ਸਰੀ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੋਣਾਂ ਜਿੱਤਣ ਲਈ ਇੱਕ ਵਾਰ ਫ਼ਿਰ ਮੁਸਲਿਮ ਦੇਸ਼ਾਂ ’ਤੇ ਸਮੂਹਿਕ ਦੇਸ਼ ਨਿਕਾਲੇ ਦੀ ਮੁਹਿੰਮ ਚਲਾਉਣ ਅਤੇ ਸਾਰੀਆਂ ਵਸਤਾਂ ਦੀ ਦਰਾਮਦ ’ਤੇ ਕਸਟਮਜ਼ ਡਿਊਟੀ (ਇੰਪੋਰਟ ਟੈਕਸ) ’ਚ 10 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਪਰ ਉਸ ਦਾ ਬਹੁਤਾ ਸਮਾਂ ਵੱਖ-ਵੱਖ ਅਦਾਲਤਾਂ ’ਚ ਉਸ ਵਿਰੁੱਧ ਚੱਲ ਰਹੇ ਕੇਸਾਂ ’ਚ ਹਾਜ਼ਰ ਹੋਣ ’ਚ ਹੀ ਬੀਤਦਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਅਮਰੀਕੀ ਹੁਣ ਮੰਨਦੇ ਹਨ ਕਿ ਇਹ ਦੋਸ਼ ਟਰੰਪ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਲਗਾਏ ਗਏ ਹਨ। ਇਸ ਦੇ ਖ਼ਿਲਾਫ਼ ਟਰੰਪ ਦੀ ਲੜਾਈ ਨੇ ਸਿਰਫ਼ ਉਸ ਦੀ ਸਾਖ ’ਚ ਹੀ ਵਾਧਾ ਕੀਤਾ ਹੈ। ਦੂਜੇ ਪਾਸੇ, ਇਲਜ਼ਾਮ ਲਗਾਉਣ ਅਤੇ ਪੇਸ਼ ਕਰਨ ਵਾਲੇ ਜੋਅ ਬਾਈਡਨ ਦੀ ਸਾਖ ਘਟਦੀ ਜਾ ਰਹੀ ਹੈ।
ਆਪਣੀ ਚੋਣ ਮੁਹਿੰਮ ਦੌਰਾਨ ਡੌਨਲਡ ਟਰੰਪ ਨੇ ਦਰਾਮਦ ਸਾਮਾਨ ’ਤੇ 10 ਫ਼ੀਸਦੀ ਵਾਧੂ ਦਰਾਮਦ ਟੈਕਸ ਲਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ’ਚ ਇਲੈਕਟ੍ਰੌਨਿਕਸ, ਸਟੀਲ ਅਤੇ ਫ਼ਾਰਮਾਸਿਊਟੀਕਲ ਸ਼ਾਮਿਲ ਹਨ। ਇਹ ਸਾਰੀਆਂ ਵਸਤੂਆਂ ਚੀਨ ਤੋਂ ਦਰਾਮਦ ਕੀਤੀਆਂ ਜਾਂਦੀਆਂ ਹਨ, ਇਸ ਲਈ ਇਹ ਸਾਫ਼ ਹੈ ਕਿ ਟਰੰਪ ਦੇ ਨਿਸ਼ਾਨੇ ’ਤੇ ਸਿਰਫ਼ ਚੀਨ ਹੀ ਹੈ। ਇਸ ਦੇ ਨਾਲ ਹੀ ਉਸ ਨੇ ਊਰਜਾ ਤਕਨਾਲੋਜੀ ਅਤੇ ਖੇਤੀਬਾੜੀ ਖੇਤਰ ’ਚ ਚੀਨੀ ਕੰਪਨੀਆਂ ਦੁਆਰਾ ਟੇਕ-ਓਵਰ-ਬੋਲੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਵੀ ਕੀਤਾ ਹੈ।
ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਜ਼ਿਆਦਾਤਰ (ਲਗਭਗ ਸਾਰੇ) ਅਮਰੀਕੀ ਹੁਣ ਚੀਨ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਨਾ ਕਿ ਰੂਸ ਨੂੰ, ਇਸ ਲਈ ਟਰੰਪ ਦੁਆਰਾ ਚੀਨ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਵਾਲੀਆਂ ਪਾਬੰਦੀਆਂ ਦਾ ਐਲਾਨ ਅਮਰੀਕੀ ਵੋਟਰਾਂ ਦੇ ਇੱਕ ਵੱਡੇ ਹਿੱਸੇ ਨੂੰ ਟਰੰਪ ਵੱਲ ਝੁਕਾ ਰਿਹਾ ਹੈ।
ਟਰੰਪ ਦੀ ਦੇਸ਼ ਨਿਕਾਲੇ ਦੀ ਯੋਜਨਾ ਵੀ ਅਮਰੀਕਾ ਆਉਣ ਦੇ ਇੱਛੁਕ ਪਰਵਾਸੀਆਂ ਲਈ ਇੱਕ ਝਟਕਾ ਹੈ। ਅਮਰੀਕੀ ਮੰਨਦੇ ਹਨ ਕਿ ਗ਼ੈਰ-ਕਾਨੂੰਨੀ ਵਿਦੇਸ਼ੀ ਲੋਕ ਅਮਰੀਕੀਆਂ ਦੀ ਰੋਜ਼ੀ-ਰੋਟੀ ਖੋਹ ਲੈਂਦੇ ਹਨ। ਇਸ ਲਈ ਅਮਰੀਕੀਆਂ ਨੂੰ ਟਰੰਪ ਦੀ ਦੇਸ਼ ਨਿਕਾਲੇ ਦੀ ਯੋਜਨਾ ਦਾ ਫ਼ਾਇਦਾ ਹੋਵੇਗਾ। ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣਾਂ ’ਚ ਰੂਸ-ਯੂਕ੍ਰੇਨ ਯੁੱਧ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ, “ਜੇਕਰ ਮੈਂ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਗਿਆ ਤਾਂ ਉਹ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਸ ਜੰਗ ਨੂੰ ਰੋਕ ਦੇਵਾਂਗਾ। ਉਨ੍ਹਾਂ ਕਿਹਾ ਕਿ ਮੇਰਾ ਏਜੰਡਾ ਯੂਕ੍ਰੇਨ ਨੂੰ ਅਮਰੀਕੀ ਧਨ ਦੇ ਬੇਅੰਤ ਪ੍ਰਵਾਹ ਨੂੰ ਖ਼ਤਮ ਕਰਨਾ ਹੈ ਅਤੇ ਯੌਰਪੀ ਦੇਸ਼ਾਂ ਨੂੰ ਦੱਸਣਾ ਹੈ ਕਿ ਉਹ ਯੂਕ੍ਰੇਨ ਨੂੰ ਦਿੱਤੇ ਉਸ ਪੈਸੇ ਦੀ ਭਰਪਾਈ ਕਰਨ ਜੋ ਅਮਰੀਕ ਨੇ ਆਪਣੇ ਭੰਡਾਰਾਂ ’ਚੋਂ ਉਸ ਦੇਸ਼ ਨੂੰ ਦਿੱਤਾ ਹੈ।
ਟਰੰਪ ਨੇ ਸ਼ਿਕਾਗੋ ਤੋਂ ਮਾਫ਼ੀਆ ਅਤੇ ਠੱਗਾਂ, ਜੋ ਕਿ ਅਮਰੀਕਾ ਦੇ ਮਾਫ਼ੀਆ ਹੈੱਡਕੁਆਰਟਰ ਵਜੋਂ ਬਦਨਾਮ ਹੋ ਗਿਐ, ਨੂੰ ਖ਼ਤਮ ਕਰਨ ਲਈ ਨੈਸ਼ਨਲ ਗਾਰਡ ਭੇਜਣ ਦਾ ਵਾਅਦਾ ਕੀਤਾ। ਔਬਜ਼ਰਵਰਾਂ ਦਾ ਮੰਨਣਾ ਹੈ ਕਿ 2024 ਦੀਆਂ ਚੋਣਾਂ ’ਚ ਟਰੰਪ ਦੀ ਜਿੱਤ ਲਗਭਗ ਤੈਅ ਹੈ।
