੰਭਵ ਰਾਮਾ ਰਾਓ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੇ। ਉਨ੍ਹਾਂ ਨੇ ਇਕ ਮਿੰਟ 55.71 ਸਕਿੰਟ ਦਾ ਸਮਾਂ ਕੱਿਢਆ ਤੇ ਉਹ 27ਵੇਂ ਨੰਬਰ ‘ਤੇ ਰਹੇ।
