BollywoodArticlesBreaking NewsLatest NewsPunjabPollywood

ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟਾ ਨੂੰ ‘ਸ਼ਹੀਦ’ ਕਹਿਕੇ ਪਰਿਵਾਰ ਲਈ ਮੰਗਿਆ ਇਨਸਾਫ਼

ਦਿਲਜੀਤ ਦੋਸਾਂਝ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ।

ਚੰਡੀਗੜ੍ਹ – ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ‘ਸ਼ਹੀਦ’ ਕਿਹਾ ਹੈ। ਉਨ੍ਹਾਂ ਨੇ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ’ਤੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਪੰਜਾਬ ਪਰਿਵਾਰ ਦੇ ਨਾਲ ਹੈ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਕਥਿਤ ਗ਼ੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਸਨ। 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਰਿਪੋਰਟਾਂ ਮੁਤਾਬਕ, ਝੋਟਾ ਵੱਲੋਂ ਇੱਕ ਬਜ਼ੁਰਗ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਬਾਰੇ ਸਵਾਲ ਪੁੱਛਣ ਤੋਂ ਬਾਅਦ ਇਹ ਘਟਨਾ ਵਾਪਰੀ। ਘਟਨਾ ਸਮੇਂ ਝੋਟਾ ਫੇਸਬੁੱਕ ’ਤੇ ਲਾਈਵ ਸਨ। ਇਸ ਮਾਮਲੇ ਵਿੱਚ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਮਾਨਸਾ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਉਹ ਇਨਸਾਫ਼ ਮਿਲਣ ਤੱਕ ਅੰਤਿਮ ਸਸਕਾਰ ਨਾ ਕਰਨ ’ਤੇ ਅੜੇ ਹੋਏ ਹਨ। ਇਸ ਕਾਰਨ ਪੋਸਟਮਾਰਟਮ ਅਤੇ ਸਸਕਾਰ ਦੀ ਕਾਰਵਾਈ ਵੀ ਰੁਕੀ ਹੋਈ ਹੈ। ਸਾਂਝੀ ਐਕਸ਼ਨ ਕਮੇਟੀ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ਿਆਂ ਸਮੇਤ ਕਈ ਮੰਗਾਂ ਰੱਖੀਆਂ ਹਨ।

ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਰੋਸ ਦੇ ਮੱਦੇਨਜ਼ਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੀ ਨਵੀਂ ਫ਼ਿਲਮ ‘ਥਾਪੀ’ ਦੀ ਪ੍ਰਦਰਸ਼ਨੀ ਫ਼ਿਲਹਾਲ ਰੋਕਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ਿਲਮ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਨੀਰੂ ਬਾਜਵਾ ਨੇ ਫੇਸਬੁੱਕ ’ਤੇ ਲਿਖਿਆ ਕਿ ਉਹ ਅੱਜ ਜੋ ਵੀ ਹਨ, ਪੰਜਾਬ ਅਤੇ ਪੰਜਾਬੀਅਤ ਕਰਕੇ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਬਣਾਉਣ ਦਾ ਮਕਸਦ ਪੰਜਾਬ ਦੇ ਖੇਤਾਂ ਵਿੱਚ ਮੁੜ ਰੌਣਕ ਲਿਆਉਣਾ ਸੀ। ਉਨ੍ਹਾਂ ਕਿਹਾ, “ਸਿਨੇਮਾ ਲੋਕਾਂ ਲਈ ਹੈ। ਇਹ ਕਦੇ ਵੀ ਲੋਕਾਂ ਤੋਂ ਵੱਡਾ ਨਹੀਂ ਹੋ ਸਕਦਾ।” ਨੀਰੂ ਬਾਜਵਾ ਨੇ ਇਹ ਵੀ ਕਿਹਾ ਕਿ ਉਹ ਹਰ ਹਾਲਤ ਵਿੱਚ ਪੰਜਾਬ ਦੇ ਨਾਲ ਖੜ੍ਹੇ ਹਨ ਅਤੇ ਅੱਗੇ ਵੀ ਖੜ੍ਹੇ ਰਹਿਣਗੇ।

ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਮਾਨਸਾ ਵਿੱਚ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਪਰਵਿੰਦਰ ਸਿੰਘ ਝੋਟਾ ਦੀ ਸ਼ਲਾਘਾ ਕੀਤੀ।ਪਰਵਿੰਦਰ ਝੋਟੇ ਦੇ ਹੱਕ ‘ਚ ਮਾਨਸਾ ਧਰਨੇ ‘ਤੇ ਪੁੱਜੇ ਬੱਬੂ ਮਾਨ ਨੇ ਕਿਹਾ ਕਿ ਪਰਵਿੰਦਰ ਝੋਟੇ ਵਰਗੇ ਦ੍ਰਿੜ ਸੰਕਲਪ ਵਾਲੇ ਬਹੁਤ ਘੱਟ ਮਿਲਦੇ ਹਨ, ਇਹ ਲੜਾਈ ਸਿਰਫ ਪਰਵਿੰਦਰ ਝੋਟੇ ਦੀ ਨਹੀਂ ਬਲਕਿ ਸਾਰੇ ਪਿੰਡਾਂ ਦੇ ਸਭ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਅੰਦੋਲਨ 4-5 ਸਾਲ ਪਹਿਲਾ ਸ਼ੁਰੂ ਹੋ ਜਾਂਦਾ ਤਾਂ ਅੱਜ ਝੋਟਾ ਨਾ ਜਾਂਦਾ। ਬੱਬੂ ਮਾਨ ਨੇ ਕਿਹਾ ਕਿ ਝੋਟੇ ਨੂੰ ਅਸਲੀ ਸ਼ਰਧਾਂਜਲੀ ਹੀ ਹੋਵੇਗੀ ਕਿ ਜੋ ਲੋਕ ਵੀ ਨਸ਼ਾ ਕਰਦੇ ਨੇ ਉਹ ਨਸ਼ਾ ਛੱਡ ਦੇਣ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।

ਪੰਜਾਬੀ ਗਾਇਕ ਰਣਜੀਤ ਬਾਵਾ ਵੀ ਬੀਤੇ ਦਿਨ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਲਗਾਏ ਹੋਏ ਮੋਰਚੇ ‘ਤੇ ਪਹੁੰਚੇ ਅਤੇ ਝੋਟੇ ਦੇ ਪਰਿਵਾਰ ਦੇ ਹੱਕ ‘ਚ ਨਿਤਰੇ। ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਬਾਵਾ ਨੇ ਕਿਹਾ ਕਿ ਉਹ ਪੰਜਾਬ ਦੇ ਲਈ ਜਿੱਥੇ ਕਹੋਗੇ ਉਥੇ ਖੜ੍ਹੇ ਹਨ, ਉਨ੍ਹਾਂ ਕਿਹਾ ਕਿ ਉਹ ਕਿਸੇ ਸਰਕਾਰ ਦੇ ਲਿਹਾਜ਼ ‘ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਕਲਾਕਾਰ ਹਨ ਤੇ ਉਹ ਲੋਕਾਂ ਲਈ ਗਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਮੇਰਾ ਕਿਸੇ ਸਰਕਾਰ ਨਾਲ ਕੋਈ ਲਿਹਾਜ਼ ਹੁੰਦਾ ਤਾਂ ਉਹ ਇੱਥੇ ਨਾ ਆਉਂਦੇ। ਉਨ੍ਹਾਂ ਝੋਟੇ ਦੇ ਪਿਤਾ ਨਾਲ ਗੱਲ ਕਰਕੇ ਕਿਹਾ ਕਿ ਉਹ ਹਰ ਪੱਖੋਂ ਝੋਟੇ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਇਨਸਾਫ ਮਿਲਣ ਤੱਕ ਉਨ੍ਹਾਂ ਨੂੰ ਪੂਰਾ ਸਾਥ ਦੇਣਗੇ।

ਮਾਨਸਾ ਧਰਨੇ ਵਾਲੀ ਥਾਂ ‘ਤੇ ਪਹੁੰਚੇ ਪੰਜਾਬੀ ਗਾਇਕ ਜੀ ਖਾਨ ਨੇ ਕਿਹਾ ਕਿ ਉਹ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ , ਉਹ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਹਾਜ਼ਿਰ ਹੋਵਾਂਗਾ। ਉਨ੍ਹਾਂ ਸਭ ਕਲਾਕਾਰਾਂ ਨੂੰ ਮੋਰਚੇ ‘ਤੇ ਆ ਕੇ ਝੋਟੇ ਦੇ ਪਰਿਵਾਰ ਨਾਲ ਖੜਨ ਦੀ ਅਪੀਲ ਕੀਤੀ।

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਗਾਤਾਰ ਤੇਜ਼ ਹੋ ਰਹੀ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਸਰਕਾਰ ਦੀ ਅਗਲੀ ਕਾਰਵਾਈ ਅਤੇ ਪਰਿਵਾਰ ਦੀਆਂ ਮੰਗਾਂ ’ਤੇ ਹਨ।

Related posts

ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਦੇ ਖੇਤਾ ਚੋ ਪਾਕਿਸਤਾਨੀ ਡੋ੍ਨ ਬਰਾਮਦ:

Bunty

‘2026 ਮਸਜਿਦ ਓਪਨ ਡੇ’ ਨਫ਼ਰਤ ਨੂੰ ਖ਼ਤਮ ਕਰਕੇ ਆਪਸੀ ਸਮਝ ਵਧਾਵੇਗਾ – ਇੰਗ੍ਰਿਡ ਸਟਿੱਟ

admin

ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕੈਪਟਨ ਸਰਗਰਮ

admin