ਬਾਲੀਵੁੱਡ ਐਕਟਰ ਸਾਕਿਬ ਸਲੀਮ ਦੀ ਇਨ੍ਹੀਂ ਦਿਨੀਂ ਆਪਣੀ ਰਿਲੀਜ਼ ਹੋਈ ‘83’ ਨੂੰ ਅਤੇ ਫਿਲਮ ਵਿੱਚ ਉਸ ਦੀ ਅਦਾਕਾਰੀ ਨੂੰ ਖੂਬ ਪ੍ਰਸ਼ੰਸਾ ਮਿਲ ਰਹੀ ਹੈ। ਫਿਲਮ 1983 ਕ੍ਰਿਕਟ ਵਰਲਡ ਕੱਪ ਵਿੱਚ ਟੀਮ ਇੰਡੀਆ ਦੀ ਜਿੱਤ ਅਤੇ ਇਸ ਦੇ ਹੀਰੋਜ਼ ਦੀ ਕਹਾਣੀ ਉੱਤੇ ਆਧਾਰਤ ਹੈ। ਸਾਕਿਬ ਨੇ ਫਿਲਮ ਵਿੱਚ ਮਸ਼ਹੂਰ ਕ੍ਰਿਕਟਰ ਮਹਿੰਦਰ ਅਮਰਨਾਥ ਦਾ ਕਿਰਦਾਰ ਨਿਭਾਇਆ ਹੈ। ਉਸ ਨੇ ਗੱਲਬਾਤ ਵਿੱਚ ਇਸ ਫਿਲਮ ਦੇ ਅਨੁਭਵ ਤੇ ਇਸ ਨੂੰ ਮਿਲੀ ਪ੍ਰਸ਼ੰਸਾ ਦੇ ਨਾਲ ਬਾਕਸ ਆਫਿਸ ਉੱਤੇ ਫਿੱਕੇ ਕਲੈਕਸ਼ਨ ਦੀ ਵੀ ਗੱਲਬਾਤ ਕੀਤੀ। ਉਸ ਦਾ ਕਹਿਣਾ ਹੈ ਕਿ ਲੋਕਾਂ ਨੇ ‘83’ ਨੂੰ ਜੋ ਪਿਆਰ ਦਿੱਤਾ ਹੈ, ਉਹ ਬਾਕਸ ਆਫਿਸ ਦੀ ਕਮਾਈ ਤੋਂ ਪਰੇ ਹੈ। ਪੇਸ਼ ਹਨ ਸਾਕਿਬ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : * ਫਿਲਮ ‘83’ ਅਤੇ ਤੁਹਾਡੀ ਸਾਰਿਆਂ ਦੀ ਐਕਟਿੰਗ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਤੁਹਾਨੂੰ ਖੁਦ ਮਹਿੰਦਰ ਅਮਰਨਾਥ ਨੇ ਆਪਣਾ ਰੁਮਾਲ ਗਿਫਟ ਕਰ ਦਿੱਤਾ। ਕਿਸ ਤਰ੍ਹਾਂ ਦਾ ਅਨੁਭਵ ਰਿਹਾ?
– ਸੱਚ ਕਹਾਂ ਤਾਂ ਜਿਮੀ ਸਰ (ਮਹਿੰਦਰ ਅਮਰਨਾਥ) ਨੇ ਉਹ ਜੋ ਲਾਲ ਰੁਮਾਲ ਮੈਨੂੰ ਦਿੱਤਾ, ਉਸ ਤੋਂ ਵੱਡਾ ਕੋਈ ਐਵਾਰਡ ਮੇਰੇ ਲਈ ਨਹੀਂ ਹੋ ਸਕਦਾ। ਮੈਂ ਬਹੁਤ ਨਰਵਸ ਸੀ ਕਿ ਜਦ ਉਹ ਫਿਲਮ ਦੇਖਣਗੇ ਤਾਂ ਉਨ੍ਹਾਂ ਨੂੰ ਕਿੱਦਾਂ ਲੱਗੇਗਾ, ਕਿਉਂਕਿ ਮੈਂ ਉਨ੍ਹਾਂ ਦਾ ਰੋਲ ਕਰ ਰਿਹਾ ਹਾਂ। ਮੇਰਾ ਦਿਲ ਮੇਰੇ ਮੂੰਹ ਵਿੱਚ ਸੀ, ਜਦ ਉਹ ਫਿਲਮ ਦੇਖ ਰਹੇ ਸਨ। ਜਦ ਫਿਲਮ ਖਤਮ ਹੋਈ ਤਾਂ ਮੈਂ ਉਨ੍ਹਾਂ ਕੋਲ ਗਿਆ, ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚ ਅੱਥਰੂ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਪਲੀਜ਼ ਮੈਨੂੰ ਮੁਆਫ ਕਰ ਦਿਓ, ਜੇ ਮੈਂ ਕੁਝ ਗਲਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤੂੰ ਪਾਗਲ ਏਂ ਅਤੇ ਉਨ੍ਹਾਂ ਨੇ ਉਹ ਲਾਲ ਰੁਮਾਲ ਕੱਢ ਕੇ ਮੇਰੇ ਜੇਬ ਵਿੱਚ ਪਾ ਦਿੱਤਾ ਅਤੇ ਕਿਹਾ ਕਿ ਅੱਜ ਤੂੰ ਮੈਨੂੰ ਦਸ ਸਾਲ ਜਵਾਨ ਕਰ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਕੋਈ ਐਵਾਰਡ ਮੈਨੂੰ ਉਹ ਫੀਲਿੰਗ ਦੇ ਸਕੇਗਾ, ਜੋ ਉਸ ਦਿਨ ਮੈਨੂੰ ਮਹਿਸੂਸ ਹੋਇਆ। ਇੱਕ ਐਕਟਰ ਦੇ ਤੌਰ ਉੱਤੇ ਮੈਨੂੰ ਇੰਨੀ ਖੁਸ਼ੀ ਕਦੇ ਨਹੀਂ ਹੋਈ।
* ਤੁਸਾਂ ਦੱਸਿਆ ਸੀ ਕਿ ਇਹ ਰੋਲ ਕਰਨ ਦੀ ਇੱਕ ਵੱਡੀ ਵਜ੍ਹਾ ਇਹ ਵੀ ਸੀ ਕਿ ਮਹਿੰਦਰ ਅਮਰਨਾਥ ਤੁਹਾਡੇ ਪਾਪਾ ਦੇ ਫੇਵਰੇਟ ਕ੍ਰਿਕਟਰ ਹਨ। ਤੁਹਾਡੇ ਪਾਪਾ ਦੀ ਕੀ ਪ੍ਰਤੀਕਿਰਿਆ ਰਹੀ?
– ਮੇਰੇ ਪੂਰੇ ਪਰਵਾਰ ਲਈ ਇਹ ਬਹੁਤ ਭਾਵੁਕ ਪਲ ਸੀ, ਕਿਉਂਕਿ ਬਚਪਨ ਤੋਂ ਮੇਰਾ ਸਿਰਫ ਇੱਕ ਹੀ ਸੁਫਨਾ ਸੀ, ਦੇਸ਼ ਲਈ ਕ੍ਰਿਕਟ ਖੇਡਣਾ। ਉਹ ਅਧੂਰਾ ਰਹਿ ਗਿਆ। ਮੈਨੂੰ ਯਾਦ ਹੈ ਕਿ ਮੇਰੀ ਮਾਂ ਮੈਨੂੰ ਰੋਜ਼ ਪ੍ਰੈਕਟਿਸ ਲਈ ਲੈ ਕੇ ਜਾਂਦੀ ਸੀ। ਤੁਸੀਂ ਸਹੀ ਕਿਹਾ, ਮਹਿੰਦਰ ਅਮਰਨਾਥ ਮੇਰੇ ਪਾਪਾ ਦੇ ਫੇਵਰੇਟ ਕ੍ਰਿਕਟਰ ਸਨ। ਉਨ੍ਹਾਂ ਨੂੰ ‘83’ ਵਰਲਡ ਕੱਪ ਪੂਰਾ ਯਾਦ ਹੈ। ਉਨ੍ਹਾਂ ਦੱਸਿਆ ਕਿ ਉਹ ਰੇਡੀਓ ਉੱਤੇ ਸੁਣਦੇ ਸਨ। ਤਦ ਟੀ ਵੀ ਨਹੀਂ ਸੀ। ਸਭ ਲਈ ਬਹੁਤ ਇਮੋਸ਼ਨਲ ਮੌਕਾ ਸੀ। ਸਾਰਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਮੈਨੂੰ ਯਾਦ ਹੈ ਕਿ ਮੇਰੇ ਪਾਪਾ ਨੇ ਇਸ ਤੋਂ ਜ਼ਿਆਦਾ ਜ਼ੋਰ ਨਾਲ ਮੈਨੂੰ ਕਦੇ ਗਲੇ ਲਾਇਆ ਹੋਵੇਗਾ।
* ਫਿਲਮ ਨੂੰ ਲੋਕਾਂ ਦੀ ਕਾਫੀ ਪ੍ਰਸ਼ੰਸਾ ਮਿਲੀ ਹੈ, ਪਰ ਬਾਕਸ ਆਫਿਸ ਕਲੈਕਸ਼ਨ ਉਮੀਦ ਮੁਤਾਬਕ ਨਹੀਂ ਰਹੇ। ਇਸ ਤੋਂ ਤੁਹਾਨੂੰ ਨਿਰਾਸ਼ਾ ਹੋਈ?
-ਮੈਂ ਤੁਹਾਨੂੰ ਇੱਕ ਚੀਜ਼ ਇਮਾਨਦਾਰੀ ਨਾਲ ਦੱਸਦਾ ਹਾਂ। ਇਹ ਅਜਿਹੀਆਂ ਚੀਜ਼ਾਂ ਹਨ, ਜੋ ਸਾਡੇ ਕੰਟਰੋਲ ਤੋਂ ਬਾਹਰ ਹਨ। ਜਿਵੇਂ ਮਹਾਮਾਰੀ ਚੱਲ ਰਹੀ ਹੈ, ਉਸ ਦਾ ਕੁਝ ਅਸਰ ਹੁੰਦਾ ਹੈ। ਅਸੀਂ ਸਭ ਉਸ ਵਿੱਚੋਂ ਲੰਘ ਰਹੇ ਹਾਂ, ਪ੍ਰੰਤੂ ਇਹ ਫਿਲਮ ਨੰਬਰਾਂ ਤੋਂ ਪਰੇ ਹੈ। ਇਹ ਫਿਲਮ ਇੱਕ ਅਹਿਸਾਸ ਹੈ। ਇਹ ਜਸ਼ਨ ਹੈ ਉਸ ਪ੍ਰਾਪਤੀ ਦਾ, ਜਦ ਪਹਿਲੀ ਵਾਰ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਉੱਤੇ ਆਇਆ ਸੀ। ਜਦ ਅਸੀਂ ਪਹਿਲੀ ਵਾਰ ਚੈਂਪੀਅਨ ਬਣੇ ਤਾਂ ਇਹ ਫਿਲਮ ਅੰਕੜਿਆਂ ਤੋਂ ਪਰੇ ਹੈ। ਮੈਂ ਪਿਛਲੇ 10-12 ਸਾਲਾਂ ਤੋਂ ਇਸ ਇੰਡਸਟਰੀ ਵਿੱਚ ਹਾਂ। ਮੈਂ ਚੰਗਾ ਕੰਮ ਵੀ ਕੀਤਾ ਹੈ, ਥੋੜ੍ਹਾ ਬੇਕਾਰ ਕੰਮ ਵੀ ਕੀਤਾ, ਪ੍ਰੰਤੂ ਇੰਨਾ ਪਿਆਰ, ਇੰਨੀ ਮੁਹੱਬਤ ਮੈਨੂੰ ਕਦੇ ਨਹੀਂ ਮਿਲੀ। ਮੇਰਾ ਮੰਨਣਾ ਹੈ ਕਿ ਇਹ ਫਿਲਮ ਲੋਕਾਂ ਨਾਲ ਕਨੈਕਟ ਕਰ ਗਈ ਹੈ। ਅਜੇ ਹਰ ਜਗ੍ਹਾ ਲਾਕਡਾਊਨ ਲੱਗਦਾ ਹੈ। ਨਾਈਟ ਕਰਫਿਊ ਲੱਗਦੇ ਹਨ ਤਾਂ ਇਸ ਤੋਂ ਯਕੀਨਨ ਬਾਕਸ ਆਫਿਸ ਕਲੈਕਸ਼ਨ ਉੱਤੇ ਫਰਕ ਪਵੇਗਾ, ਪਰ ਇਹ ਫਿਲਮ ਜ਼ਿੰਦਗੀ ਭਰ ਰਹੇਗੀ। ਚਾਹੇ ਇਹ ਓ ਟੀ ਟੀ ਉਤੇ ਆਏ, ਚਾਹੇ ਕਿਤੇ ਵੀ ਆਏ, ਇਸ ਨੂੰ ਓਨਾ ਹੀ ਪਿਆਰ ਮਿਲੇਗਾ। ਅਸੀਂ ਬਾਕਸ ਆਫਿਸ ਵੱਲ ਦੇਖ ਹੀ ਨਹੀਂ ਰਹੇ। ਮੈਂ ਤਾਂ ਬਸ ਲੋਕਾਂ ਦਾ ਪਿਆਰ ਖਟ ਰਿਹਾ ਹਾਂ। ਲੋਕ ਬਹੁਤ ਸਾਰੀਆਂ ਪਾਬੰਦੀਆਂ ਦੇ ਵਿੱਚ ਫਿਲਮ ਦੇਖ ਰਹੇ ਹਨ, ਉਸ ਨੂੰ ਇੰਨਾ ਪਿਆਰ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਸਾਡੀ ਜਿੱਤ ਹੈ।
* ਤੁਹਾਡੀ ਅਗਲੀ ਫਿਲਮ ‘ਕਾਕੁੜਾ’ ਅਤੇ ਬਾਕੀ ਪ੍ਰੋਜੈਕਟਾਂ ਦਾ ਕੀ ਸਟੇਟਸ ਹੈ?
– ਉਸ ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਉਹ ਪੋਸਟ ਪ੍ਰੋਡਕਸ਼ਨ ਵਿੱਚ ਹੈ। ਥੋੜ੍ਹਾ ਵੀ ਐੱਫ ਐਕਸ ਦਾ ਕੰਮ ਹੈ। ਇਹ ਇੱਕ ਹਾਰਰ ਕਾਮੇਡੀ ਹੈ। ਜਲਦੀ ਹੀ ਉਸ ਦੀ ਰਿਲੀਜ ਡੇਟ ਅਨਾਊਂਸ ਹੋ ਜਾਏਗੀ। ਉਸ ਦੇ ਬਾਅਦ ‘ਕ੍ਰੈਕਡਾਊਨ 2’ ਦੀ ਸ਼ੂਟਿੰਗ ਕਰ ਰਿਹਾ ਹਾਂ। ਉਹ ਵੀ ਇਸ ਸਾਲ ਵਿੱਚ ਆ ਜਾਏਗੀ। ਇਸ ਦੇ ਇਲਾਵਾ ਐਮਾਜੋਨ ਪਰਾਈਮ ਲਈ ਵੀ ਇੱਕ ਕੰਮ ਕੀਤਾ ਹੈ, ਜੋ ਜਲਦੀ ਰਿਲੀਜ਼ ਹੋਵੇਗਾ ਤਾਂ ਥੋੜ੍ਹਾ ਬਹੁਤ ਕੰਮ ਕਰ ਰਿਹਾ ਹਾਂ ਤੇ ਕਰਦਾ ਰਹਾਂਗਾ ਕਿਉਂਕਿ ਇਹੀ ਮੈਨੂੰ ਆਉਂਦਾ ਹੈ।
